ਕੁੜੀ ਨੂੰ ਪਰਿਵਾਰ ਨੂੰ ਸੌਂਪਣ ਤੇ ਗ੍ਰਿਫਤਾਰੀਆਂ ਦੀ ਕਿਉਂ ਦਿੱਤੀ ਗਈ ਝੂਠੀ ਖ਼ਬਰ ?

1389

ਪਾਕਿਸਤਾਨ ‘ਚ ਸਿੱਖ ਕੁੜੀ ਦਾ ਧਰਮ ਬਦਲਣ ਦੇ ਮਾਮਲੇ ‘ਚ ਖ਼ਬਰ ਆਈ ਸੀ ਕਿ ਪਾਕਿਸਤਾਨ ਨੇ ਕੁੜੀ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਹੈ। ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਾਉਣ ਦੇ ਮਾਮਲੇ ‘ਚ ਇੱਕ ਪਾਸੇ ਸਿਆਸੀ ਦਬਾਅ ਹੇਠ ਪਾਕਿ ਸਿੱਖ ਆਗੂਆਂ ਵਲੋਂ ਇਹ ਬਿਆਨ ਜਾਰੀ ਕੀਤਾ ਜਾ ਰਿਹਾ ਹੈ ਕਿ ਉਕਤ ਪੀੜਤ ਬੱਚੀ ਆਪਣੇ ਵਾਰਸਾਂ ਦੇ ਕੋਲ ਪਹੁੰਚ ਗਈ ਹੈ ਅਤੇ ਵਧੀਕ ਸੈਸ਼ਨ ਜੱਜ ਦੇ ਆਦੇਸ਼ ਅਨੁਸਾਰ ਉਸ ਨੂੰ ਦਾਰੂਲ ਅਮਨ ਲਾਹੌਰ ਵਿਖੇ ਰੱਖਿਆ ਗਿਆ ਹੈ। ਉੱਧਰ ਅਗਵਾ ਕੀਤੀ ਗਈ ਜਗਜੀਤ ਕੌਰ ਦੇ ਭਰਾਵਾਂ ਸਵਿੰਦਰ ਸਿੰਘ ਅਤੇ ਮਨਮੋਹਨ ਸਿੰਘ ਨੇ ਵੀਡੀਓ ਜਾਰੀ ਕਰਕੇ ਸਪਸ਼ਟ ਕੀਤਾ ਹੈ ਕਿ ਨਾ ਤਾਂ ਅਜੇ ਤਕ ਉਨ੍ਹਾਂ ਦੀ ਭੈਣ ਉਨ੍ਹਾਂ ਨੂੰ ਸੌਂਪੀ ਗਈ ਹੈ ਅਤੇ ਨਾ ਹੀ ਮਾਮਲੇ ਨਾਲ ਸਬੰਧਿਤ ਦੋਸ਼ੀਆਂ ‘ਚੋਂ ਕਿਸੇ ਦੀ ਗ੍ਰਿਫ਼ਤਾਰੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਨੂੰ ਮਜ਼ਬੂਰਨ ਕੋਈ ਨਾ ਕੋਈ ਫੈਸਲਾ ਲੈਣਾ ਹੋਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਅਤੇ ਚੀਫ਼ ਜਸਟਿਸ ਆਫ਼ ਪਾਕਿਸਤਾਨ ਤੋਂ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਇਹ ਘਟਨਾ ਸਿੱਖਾਂ ਅਤੇ ਮੁਸਲਮਾਨਾਂ ਦੇ ਸੰਬੰਧਾਂ ‘ਚ ਵਿਗਾੜ ਪਾਉਣ ਦੇ ਨਾਲ-ਨਾਲ ਕਰਤਾਰਪੁਰ ਲਾਂਘੇ ਅਤੇ ਕਸ਼ਮੀਰ ਮਸਲੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

Real Estate