ਬਟਾਲਾ ਫੈਕਟਰੀ ‘ਚ ਧਮਾਕੇ ਦੌਰਾਨ ਮਾਲਕ ਦੇ ਵੀ 7 ਪਰਿਵਾਰਿਕ ਮੈਂਬਰਾਂ ਦੀ ਮੌਤ

1445

ਬਟਾਲਾ ਵਿੱਚ ਫ਼ੈਕਟਰੀ ’ਚ ਹੋਏ ਧਮਾਕੇ ਦੌਰਾਨ ਹੋਈਆਂ 24 ਮੌਤਾਂ ਨਾਲ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ 7 ਜਣੇ ਫੈਕਟਰੀ ਮਾਲਕ ਦੇ ਪਰਿਵਾਰਕ ਮੈਂਬਰ ਸਨ। ਇਹ ਪਹਿਲਾ ਮੌਕਾ ਨਹੀਂ ਸੀ, ਜਦੋਂ ਇਸ ਫ਼ੈਕਟਰੀ ’ਚ ਧਮਾਕਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇਸੇ ਫ਼ੈਕਟਰੀ ਵਿੱਚ ਜਨਵਰੀ 2017 ਦੌਰਾਨ ਧਮਾਕਾ ਹੋਇਆ ਸੀ। ਉਸ ਧਮਾਕੇ ਵਿੱਚ ਇੱਕ ਬਿਹਾਰੀ ਮਜ਼ਦੂਰ ਅਭਿਸ਼ੇਕ ਪੁੱਤਰ ਮੁੰਨਾ 90 ਫ਼ੀ ਸਦੀ ਝੁਲਸ ਗਿਆ ਸੀ। ਇਹ ਪਟਾਕਾ ਫ਼ੈਕਟਰੀ ਕਈ ਸਾਲਾਂ ਤੋਂ ਰਿਹਾਇਸ਼ੀ ਇਲਾਕੇ ਵਿੱਚ ਚੱਲਦੀ ਰਹੀ ਹੈ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦੇਣ ਤੋਂ ਬਾਅਦ ਫ਼ੈਕਟਰੀ ਨੂੰ ਇੱਥੋਂ ਕਿਤੇ ਹੋਰ ਮੁੜ–ਵਸਾਉਣ ਲਈ ਕੁਝ ਨਹੀਂ ਕੀਤਾ ਗਿਆ। ਜੇ ਕਿਤੇ ਪ੍ਰਸ਼ਾਸਨ ਵੇਲੇ ਸਿਰ ਕਾਰਵਾਈ ਕਰ ਕੇ ਇਸ ਫ਼ੈਕਟਰੀ ਨੂੰ ਰਿਹਾਇਸ਼ੀ ਇਲਾਕੇ ਵਿੱਚੋਂ ਹਟਵਾ ਕੇ ਕਿਤੇ ਹੋਰ ਮੁੜ–ਵਸਾ ਦਿੰਦਾ, ਤਾਂ ਸ਼ਾਇਦ ਇੰਨਾ ਨੁਕਸਾਨ ਨਾ ਹੁੰਦਾ। ਜਿਸ ਰਿਹਾਇਸ਼ੀ ਇਲਾਕੇ ਵਿੱਚ ਇਹ ਫ਼ੈਕਟਰੀ ਸੀ, ਉਸੇ ਸੜਕ ਉੱਤੇ ਲਾਗੇ ਹੀ ਸੇਂਟ ਫ਼ਰਾਂਸਿਸ ਕਾਨਵੈਂਟ ਸਕੂਲ ਹੈ। ਛੁੱਟੀ ਤੋਂ ਬਾਅਦ ਇਹ ਸੜਕ ਬੱਚਿਆਂ ਨਾਲ ਭਰੀ ਰਹਿੰਦੀ ਹੈ। ਬੱਚਿਆਂ ਦੀ ਛੁੱਟੀ ਲਗਭਗ 2 ਕੁ ਵਜੇ ਹੋ ਜਾਂਦੀ ਹੈ। ਧਮਾਕਾ ਸ਼ਾਮੀਂ ਚਾਰ ਕੁ ਵਜੇ ਹੋਇਆ ਤੇ ਜੇ ਕਿਤੇ ਇਹ ਧਮਾਕਾ ਦੁਪਹਿਰੇ ਹੁੰਦਾ, ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ। ਪੁਲਿਸ ਨੇ ਇਸ ਧਮਾਕੇ ਸਬੰਧੀ FIR ਦਰਜ ਕਰ ਲਈ ਹੈ।

Real Estate