ਬਟਾਲਾ ਦੇ ਪਟਾਕਾ ਫ਼ੈਕਟਰੀ ਚ ਧਮਾਕਾ ਕਾਂਡ ‘ਚ ਮਰਨ ਵਾਲਿਆਂ ਦੀ ਗਿਣਤੀ 23 ਹੋਈ

913

ਗੁਰਦਾਸਪੁਰ ਦੇ ਬਟਾਲਾ ਵਿਖੇ ਬੁੱਧਵਾਰ ਨੂੰ ਇਕ ਪਟਾਕਾ ਫ਼ੈਕਟਰੀ ਚ ਧਮਾਕੇ ਦੌਰਾਨ ਗੁਰਦਾਸਪੁਰ ਦੇ ਡੀਪੀਆਰਓ ਕਮਲਜੀਤ ਸਿੰਘ ਕਲਸੀ ਨੇ 23 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ । ਕਈ ਲੋਕਾਂ ਦੇ ਗ਼ੰਭੀਰ ਜ਼ਖ਼ਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪੀੜਤਾਂ ਦਾ ਅੰਮ੍ਰਿਤਸਰ ਕੇ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਇਹ ਧਮਾਕਾ ਸ਼ਾਮ 4 ਵਜੇ ਦੇ ਨੇੜੇ ਹੋਇਆ ਤੇ ਹਾਦਸੇ ਚ ਮਰਨ ਵਾਲਿਆਂ ਚ ਜ਼ਿਆਦਾਤਰ ਮਜ਼ਦੂਰ ਹਨ। ਦੀਵਾਲੀ ਦੀ ਆਮਦ ਨੂੰ ਲੈ ਕੇ ਇਸ ਫ਼ੈਕਟਰੀ ਚ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ ਤੇ ਕਈ ਥਾਂਈ ਅੱਗ ਲੱਗ ਗਈ। ਧਮਾਕੇ ਮਗਰੋ ਮੌਕੇ ’ਤੇ ਮੌਜੂਦ ਲੋਕਾਂ ਚ ਭਾਜੜਾਂ ਪੈ ਗਈਆਂ ਤੇ ਲੋਕ ਜਾਨ ਬਚਾਉਣ ਲਈ ਇੱਧਰ ਉਧਰ ਭੱਜਣ ਲੱਗ ਪਏ।
ਸਥਾਨਕ ਲੋਕਾਂ ਮੁਤਾਬਕ ਇਸ ਪਟਾਕਾ ਫ਼ੈਕਟਰੀ ਚ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਫ਼ੈਕਟਰੀ ਦੇ ਨਾਲ ਲੱਗਦੀਆਂ ਹੋਰਨਾਂ ਘਟੋ ਘੱਟ 10 ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬਟਾਲਾ ‘ਚ ਹੋਏ ਫ਼ੈਕਟਰੀ ਧਮਾਕੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਪੰਜਾਬ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲੇ ਵਿਖੇ ਅੱਜ ਬੁੱਧਵਾਰ ਨੂੰ ਵਾਪਰੇ ਪਟਾਕਾ ਫੈਕਟਰੀ ਧਮਾਕੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਵਲੋਂ ਇਸ ਮੰਦਭਾਗੀ ਘਟਨਾ ਚ ਆਪਣੀ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਹਾਦਸੇ ਚ ਗੰਭੀਰ ਜ਼ਖਮੀ ਹੋਈ ਪੀੜਤਾਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਹੈ ਜਦਕਿ ਮਾਮੂਲੀ ਤੌਰ ਤੇ ਜ਼ਖ਼ਮੀ ਹੋਏ ਪੀੜਤਾਂ ਨੂੰ 25-25 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਹੈ।

Real Estate