7ਵੀਂ ਆਰਥਿਕ ਗਣਨਾ ਦੇ ਸਰਵੇ ’ਚ ਗਿਣਤੀਕਾਰਾਂ ਨੂੰ ਦਿੱਤਾ ਜਾਵੇ ਪੂਰਨ ਸਹਿਯੋਗ-ਡਿਪਟੀ ਕਮਿਸ਼ਨਰ

972

ਬਠਿੰਡਾ, 28 ਅਗਸਤ ( ਬਲਵਿੰਦਰ ਸਿੰਘ ਭੁੱਲਰ)
ਡਿਪਟੀ ਕਮਿਸ਼ਨਰ ਸ਼੍ਰੀ ਬੀ।ਸ੍ਰੀਨਿਵਾਸਨ ਨੇ ਦੇਸ਼ ਅੰਦਰ 26 ਅਗਸਤ ਤੋਂ ਸ਼ੁਰੂ ਹੋਈ 7ਵੀਂ ਆਰਥਿਕ ਗਣਨਾ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਬੈਠਕ ਦੌਰਾਨ ਉਨ੍ਹਾਂ ਵਲੋਂ ਸਰਵੇਂ ਸਬੰਧੀ ਜ਼ਿਲ੍ਹੇ ਅੰਦਰ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਤਹਿ ਸਮੇਂ ਅਨੁਸਾਰ ਸਰਵੇਂ ਨੂੰ ਮੁਕੰਮਲ ਕਰਨ ਦੇ ਲੋੜੀਂਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਰਵੇ ਵਿਚ ਗਿਣਤੀਕਾਰਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੂਰਨ ਸਹਿਯੋਗ ਦੇਣ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7ਵੀਂ ਆਰਥਿਕ ਗਣਨਾ ਦੇ ਕੰਮ ਨੂੰ ਜ਼ਿਲ੍ਹੇ ਅੰਦਰ ਲਗਭਗ 3 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਸਰਵੇ ਦੇ ਕੰਮ ਨੂੰ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ 152 ਸੁਪਰਵਾਈਜ਼ਰ ਤੇ 426 ਗਿਣਤੀਕਾਰਾਂ ਨੂੰ ਲਗਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਹੈ ਕਿ ਆਰਥਿਕ ਸਰਵੇਂ ’ਚ 12ਵੀਂ ਪਾਸ ਬੇਰੁਜ਼ਗਾਰ ਨੌਜਵਾਨਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਉਪ ਅਰਥ ਤੇ ਅੰਕੜਾ ਸਲਾਹਕਾਰ ਅਫ਼ਸਰ ਸ੍ਰੀ ਬਹਾਦਰ ਸਿੰਘ ਨੇ ਦੱਸਿਆ ਕਿ ਇਸ ਗਣਨਾ ਦੌਰਾਨ ਆਰਥਿਕ ਗਤੀਵਿਧੀ ’ਚ ਲੱਗੇ ਅਦਾਰਿਆਂ ਦੇ ਭੂਗੋਲਿਕ ਪ੍ਰਸਾਰ, ਆਰਥਿਕ ਗਤੀਵਿਧੀਆਂ ਦੇ ਸਮੂਹਾਂ, ਮਲਕੀਅਤ ਪੈਟਰਨ, ਕੰਮ ਕਰ ਰਹੇ ਵਿਅਕਤੀਆਂ ਆਦਿ ਬਾਰੇ ਵਡਮੁੱਲੀ ਜਾਣਕਾਰੀ ਇਕੱਤਰ ਕੀਤੀ ਜਾਵੇਗੀ।
ਸਰਵੇ ਦਾ ਕੰਮ ਕਰ ਰਹੇ ਕਾਮਨ ਸਰਵਿਸ ਸੈਂਟਰ (ਸੀ।ਐਸ।ਸੀ।) ਦੇ ਜ਼ਿਲ੍ਹਾ ਮੈਨੇਜ਼ਰ ਸ਼੍ਰੀ ਪਰੇਸ਼ ਗੋਇਲ ਤੇ ਸ਼੍ਰੀ ਤਰਸੇਮ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਥਿਕ ਜਨਗਣਨਾ ਦਾ ਕੰਮ ਉਪ ਅਰਥ ਤੇ ਅੰਕੜਾ ਸਲਾਹਕਾਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਸ਼ਹਿਰੀ ਖੇਤਰ ਵਿਚ ਆਰਥਿਕ ਗਣਨਾ ਦੇ ਕੰਮ ਦੀ 26 ਅਗਸਤ ਤੋਂ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗਣਨਾ ਦੇ ਕੰਮ ਵਿਚ ਲੱਗੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਡੈਟਾ ਲੈਣ, ਪੁਸ਼ਟੀ ਕਰਨ ਰਿਪੋਰਟ ਤਿਆਰ ਕਰਨ ਅਤੇ ਪ੍ਰਸਾਰ ਲਈ ਬਣਾਏ ਮੋਬਾਇਲ ਐਪਲੀਕੇਸ਼ਨ ’ਤੇ ਡੈਟਾ ਇਕੱਤਰ ਕਰਨ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਗਣਨਾ ਦੌਰਾਨ ਘਰੇਲੂ ਅਤੇ ਵਪਾਰਕ ਅਦਾਰੇ ਦਾ ਡੋਰ ਟੂ ਡੋਰ ਸਰਵੇ ਕਰ ਕੇ ਡੈਟਾ ਇਕੱਤਰ ਕੀਤਾ ਜਾਵੇਗਾ। ਇੱਕਤਰ ਕੀਤੇ ਗਏ ਡੈਟੇ ਨੂੰ ਸਰਕਾਰ ਵਲੋਂ ਕੇਵਲ ਵਿਕਾਸ ਯੋਜਨਾਵਾਂ ਬਣਾਉਣ ਅਤੇ ਅੰਕੜਿਆਂ ਦੇ ਉਦੇਸ਼ ਲਈ ਇਸਤੇਮਾਲ ਕੀਤਾ ਜਾਵੇਗਾ। ਗਿਣਤੀਕਾਰਾਂ ਦੁਆਰਾ ਇਕੱਤਰ ਕੀਤੇ ਡੈਟੇ ਨੂੰ ਸੁਪਰਵਾਈਜ਼ਰਾਂ ਵੱਲੋਂ ਸਬੰਧਤ ਘਰਾਂ ਅਤੇ ਅਦਾਰਿਆਂ ’ਚ ਜਾ ਕੇ ਪੁਸ਼ਟੀ ਕਰਨ ਉਪਰੰਤ ਤਸਦੀਕ ਕੀਤਾ ਜਾਵੇਗਾ। ਡੈਟਾ ਇਕੱਤਰ ਕਰਨ ਅਤੇ ਬਾਕੀ ਕਾਰਵਾਈ ਕਰਨ ਉਪਰੰਤ ਸੱਤਵੀਂ ਆਰਥਿਕ ਗਣਨਾ ਦੇ ਅੰਕੜਾਤਮਕ ਰਿਜ਼ਲਟ ਜਾਰੀ ਕੀਤੇ ਜਾਣਗੇ। ਇਸ ਮੌਕੇ ਐਸ.ਡੀ.ਐਮ. ਮੌੜ ਸ਼੍ਰੀ ਰਾਜਪਾਲ ਸਿੰਘ, ਡੀ।ਡੀ।ਪੀ।ਓ। ਸ਼੍ਰੀ ਹਰਜਿੰਦਰ ਸਿੰਘ ਜੱਸਲ, ਜ਼ਿਲ੍ਹਾ ਮਾਲ ਅਫ਼ਸਰ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।

Real Estate