1984 ਤੋਂ 95 ਤੱਕ 8,000 ਵਿਅਕਤੀਆਂ ਦੇ ਗੁੰਮ ਹੋਣ ਨਾਲ ਸਬੰਧਤ ਮਾਮਲਿਆਂ ਦੀ ਮੁੜ ਤੇ ਸੁਪਰੀਮ ਕੋਰਟ ਦਾ ਇਨਕਾਰ

1009

1984 ਤੋਂ ਲੈ ਕੇ 1995 ਦੇ ਦੌਰਾਨ 8,000 ਵਿਅਕਤੀਆਂ ਦੇ ਗੁੰਮ ਹੋਣ ਨਾਲ ਸਬੰਧਤ ਮਾਮਲਿਆਂ ਦੀ ਮੁੜ ਸੁਣਵਾਈ ਕਰਨ ਦੀ ਅਪੀਲ ਤੇ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ । ਅਦਾਲਤ ਨੇ ਪਟੀਸ਼ਨਰ ਨੂੰ ਕਿਹਾ ਕਿ ਉਹ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲੈ ਕੇ ਜਾਣ। ਇਸ ਸਬੰਧੀ ਪਟੀਸ਼ਨ ‘ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ’ ਵੱਲੋਂ ਦਾਇਰ ਕੀਤੀ ਗਈ ਸੀ। ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਇੱਕ ਅਜਿਹੀ ਜਨ–ਹਿਤ ਪਟੀਸ਼ਨ ਦੀ ਸੁਣਵਾਈ ਹੋਣੀ ਤੈਅ ਸੀ; ਜੋ ਸਾਲ 1984 ਤੋਂ ਬਾਅਦ ਪੰਜਾਬ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਦੇ ਨਾਂਅ ’ਤੇ ਗੁੰਮ ਹੋਏ 8,000 ਵਿਅਕਤੀਆਂ, ਪੁਲਿਸ ਵੱਲੋ਼ ਕਥਿਤ ਤੌਰ ’ਤੇ ਕੀਤੇ ਗਏ ਸਮੂਹਕ ਕਤਲਾਂ, ਕਥਿਤ ਝੂਠੇ ਪੁਲਿਸ ਮੁਕਾਬਲਿਆਂ ਆਦਿ ਜਿਹੇ ਮਾਮਲਿਆਂ ਨਾਲ ਸਬੰਧਤ ਹੈ। ਇਹ ਪਟੀਸ਼ਨ ਕੁਝ ਨਵੇਂ ਮਿਲੇ ਸਬੂਤਾਂ ਦੇ ਆਧਾਰ ਉੱਤੇ ਦਾਇਰ ਕੀਤੀ ਗਈ ਸੀ।ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਐੱਮਆਰ ਸ਼ਾਹ ਦੇ ਡਿਵੀਜ਼ਨ ਬੈਂਚ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਣੀ ਤੈਅ ਸੀ। ਉਸ ਦੌਰ ਵੇਲੇ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਅਚਾਨਕ ਗੁੰਮ ਹੋ ਗਏ ਸਨ। ਪਿੰਡ–ਪਿੰਡ ਜਾ ਕੇ ਇਸ ਬਾਰੇ ਤੱਥ ਤੇ ਅੰਕੜੇ ਇਕੱਠੇ ਕੀਤੇ ਗਏ ਹਨ। ਇਹ ਮਾਮਲਾ ਵੱਡੇ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹੈ।
