ਅਮਨ ਅਰੋੜਾ ਆਪਣੀ ਹੀ ਪਾਰਟੀ ਲੀਡਰਸ਼ਿਪ ਦੇ ਬਿਆਨ ਉੱਪਰ ਜਤਾਈ ਅਸਹਿਮਤੀ ਅਤੇ ਨਾਮੋਸ਼ੀ

977

ਬਰਗਾੜੀ ਅਤੇ ਬਹਿਬਲ ਕਲਾਂ ਮਾਮਲੇ ‘ਚ ਲੋਕਾਂ ਨੂੰ ਆਸ ਨਾ ਛੱਡਣ ਦੀ ਕੀਤੀ ਅਪੀਲ

ਚੰਡੀਗੜ੍ਹ -(ਪਰਮਿੰਦਰ ਸਿੰਘ ਸਿੱਧੂ)
ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਅਕ ਅਮਨ ਅਰੋੜਾ ਨੇ ਬਰਗਾੜੀ ਮਾਮਲੇ ਵਿੱਚ ਨੇਤਾ ਵਿਰੋਧੀ ਧਿਰ ਅਤੇ ਹੋਰ ਲੀਡਰਸ਼ਿਪ ਦੇ ਉਸ ਬਿਆਨ ਕਿ ਆਮ ਆਦਮੀ ਪਾਰਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਅਤੇ ਬਹਬਿਲ ਕਲਾਂ ਗੋਲੀ ਕਾਂਡ ਵਿੱਚ ਇਨਸਾਫ ਨਾ ਮਿਲਣ ਦੀ ਉਮੀਦ ਛੱਡ ਦਿੱਤੀ ਹੈ, ਤੇ ਸਖ਼ਤ ਇਤਰਾਜ ਜਤਾਇਆ ਹੈ।

ਸਟੇਟ ਲੀਡਰਸ਼ਿਪ ਦੇ ਇਸ ਬਿਆਨ ਤੇ ਸਖਤ ਨਾਰਾਜਗੀ ਜਾਹਿਰ ਕਰਦੇ ਹੋਏ ਅਰੋੜਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਜਾਂ ਦੋ-ਰਾਏ ਨਹੀ ਕਿ ਪਿਛਲੇ ਚਾਰ ਸਾਲਾਂ ਵਿਚ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੌਰਾਨ ਬਾਦਲ-ਕੈਪਟਨ ਦੀ ਜੋੜੀ ਨੇ ਆਪਣੀਆਂ ਨਾ-ਕਾਮਯਾਬੀਆਂ ਅਤੇ ਗੁਨਾਹ ਛੁਪਾਉਣ ਲਈ ਬਰਗਾੜੀ ਅਤੇ ਬਹਿਬਲ ਕਲਾਂ ਘਟਨਾਵਾਂ ਉੱਪਰ ਸਿਆਸੀ ਰੋਟੀਆਂ ਸੇਕਣ ਦੇ ਲਈ ਜਾਂਚ ਕਰਨ ਵਾਲੀਆਂ ਸਾਰੀਆਂ ਸਟੇਟ ਏਜੰਸੀਆਂ ਅਤੇ ਕੇਂਦਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਤੋਤੇ ਛਭੀ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਅਤੇ ਸਮੁੱਚੇ ਪੰਜਾਬ ਨਾਲ ਧੋਖਾ ਕਮਾਉਣ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਮੁੱਖ ਵਿਰੋਧੀ ਧਿਰ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਇਨਸਾਫ਼ ਮਿਲਣ ਦੀ ਉਮੀਦ ਛੱਡ ਦੇਵੇ। ਪਾਰਟੀ ਦੇ ਇਸ ਨਾਕਾਰਾਤਮਕ ਬਿਆਨ ਨਾਲ ਉਹਨਾਂ ਨੂੰ ਕਾਫੀ ਨਾਮੋਸ਼ੀ ਹੋਈ ਹੈ।ਅਰੋੜਾ ਨੇ ਪਾਰਟੀ ਦੀ ਸਟੇਟ ਲੀਡਰਿਸ਼ਪ ਨੂੰ ਮਸ਼ਵਰਾ ਦਿੰਦੇ ਹੋਏ ਕਿਹਾ ਕਿ ਓਹਨਾਂ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਕੇ ਆਮ ਆਦਮੀ ਪਾਰਟੀ ਇੱਕ ਸੰਘਰਸ ਵਿੱਚੋਂ ਨਿਕਲ ਕੇ ਆਈ ਹੋਈ ਪਾਰਟੀ ਹੈ ਅਤੇ ਜੇ ਸ਼੍ਰੀ ਅਰਵਿੰਦ ਕੇਜਰੀਵਾਲ ਭਿ੍ਰਸ਼ਟਾਚਾਰ ਵਿਰੁਧ ਆਪਣਾ ਸੰਘਰਸ਼ ਵਿਚਾਲੇ ਹੀ ਛੱਡ ਦਿੰਦੇ ਤਾਂ ਦਿੱਲੀ ਦੇ ਲੋਕਾਂ ਨੂੰ ਅੱਜ ਸਾਫ਼ ਸੁਧਰੇ ਭਿ੍ਰਸ਼ਟਾਚਾਰ ਰਹਿਤ ਸ਼ਾਸਨ ਵਾਲੀ ਸਰਕਾਰ ਨਸੀਬ ਨਾਂ ਹੁੰਦੀ । ਉਹਨਾ ਅੱਗੇ ਕਿਹਾ ਕਿ ਜੇ 1857 ਦਾ ਗ਼ਦਰ ਫੇਲ ਹੋਣ ਤੋਂ ਬਾਅਦ ਸੰਘਰਸ਼ ਵਿਚਾਲੇ ਹੀ ਛੱਡ ਦਿੱਤਾ ਜਾਂਦਾ ਤਾਂ ਸ਼ਾਇਦ ਅੱਜ ਵੀ ਆਪਾਂ ਗੁਲਾਮ ਹੀ ਹੁੰਦੇ। ਅਰੋੜਾ ਨੇ ਇਨਸਾਫ਼ ਪਸੰਦ ਸੰਘਰਸ਼ਮਈ ਪੰਜਾਬੀਆਂ ਦੇ ਸਨਮੁਖ ਹੁੰਦੇ ਹੋਏ ਹੋਏ ਕਿਹਾ ਕਿ ਪੰਜਾਬ ਵਿੱਚ ਇਹਨਾਂ ਕੇਸਾਂ ਵਿੱਚ ਇਨਸਾਫ ਲੈਣ ਲਈ ਸਿਆਸੀ ਮਾਹੌਲ ਅਨੁਕੂਲ ਨਾ ਹੋਣ ਦੇ ਬਾਵਜੂਦ ਵੀ ਉਮੀਦ ਕਾਇਮ ਰੱਖ ਕੇ ਸੰਘਰਸ਼ ਕਰਨ ਦੀ ਲੋੜ ਹੈ। ਉਹਨਾਂ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਦਿਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਇਨਸਾਫ ਪਸੰਦ ਸਰਕਾਰ ਬਣ ਗਈ, ਉਸੇ ਦਿਨ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਪੰਜਾਬ ਨੂੰ ਇਨਸਾਫ ਦਿੱਤਾ ਜਾਵੇਗਾ।

Real Estate