27 ਸਤੰਬਰ ਹੋ ਰਹੇ ਨਾਟਕ ਅਤੇ ਸੰਗੀਤ ਮੇਲੇ ’ਚ ਦਸ ਹਜ਼ਾਰ ਲੋਕ ਸ਼ਾਮਲ ਹੋਣਗੇ: ਪਲਸ ਮੰਚ

8298

ਜਲੰਧਰ: ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ’ਚ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਸੂਬਾ ਕਮੇਟੀ ਦੀ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਫ਼ਿਰਕੂ ਫਾਸ਼ੀ ਹੱਲੇ ਦੇ ਖਿਲਾਫ਼, ਗੁਰਸ਼ਰਨ ਭਾਅ ਜੀ ਅਤੇ ਪ੍ਰੋ। ਅਜਮੇਰ ਸਿੰਘ ਔਲਖ਼ ਦੀ ਯਾਦ ’ਚ ਸੂਬਾਈ ਸਾਲਾਨਾ ਸਮਾਗਮ 27 ਸਤੰਬਰ ਸ਼ਾਮ 7 ਵਜੇ ਤੋਂ ਤੜਕੇ 4 ਵਜੇ ਤੱਕ ਦਾਣਾ ਮੰਡੀ ਬਰਨਾਲਾ ਵਿਖੇ ਕੀਤਾ ਜਾਏਗਾ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪ੍ਰੈਸ ਨਾਲ ਸਮਾਗਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਨਾਟਕ ਅਤੇ ਗੀਤ-ਸੰਗੀਤ ਮੇਲੇ ਨੂੰ ਪ੍ਰੋ।ਮਨਜੀਤ ਕੌਰ ਔਲਖ, ਡਾ। ਨਵਸ਼ਰਨ ਅਤੇ ਅਮੋਲਕ ਸਿੰਘ ਸੰਬੋਧਨ ਕਰਨਗੇ। ਮੇਲੇ ’ਚ ‘ਹਨੇਰ ਕੋਠੜੀ’, ‘ਸੰਮਾਂ ਵਾਲੀ ਡਾਂਗ’, ‘ਗਾਨੀ’, ‘ਸਾਂਝ’ ਅਤੇ ‘ਕਸ਼ਮੀਰ’ ਨਾਟਕ ਖੇਡੇ ਜਾਣਗੇ। ਲੋਕ ਸੰਗੀਤ ਮੰਡਲੀ ਭਦੌੜ, ਜੀਦਾ, ਧੌਲਾ ਅਤੇ ਕਵੀਸ਼ਰੀ ਜੱਥਾ ਰਸੂਲਪੁਰ ਗੀਤ-ਸੰਗੀਤ ਪੇਸ਼ ਕਰਨਗੇ। ਭਦੌੜ ਅਤੇ ਆਜ਼ਾਦ ਰੰਗ ਮੰਚ ਬਰਨਾਲਾ ਕੋਰਿਓਗਰਾਫ਼ੀਆਂ ਪੇਸ਼ ਕਰੇਗਾ। ਇਸ ਰਾਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਯਾਦ ਕਰਦਿਆਂ ਨਵਾਂ ਸਮਾਜ ਸਿਰਜਣ ਨੂੰ ਪ੍ਰਨਾਏ ਸਭਿਆਚਾਰ ਨੂੰ ਹਰ ਪੱਖੋਂ ਮਜ਼ਬੂਤ ਕਰਨ ਦਾ ਅਹਿਦ ਲਿਆ ਜਾਏਗਾ। ਸੂਬਾ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਲੋਕ ਜੱਥੇਬੰਦੀਆਂ ਦੇ ਨਿੱਗਰ ਸਹਿਯੋਗ ਨਾਲ ਇਸ ਸਭਿਆਚਾਰਕ ਰਾਤ ’ਚ ਕੋਈ 10 ਹਜ਼ਾਰ ਮਰਦ-ਔਰਤਾਂ ਸ਼ਿਰਕਤ ਕਰਨਗੇ।

Real Estate