ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਲਈ ਜ਼ਮੀਨ ਗ੍ਰਹਿਣ ਮਾਮਲੇ ਵਿਚ ਅੜਿੱਕੇ ਦੂਰ ਕਰਨ ਲਈ ਸਰਕਾਰ ਵੱਲੋਂ ਆਖ਼ਰੀ ਹੰਭਲਾ

880
* ਜ਼ਮੀਨਾਂ ਦੇ ਮਾਲਕ ਕਿਸਾਨਾਂ ਵੱਲੋਂ ਵੀ ਇਤਰਾਜ਼ ਦਾਇਰ ਕਰਨ ਦੀਆਂ ਤਿਆਰੀਆਂ
* ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ 18 ਨੂੰ ਜਨਤਕ ਸੁਣਵਾਈ ਤਹਿ
ਗੁਰੂਸਰ ਸੁਧਾਰ (ਸੰਤੋਖ ਗਿੱਲ)
ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਦੀ ਉਸਾਰੀ ਲਈ ਜ਼ਮੀਨ ਗ੍ਰਹਿਣ ਮਾਮਲੇ ਵਿਚ ਅੜਿੱਕੇ ਦੂਰ ਕਰਨ ਲਈ ਸਰਕਾਰ ਵੱਲੋਂ ਆਖ਼ਰੀ ਹੰਭਲਾ ਮਾਰਦਿਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਵੱਲੋਂ ਦਾਇਰ ਕੀਤੇ ਜਾਣ ਵਾਲੇ ਇਤਰਾਜ਼ਾਂ ਬਾਰੇ ਦੋ ਹਫ਼ਤੇ ਬਾਅਦ 18 ਸਤੰਬਰ ਦਿਨ ਬੁੱਧਵਾਰ ਨੂੰ ਪਿੰਡ ਐਤੀਆਣਾ ਵਿਚ ਜਨਤਕ ਸੁਣਵਾਈ ਕਰਨ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਪੇਂਡੂ ਅਤੇ ਸ਼ਹਿਰੀ ਯੋਜਨਾਬੰਦੀ ਵਿਭਾਗ ਵੱਲੋਂ ਜ਼ਮੀਨ ਗ੍ਰਹਿਣ, ਮੁੜ ਵਸੇਬਾ ਅਤੇ ਪੁਨਰਵਾਸ ਕਾਨੂੰਨ 2013 ਤਹਿਤ ਉਚਿੱਤ ਮੁਆਵਜ਼ਾ ਅਤੇ ਪਾਰਦਰਸ਼ਤਾ ਦੇ ਅਧਿਕਾਰ ਦੀ ਧਾਰਾ 16 ਦੀ ਉਪ ਧਾਰਾ 5 ਅਧੀਨ ਕੀਤੀ ਜਾਣ ਵਾਲੀ ਸੁਣਵਾਈ ਤੋਂ ਪਹਿਲਾਂ ਜ਼ਮੀਨੀ ਰਿਕਾਰਡ ਵਿਚ ਖ਼ਾਮੀਆਂ ਦੂਰ ਕਰਨ ਲਈ ਅੱਜ ਗਰੇਟਰ ਲੁਧਿਆਣਾ ਵਿਕਾਸ ਅਥਾਰਿਟੀ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਨੂੰ ਪੱਤਰ ਲਿਖ ਕੇ ਇਹ ਖ਼ਾਮੀਆਂ ਤੁਰੰਤ ਦੂਰ ਕਰਨ ਲਈ ਕਿਹਾ ਗਿਆ ਹੈ।
