ਕਰਤਾਰਪੁਰ ਸਾਹਿਬ ਜਾਣ ਵਾਸਤੇ ਆਨਲਾਈਨ ਦੇਣੀ ਪਵੇਗੀ ਅਰਜ਼ੀ

1819

ਕਰਤਾਰਪੁਰ ਸਾਹਿਬ ਲਾਂਘੇ ਉੱਤੇ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਤੀਜੇ ਗੇੜ ਦੀ ਗੱਲਬਾਤ ਖ਼ਤਮ ਹੋ ਗਈ ਹੈ। ਭਾਰਤ ਦੇ ਸਿੱਖ ਸ਼ਰਧਾਲੂ ਹੁਣ ਬਿਨਾ ਵੀਜ਼ਾ ਦੇ ਸਾਰਾ ਸਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਸਕਣਗੇ। ਇਸ ਲਾਂਘੇ ਰਾਹੀਂ ਭਾਰਤੀ ਮੂਲ ਦੇ ਉਹ ਲੋਕ ਵੀ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ, ਜਿਨ੍ਹਾਂ ਕੋਲ ਓਵਰਸੀਜ਼ ਸਿਟੀਜ਼ਨਸ਼ਿਪ ਆੱਫ਼ ਇੰਡੀਆ ਕਾਰਡ ਹੈ।ਮੀਟਿੰਗ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਐੱਸਐੱਲ ਦਾਸ ਨੇ ਅਟਾਰੀ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ਼ਰਧਾਲੂਆਂ ਨੂੰ ਆੱਨਲਾਈਨ ਅਰਜ਼ੀ ਦੇਣੀ ਹੋਵੇਗੀ ਤੇ ਇਸ ਲਈ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਨਾਲ ਮਿਲ ਕੇ ਇੱਕ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ। ਉਸੇ ਪੋਰਟਲ ਉੱਤੇ ਅਰਜ਼ੀ ਦੇਣੀ ਹੋਵੇਗੀ। ਪਾਕਿਸਤਾਨ ਸਰਕਾਰ ਸ਼ਰਧਾਲੂ ਦੇ ਕਰਤਾਰਪੁਰ ਸਾਹਿਬ ਜਾਣ ਤੋਂ ਚਾਰ ਦਿਨ ਪਹਿਲਾਂ ਉਨ੍ਹਾਂ ਦੀ ਆਮਦ ਦੀ ਪੁਸ਼ਟੀ ਕਰੇਗੀ। ਦਾਸ ਨੇ ਦੱਸਿਆ ਕਿ ਸਮਝੌਤੇ ਮੁਤਾਬਕ ਗ਼ੈਰ–ਸਿੱਖ ਵੀ ਇਸ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨ ਕਰ ਸਕਣਗੇ।
ਭਾਰਤ–ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਰੋਜ਼ਾਨਾ 5,000 ਸ਼ਰਧਾਲੂ ਦਰਸ਼ਨਾਂ ਲਈ ਜਾ ਸਕਣਗੇ। ਵਿਸ਼ੇਸ਼ ਮੌਕਿਆਂ ਉੱਤੇ ਜ਼ਿਆਦਾ ਸ਼ਰਧਾਲੂ ਵੀ ਇੱਥੇ ਪੁੱਜ ਸਕਣਗੇ। ਪਾਕਿਸਤਾਨ ਨੇ ਭਾਰਤ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਸ਼ਰਧਾਲੂਆਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਕਰਤਾਰਪੁਰ ਸਾਹਿਬ ਲਾਂਘੇ ’ਤੇ ਆਉਣ ਦੀ ਇਜਾਜ਼ਤ ਦੇਣੀ ਚਾਹੁੰਦਾ ਹੈ। ਕਰਤਾਰਪੁਰ ਸਾਹਿਬ ਲਾਂਘਾ ਸਾਲ ਦੇ 365 ਦਿਨ ਖੁੱਲ੍ਹਾ ਰਹੇਗਾ। ਸ਼ਰਧਾਲੂਆਂ ਕੋਲ ਇਹ ਵਿਕਲਪ ਵੀ ਹੋਵੇਗਾ ਕਿ ਉਹ ਇਕੱਲੇ ਉੱਥੇ ਜਾ ਸਕਣਗੇ ਤੇ ਜਾਂ ਫਿਰ ਉਨ੍ਹਾਂ ਨੂੰ ਟੋਲੀਆਂ ਜਾਂ ਜੱਥਿਆਂ ਵਿੱਚ ਜਾਣ ਦੀ ਸਹੂਲਤ ਹੋਵੇਗੀ। ਦੋਵੇਂ ਧਿਰਾਂ ਬੁੱਢੀ ਰਾਵੀ ਨਹਿਰ ਉੱਤੇ ਪੁਲ਼ ਬਣਾਉਣ ਲਈ ਸਹਿਮਤ ਹੋ ਗਏ ਹਨ। ਦੋਵੇਂ ਦੇਸ਼ ਹੰਗਾਮੀ ਹਾਲਾਤ ਵਿੱਚ ਨਿਕਾਸੀ ਪ੍ਰਕਿਰਿਆ ਲਈ ਵੀ ਸਹਿਮਤ ਹੋ ਗਏ ਹਨ; ਖ਼ਾਸ ਕਰ ਕੇ ਉਨ੍ਹਾਂ ਮੌਕਿਆਂ ਲਈ ਜਦੋਂ ਮੈਡੀਕਲ ਐਮਰਜੈਂਸੀ ਦੀ ਹਾਲਤ ਹੋਵੇ। ਇਸ ਮੰਤਵ ਲਈ ਬੀਐੱਸਐੱਫ਼ ਤੇ ਪਾਕਿਸਤਾਨ ਰੇਂਜਰਜ਼ ਵਿਚਾਲੇ ਸਿੱਧੀ ਗੱਲਬਾਤ ਦੀ ਵਿਵਸਥਾ ਹੋਵੇਗੀ।

Real Estate