ਲੋਕਾਂ ਨੇ ਅਵਾਰਾ ਪਸ਼ੂਆਂ ਦੀ ਸੰਭਾਲ ਦਾ ਖ਼ੁਦ ਚੁੱਕਿਆ ਬੀੜਾ: ਤਾਂ ਜੋ ਹਾਦਸੇ ਰੁਕਣ

1108

ਬਠਿੰਡਾ 7 ਸਤੰਬਰ ( ਬਲਵਿੰਦਰ ਸਿੰਘ ਭੁੱਲਰ )

ਅਵਾਰਾ ਪਸ਼ੂਆਂ ਦੀ ਸਮੱਸਿਆ ਪੂਰੇ ਪੰਜਾਬ ਵਿੱਚ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਜਿਥੇ ਇਨ੍ਹਾਂ ਬੇਜੁਬਾਨ ਜਾਨਵਰਾਂ ਦੀਆਂ ਭੁੱਖ ਅਤੇ ਪਿਆਸ ਨਾਲ ਰੋਜਾਨਾਂ ਮੌਤਾਂ ਹੋ ਰਹੀਆਂ ਹਨ ਉਥੇ ਇਹਨਾਂ ਦੀ ਵਜ੍ਹਾ ਨਾਲ ਅਚਾਨਕ ਹੁੰਦੇ ਐਕਸੀਡੈਟਾਂ ਨਾਲ ਕੀਮਤੀ ਜਾਨਾਂ ਅਜਾਈਆਂ ਜਾ ਰਹੀਆਂ ਹਨ। ਭਾਂਵੇ ਜਿਲਾ ਪ੍ਰਸਾਸ਼ਨ ਅਤੇ ਨਗਰ ਨਿਗਮ ਬਠਿੰਡਾ ਵੱਲੋਂ ਸਮੇਂ ਸਮੇਂ ਤੇ ਪ੍ਰਬੰਧ ਕੀਤੇ ਗਏ ਪ੍ਰੰਤੂ ਨਵੇਂ ਪਸ਼ੂ ਆਉਣ ਕਾਰਨ ਸ਼ਹਿਰ ਵਿੱਚ ਇਸ ਸਬੰਧੀ ਕੋਈ ਬਹੁਤਾ ਸੁਧਾਰ ਨਜਰ ਨਹੀ ਆਇਆ? ਵਾਰਡ ਨੰਬਰ 13 ਅਤੇ 14 ਦੇ ਵਸਨੀਕਾਂ ਨੇ ਵਾਰਡ ਦੇ ਕੌਸਲਰ ਸ੍ਰ: ਰਾਜਬਿੰਦਰ ਸਿੰਘ ਸਿੱਧੂ ਐਡਵੋਕੇਟ ਅਤੇ ਸ਼ਹੀਦ ਭਗਤ ਸਿੰਘ ਸੱਭਿਆਚਾਰਕ ਕਲੱਬ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਪ੍ਰਸਾਸ਼ਨ ਨੂੰ ਬਿਨ੍ਹਾ ਉਡੀਕਿਆ ਆਪਣੇ ਪੱਧਰ ਤੇ ਇਲਾਕੇ ਵਿੱਚੋਂ ਫੰਡ ਇੱਕਠਾ ਕਰਕੇ, 361 ਅਵਾਰਾ ਪਸ਼ੂਆਂ ਨੂੰ ਫੜ੍ਹਕੇ ਸਥਾਨਕ ਡੇਰਾ ਰੂੰਮੀ ਵਾਲਾ ਦੀ ਰਹੁਨਮਾਈ ਹੇਠ ਚੱਲ ਰਹੀ ਗਊਸਾਲਾ ਵਿੱਚ ਭੇਜਣ ਦਾ ਕਾਰਜ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਰੋਜਾਨਾਂ ਹੋ ਰਹੇ ਹਾਦਸਿਆਂ ਤੋਂ ਚਿੰਤਤ ਹੋ ਕੇ ਦੋਨਾਂ ਵਾਰਡਾਂ ਦੀ ਸਮੁੱਚੀ ਸੰਗਤ ਅਤੇ ਕਲੱਬ ਦੇ ਵੰਲਟੀਅਰਾਂ ਦੇ ਸਹਿਯੋਗ ਨਾਲ ਦੋਨਾਂ ਹੀ ਵਾਰਡਾਂ ਵਿੱਚੋਂ ਫੰਡ ਇੱਕਤਰ ਕਰਕੇ ਰਾਜਸਥਾਨ ਦੇ ਰਹਿਣ ਵਾਲੇ ਕੁੱਝ ਵਿਅਕਤੀਆਂ ਨੂੰ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਵਾਰਾ ਪਸ਼ੂਆਂ ਦੀ ਰੋਕਥਾਮ ਲਈ ‘ਰਾਖਿਆ’ ਵਜੋਂ ਦੋਨਾਂ ਵਾਰਡਾਂ ਦੀ ਹੱਦ ਤੇ ਨਿਯੁਕਤ ਕੀਤਾ ਗਿਆ ਤਾਂ ਜੋ ਦੁਬਾਰਾ ਉਕਤ ਵਾਰਡਾਂ ਵਿਚੋਂ ਅਵਾਰਾ ਪਸ਼ੂਆਂ ਦਾਖਿਲ ਨਾ ਹੋ ਸਕਣ ਤੇ ਇਸਦੀ ਜਿੰਮੇਵਾਰੀ ਉਕਤ ਰਾਖੀ ਰਖੱਣ ਵਾਲੀ ਟੀਮ ਨੂੰ ਦਿੱਤੀ ਗਈ।
ਉਹਨਾਂ ਇਸ ਕਾਰਜ ਵਿੱਚ ਮੇਅਰ ਨਗਰ ਨਿਗਮ ਬਠਿੰਡਾ, ਕਮਿਸ਼ਨਰ ਨਗਰ ਨਿਗਮ, ਐਸ ਈ ਨਗਰ ਨਿਗਮ ਅਤੇ ਸਮੁੱਚੇ ਨਿਗਮ ਅਧਿਕਾਰੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਬਠਿੰਡਾ ਵੈਲਫੇਅਰ ਅਤੇ ਵਿਕਾਸ ਮੰਚ ਦੇ ਪ੍ਰਧਾਨ ਚਮਕੌਰ ਸਿੰਘ ਮਾਨ ਨੇ ਐਡਵੋਕੇਟ ਰਾਜਬਿੰਦਰ ਸਿੰਘ ਸਿੱਧੂ ਪ੍ਰਧਾਨ, ਕਲੱਬ ਦੇ ਅਹੁੱਦੇਦਾਰਾਂ ਅਤੇ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਨਿਗਮ ਪ੍ਰਸਾਸ਼ਨ ਦੇ ਸਹਿਯੋਗ ਨਾਲ ਪੂਰੇ ਸ਼ਹਿਰ ਵਿੱਚ ਲਾਗੂ ਕੀਤਾ ਜਾਵੇ। ਉਹਨਾਂ ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਅਤੇ ਕੌਸਲਰਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਹਿੱਸਾ ਬਣਨ ਤਾਂ ਜੋ ਸ਼ਹਿਰ ਵਿੱਚੋਂ ਅਵਾਰਾ ਪਸ਼ੂਆਂ ਦੀ ਸੇਵਾ ਸੰਭਾਲ ਦਾ ਪੱਕਾ ਪ੍ਰਬੰਧ ਕੀਤਾ ਜਾ ਸਕੇ ਅਤੇ ਬਠਿੰਡਾ ਸ਼ਹਿਰ ਨੂੰ ਹਾਦਸਾ
ਮੁਕਤ ਬਣਾਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

Real Estate