ਇਸ ਜਨ–ਹਿਤ ਪਟੀਸ਼ਨ ਵਿੱਚ 150 RTI ਅਰਜ਼ੀਆਂ ਦਾ ਹਵਾਲਾ ਦਿੱਤਾ ਗਿਆ ਸੀ। ਇਸ ਵਿੱਚ ਦੱਸਿਆ ਗਿਆ ਸੀ ਕਿ 1984 ਤੋਂ ਲੈ ਕੇ 1995 ਦੌਰਾਨ ਕਿਵੇਂ ਵੱਖੋ–ਵੱਖਰੇ ਸ਼ਮਸ਼ਾਨਘਾਟਾਂ ਤੋਂ ਅੰਕੜੇ ਇਕੱਠੇ ਕੀਤੇ ਗਏ ਅਤੇ ਸੂਚਨਾ ਹਾਸਲ ਕਰਨ ਦੇ ਅਧਿਕਾਰ ਅਧੀਨ ਜਾਣਕਾਰੀ ਇਕੱਤਰ ਕੀਤੀਆਂ ਗਈਆਂ। ਪਟੀਸ਼ਨਰਾਂ ਦਾ ਦੋਸ਼ ਹੈ ਕਿ ਪਹਿਲਾਂ ਵੀ ਅਦਾਲਤਾਂ ਵਿੱਚ ਅਜਿਹੀਆਂ ਜਾਂਚ–ਰਿਪੋਰਟਾਂ ਤੇ ਰਿਕਾਰਡ ਪੇਸ਼ ਹੋ ਚੁੱਕੇ ਹਨ; ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ‘ਪੰਜਾਬ ਪੁਲਿਸ ਤੇ ਸੁਰੱਖਿਆ ਦਸਤੇ ਅਕਸਰ ਪੰਜਾਬ ਵਿੱਚ ਅੱਤਵਾਦੀਆਂ ਦੇ ਨਾਂਅ ਹੇਠ ਲੋਕਾਂ ਨੂੰ ਅਗ਼ਵਾ ਕਰ ਲੈਂਦੇ ਸਨ ਅਤੇ ਫਿਰ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਖਾ ਕੇ ਮਾਰ ਦਿੱਤਾ ਜਾਂਦਾ ਸੀ ਤੇ ਫਿਰ ਉਨ੍ਹਾਂ ਦੇ ਸਮੂਹਕ ਅੰਤਿਮ ਸਸਕਾਰ ਕਰ ਦਿੱਤੇ ਜਾਂਦੇ ਸਨ। ਉਨ੍ਹਾਂ ਝੂਠੇ ਮੁਕਾਬਲਿਆਂ ਦੇ ਆਧਾਰ ਉੱਤੇ ਫਿਰ ਪੁਲਿਸ ਅਧਿਕਾਰੀ ਆਪਣੀਆਂ ਤਰੱਕੀਆਂ ਵੀ ਲੈਂਦੇ ਸਨ।’ਪਟੀਸ਼ਨ ਮੁਤਾਬਕ ਤਦ ਪੰਜਾਬ ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 21 ਦੀਆਂ ਧੱਜੀਆਂ ਉਡਾਈਆਂ ਗਈਆਂ। ਪਟੀਸ਼ਨਰਾਂ ਦੀ ਤਰਫ਼ੋਂ ਸੀਨੀਅਰ ਵਕੀਲ ਕੌਲਿਨ ਗੌਨਜ਼ਾਲਵੇਸ ਤੇ ਸਤਨਾਮ ਸਿੰਘ ਬੈਂਸ ਪੇਸ਼ ਹੋਏ ਪਰ ਸੁਪਰੀਮ ਕੋਰਟ ਨੇ ਇਹ ਮਾਮਲਾ ਸੁਣਨ ਤੋਂ ਇਨਕਾਰ ਹੀ ਕਰ ਦਿੱਤਾ।ਪਟੀਸ਼ਨਰਾਂ ਨੇ ਇਨ੍ਹਾਂ ਵੱਡੇ ਪੱਧਰ ਉੱਤੇ ਹੋਏ ਕਤਲੇਆਮਾਂ ਲਈ ਦੀ ਵਿਆਪਕ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਇਸ ਲਈ ਇੱਕ ਵਿਸ਼ੇਸ਼ ਜਾਂਚ ਟੀਮ ਜਾਂ ਕੋਈ ਸੱਚਾਈ ਕਮਿਸ਼ਨ ਕਾਇਮ ਕਰਨ ਦਾ ਸੁਝਾਅ ਵੀ ਰੱਖਿਆ ਸੀ।

Real Estate