ਪਿੰਡ ਐਤੀਆਣਾ ਦੇ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਉਚਿੱਤ ਮੁਆਵਜ਼ਾ ਹਾਸਲ ਕਰਨ ਵਾਸਤੇ ਇਤਰਾਜ਼ ਦਾਇਰ ਕਰਨ ਲਈ ਕਾਨੂੰਨੀ ਮਾਹਿਰਾਂ ਨਾਲ ਮਸ਼ਵਰਾ ਜਾਰੀ ਹੈ ਅਤੇ ਜਲਦ ਹੀ ਇਤਰਾਜ ਦਾਇਰ ਕਰ ਦਿੱਤੇ ਜਾਣਗੇ। ਉੱਧਰ ਜ਼ਿਲ੍ਹਾ ਨਗਰ ਯੋਜਨਾਕਾਰ (ਡੀ।ਟੀ।ਪੀ) ਲੁਧਿਆਣਾ ਵੱਲੋਂ ਐਸ।ਡੀ।ਐਮ ਰਾਏਕੋਟ ਨੂੰ ਲੁਧਿਆਣਾ ਫ਼ਿਰੋਜ਼ਪੁਰ ਰਾਸ਼ਟਰੀ ਰਾਜ ਮਾਰਗ ਤੋਂ ਹਵਾਈ ਅੱਡੇ ਨੂੰ ਜੋੜਨ ਵਾਲੀ ਸੜਕ ਦੀ ਉਸਾਰੀ ਲਈ ਰਸਤੇ ਵਿਚ ਆਉਣ ਵਾਲੀਆਂ ਇਮਾਰਤਾਂ ਅਤੇ ਹੋਰ ਸਥਾਈ ਢਾਂਚਿਆਂ ਦੀ ਸ਼ਨਾਖ਼ਤ ਕਰ ਕੇ ਇਸ ਦੀ ਰਿਪੋਰਟ ਪੇਸ਼ ਕਰਨ ਲਈ ਪਹਿਲਾਂ ਹੀ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਲੁਧਿਆਣਾ ਫ਼ਿਰੋਜ਼ਪੁਰ ਰਾਸ਼ਟਰੀ ਰਾਜ ਮਾਰਗ ਤੋਂ ਪਿੰਡ ਮੋਰਕਰੀਮਾਂ, ਸ਼ੇਖ਼ੂਪੁਰਾ, ਢੱਟ, ਬੋਪਾਰਾਏ ਕਲਾਂ, ਜੱਸੋਵਾਲ, ਅਤੇ ਤੁਗਲ ਦੇ ਰਸਤੇ ਹੁੰਦੇ ਹੋਏ ਐਤੀਆਣਾ ਪਿੰਡ ਤੱਕ ਹਵਾਈ ਅੱਡੇ ਨੂੰ ਮੁੱਖ ਮਾਰਗ ਨਾਲ ਜੋੜਨ ਲਈ 200 ਫੁੱਟ ਚੌੜੀ ਸੜਕ ਦੇ ਨਿਰਮਾਣ ਲਈ ਜ਼ਮੀਨ ਦੇ ਖ਼ਸਰਾ ਨੰਬਰਾਂ ਦੀ ਸ਼ਨਾਖ਼ਤ ਕਰ ਕੇ ਇਸ ਰਸਤੇ ਵਿਚ ਆਉਣ ਵਾਲੀਆਂ ਇਮਾਰਤਾਂ ਜਾਂ ਹੋਰ ਸਥਾਈ ਢਾਂਚਿਆਂ ਸਮੇਤ ਉਨ੍ਹਾਂ ਦੇ ਮਾਲਕਾਂ ਅਤੇ ਰਕਬੇ ਬਾਰੇ ਮੁਕੰਮਲ ਰਿਪੋਰਟ ਫ਼ੌਰੀ ਤਿਆਰ ਕਰ ਕੇ ਭੇਜਣ ਲਈ ਆਦੇਸ਼ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਨਗਰ ਯੋਜਨਾਕਾਰ ਵੱਲੋਂ ਇਹ ਰਿਪੋਰਟ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜਲਦੀ ਪੇਸ਼ ਕਰਨ ਦੀ ਤਜਵੀਜ਼ ਹੈ।
