ਪਿੰਡ ਟੂਸੇ ਦੇ ਦਲਿਤ ਨੌਜਵਾਨ ਦੀ ਹਫ਼ਤਾ ਪਹਿਲਾਂ ਭੇਦ ਭਰੀ ਹਾਲਾਤ ਵਿਚ ਹੋਈ ਮੌਤ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ

1140

ਕਾਹਲੀ ਨਾਲ ਕਰਵਾ ਦਿੱਤਾ ਸੀ ਸਸਕਾਰ, ਪਰਿਵਾਰ ਨੇ ਪਿੰਡ ਦੇ ਸਰਪੰਚ ਸਮੇਤ ਕਈ ਵਿਅਕਤੀਆਂ ਉੱਪਰ ਉਂਗਲ ਉਠਾਈ

ਗੁਰੂਸਰ ਸੁਧਾਰ (ਸੰਤੋਖ ਗਿੱਲ) ਕਬੱਡੀ ਖਿਡਾਰੀ ਪਿੰਡ ਟੂਸੇ ਵਾਸੀ ਦਲਿਤ ਨੌਜਵਾਨ ਜਗਰੂਪ ਸਿੰਘ ਉਰਫ਼ ਕਾਲੀ ਦੀ 28 ਅਗਸਤ ਨੂੰ ਪਿੰਡ ਦੇ ਹੀ ਇੱਕ ਕਿਸਾਨ ਦੇ ਖੇਤ ਵਿਚ ਭੇਦ ਭਰੀ ਹਾਲਾਤ ਵਿਚ ਹੋਈ ਮੌਤ ਦੇ ਗੰਭੀਰ ਮਾਮਲੇ ਦੀ ਜਾਂਚ ਹੁਣ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਦੀ ਵਿਧਵਾ ਮਾਂ ਕਰਮਜੀਤ ਕੌਰ ਵੱਲੋਂ ਆਪਣੇ ਪੁੱਤਰ ਦੇ ਕਤਲ ਦਾ ਸ਼ੱਕ ਜ਼ਾਹਿਰ ਕੀਤੇ ਜਾਣ ‘ਤੇ ਲੁਧਿਆਣਾ ਦਿਹਾਤੀ ਪੁਲਿਸ ਦੇ ਐਸ।ਪੀ ਹੈੱਡ ਕੁਆਟਰ ਜਸਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਉਪ ਪੁਲਿਸ ਕਪਤਾਨ (ਜਾਂਚ) ਦਿਲਬਾਗ ਸਿੰਘ ਬਾਠ ਨੂੰ ਸੌਂਪ ਦਿੱਤੀ ਹੈ ਅਤੇ ਉਨ੍ਹਾਂ ਕਿਹਾ ਕਿ ਤੱਥਾਂ ਦੀ ਪੜਤਾਲ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਧਵਾ ਕਰਮਜੀਤ ਕੌਰ ਵਾਸੀ ਟੂਸੇ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਪਿੰਡ ਦੇ ਕਿਸਾਨ ਵਿਕਰਮਜੀਤ ਸਿੰਘ ਉਰਫ਼ ਵਿਕੀ ਕੋਲ ਉਸ ਦਾ ਪੁੱਤਰ ਕਾਲੀ ਕੰਮ ਕਰਦਾ ਸੀ ਅਤੇ ਉਸ ਕੋਲੋਂ ਮਜ਼ਦੂਰੀ ਦੇ ਪੈਸੇ ਲੈਣੇ ਸਨ। 27 ਅਗਸਤ ਨੂੰ ਵਿਕਰਮਜੀਤ ਸਿੰਘ ਉਰਫ਼ ਵਿਕੀ ਨੇ ਜੱਗਾ ਸਿੰਘ ਪੁੱਤਰ ਵਿਨੋਦ ਸਿੰਘ ਹੱਥ ਸੁਨੇਹਾ ਭੇਜ ਕੇ ਮੇਰੇ ਪੁੱਤਰ ਕਾਲੀ ਨੂੰ ਬੁਲਾਇਆ ਸੀ ਅਤੇ ਪਿੰਡ ਦੇ ਇੱਕ ਹੋਰ ਮੁੰਡੇ ਰਾਜੂ ਪੁੱਤਰ ਪ੍ਰੀਤਮ ਸਿੰਘ ਨੇ ਵੀ ਕਾਲੀ ਨੂੰ ਵਿਕੀ ਦੀ ਮੋਟਰ ‘ਤੇ ਦੇਖਿਆ ਸੀ। ਕਰਮਜੀਤ ਕੌਰ ਨੇ ਦੱਸਿਆ ਕਿ ਜਦੋਂ 28 ਅਗਸਤ ਨੂੰ ਉਹ ਆਪਣੇ ਦੋ ਹੋਰ ਪੁੱਤਰਾਂ ਸਮੇਤ ਰਿਸ਼ਤੇਦਾਰੀ ਵਿਚ ਗਈ ਹੋਈ ਸੀ ਤਾਂ ਵਿਕੀ ਨੇ ਆਪਣੇ ਖੇਤ ਵਿਚ ਮੋਟਰ ‘ਤੇ ਮੇਰੇ ਪੁੱਤਰ ਨੂੰ ਮਾਰ ਮੁਕਾਇਆ ਅਤੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਅਤੇ ਪੰਚ ਬਲਵਿੰਦਰ ਸਿੰਘ ਨਾਲ ਸਾਜ਼ਿਸ਼ ਤਹਿਤ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਕਾਹਲੀ ਨਾਲ ਸਸਕਾਰ ਕਰਨ ਲਈ ਮਜਬੂਰ ਕਰ ਦਿੱਤਾ। ਮ੍ਰਿਤਕ ਕਾਲੀ ਦੇ ਚਚੇਰੇ ਭਰਾ ਸਨੀ ਸਿੰਘ ਨੇ ਕਿਹਾ ਕਿ ਸੁਨੇਹਾ ਮਿਲਣ ‘ਤੇ ਮੈਂ ਹੀ ਸਭ ਤੋਂ ਪਹਿਲਾਂ ਮੋਟਰ ‘ਤੇ ਜਾ ਕੇ ਕਾਲੀ ਦੀ ਲਾਸ਼ ਦੇਖੀ ਸੀ। ਜਿਸ ਉੱਪਰ ਸੱਟਾਂ ਦੇ ਅਨੇਕਾਂ ਨਿਸ਼ਾਨ ਸਨ, ਮੂੰਹ ਵਿਚੋਂ ਖ਼ੂਨ ਵਗਦਾ ਸੀ ਅਤੇ ਜੀਭ ਬਾਹਰ ਖਿੱਚੀ ਹੋਈ ਸੀ। ਸਨੀ ਨੇ ਇਹ ਵੀ ਦੋਸ਼ ਲਾਇਆ ਕਿ ਸਰਪੰਚ ਪਰਮਜੀਤ ਸਿੰਘ, ਪੰਚ ਬਲਵਿੰਦਰ ਸਿੰਘ ਅਤੇ ਵਿਕੀ ਨੇ ਹੀ ਡਰਾਇਆ ਸੀ ਕਿ ਪੁਲਿਸ ਪਰਿਵਾਰ ਉੱਪਰ ਹੀ ਕੇਸ ਦਰਜ ਕਰੇਗੀ। ਉਨ੍ਹਾਂ ਨੇ ਹੀ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਸਸਕਾਰ ਕਰਨ ਲਈ ਜ਼ੋਰ ਪਾਇਆ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਮੈਂ ਇਸ ਸਬੰਧੀ ਥਾਣਾ ਸੁਧਾਰ ਵਿਚ ਸ਼ਿਕਾਇਤ ਦਰਜ ਕਰਵਾਈ ਤਾਂ ਥਾਣੇਦਾਰ ਸੁਖਵਿੰਦਰ ਸਿੰਘ ਨੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਹੀ ਡਰਾਇਆ ਧਮਕਾਇਆ ਸੀ। ਇਸ ਸਬੰਧੀ ਸਰਪੰਚ ਪਰਮਜੀਤ ਸਿੰਘ ਨੇ ਸੰਪਰਕ ਕਰਨ ‘ਤੇ ਕਿਹਾ ਕਿ ਪਿੰਡ ਦੀ ਪਾਰਟੀ ਬਾਜ਼ੀ ਕਾਰਨ ਸਾਬਕਾ ਅਕਾਲੀ ਸਰਪੰਚ ਪਰਿਵਾਰ ਨੂੰ ਉਕਸਾ ਕੇ ਝੂਠੀਆਂ ਸ਼ਿਕਾਇਤਾਂ ਕਰਵਾ ਰਿਹਾ ਹੈ ਅਤੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ। ਥਾਣੇਦਾਰ ਸੁਖਵਿੰਦਰ ਸਿੰਘ ਨੇ ਵੀ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਮੁੱਖ ਅਫ਼ਸਰ ਅਜਾਇਬ ਸਿੰਘ ਸਮੇਤ ਸ਼ਿਕਾਇਤ ਮਿਲਣ ਬਾਅਦ ਪਿੰਡ ਮੌਕਾ ਦੇਖਣ ਜ਼ਰੂਰ ਗਏ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਕਿਸੇ ਨੂੰ ਡਰਾਇਆ ਧਮਕਾਇਆ ਨਹੀਂ ਹੈ।

Real Estate