ਇਸ ਸਬੰਧੀ ਐਸ।ਡੀ।ਐਮ ਰਾਏਕੋਟ ਡਾਕਟਰ ਹਿਮਾਂਸ਼ੂ ਗੁਪਤਾ ਨੇ ਤਹਿਸੀਲਦਾਰ ਰਾਏਕੋਟ ਨੂੰ ਤਹਿਸੀਲ ਦੇ ਪਿੰਡਾਂ ਬਾਰੇ ਜਲਦੀ ਰਿਪੋਰਟ ਪੇਸ਼ ਕਰਨ ਲਈ ਨਿਰਦੇਸ਼ ਦਿੱਤੇ ਹਨ ਅਤੇ ਦੂਜੀਆਂ ਤਹਿਸੀਲਾਂ ਦੇ ਪਿੰਡਾਂ ਨਾਲ ਸਬੰਧਿਤ ਰਿਪੋਰਟਾਂ ਜਗਰਾਉਂ ਅਤੇ ਲੁਧਿਆਣਾ ਪੱਛਮੀ ਦੇ ਉਪ ਮੰਡਲ ਅਫ਼ਸਰਾਂ ਰਾਹੀਂ ਪ੍ਰਾਪਤ ਕਰਨ ਲਈ ਕਿਹਾ ਹੈ। ਸੂਤਰਾਂ ਅਨੁਸਾਰ ਲੁਧਿਆਣਾ ਫ਼ਿਰੋਜ਼ਪੁਰ ਰਾਸ਼ਟਰੀ ਰਾਜ ਮਾਰਗ ਉੱਪਰ ਚੌਕੀਮਾਨ ਲਾਗੇ ਉਸਾਰੇ ਗਏ ਟੋਲ ਪਲਾਜ਼ਾ ਦੇ ਨੇੜੇ ਹੀ ਐਤੀਆਣਾ ਤੋਂ ਉਕਤ ਪਿੰਡਾਂ ਰਾਹੀ ਸੜਕ ਦੀ ਉਸਾਰੀ ਕੀਤੇ ਜਾਣ ਦੀ ਤਜਵੀਜ਼ ਹੈ।
ਉੱਧਰ ਹਵਾਈ ਅੱਡੇ ਲਈ ਗ੍ਰਹਿਣ ਕੀਤੀ ਜਾਣ ਵਾਲੀ ਜ਼ਮੀਨ ਦੇ ਮਾਲ ਰਿਕਾਰਡ ਵਿਚ ਖ਼ਾਮੀਆਂ ਦੂਰ ਕਰਨ ਲਈ ਐਸ।ਡੀ।ਐਮ ਰਾਏਕੋਟ ਡਾਕਟਰ ਹਿਮਾਂਸ਼ੂ ਗੁਪਤਾ ਦੇ ਆਦੇਸ਼ ‘ਤੇ ਮਾਲ ਵਿਭਾਗ ਵੱਲੋਂ ਵਿਸ਼ੇਸ਼ ਕੈਂਪ ਲਾਉਣ ਦੇ ਬਾਵਜੂਦ ਹਾਲੇ ਤੱਕ ਖ਼ਾਮੀਆਂ ਦੂਰ ਨਹੀਂ ਕੀਤੀਆਂ ਜਾ ਸਕੀਆਂ। ਇਸ ਸਬੰਧੀ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਕੁੱਝ ਖ਼ਾਮੀਆਂ ਦੂਰ ਹੋਈਆਂ ਹਨ ਪਰ ਬਹੁਤੇ ਕਿਸਾਨ ਪਰਿਵਾਰ ਹਾਲੇ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਇਸ ਸਬੰਧੀ ਸੰਪਰਕ ਕਰਨ ‘ਤੇ ਐਸ।ਡੀ।ਐਮ ਡਾਕਟਰ ਹਿਮਾਂਸ਼ੂ ਗੁਪਤਾ ਨੇ ਭਰੋਸਾ ਦਿੱਤਾ ਕਿ ਅਗਲੇ ਦੋ ਦਿਨਾਂ ਵਿਚ ਮਾਲ ਰਿਕਾਰਡ ਨੂੰ ਦਰੁਸਤ ਕਰ ਦਿੱਤਾ ਜਾਵੇਗਾ।
Real Estate