ਹੜਾਂ ਨਾਲ 1.72 ਲੱਖ ਏਕੜ ਫਸਲ ਤਬਾਹ, 8 ਵਿਅਕਤੀ ਤੇ 4228 ਪਸ਼ੂ ਹਲਾਕ

949

ਪੰਜਾਬ ਸਰਕਾਰ ਨੇ ਹੜ੍ਹਾਂ ਕਾਰਨ ਮ੍ਰਿਤਕ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਹੜਾਂ ਨਾਲ 8 ਵਿਅਕਤੀਆਂ ਦੀ ਮੌਤ ਹੋਈ ਹੈ ਜਿਨਾਂ ਵਿਚੋਂ ਫਾਜ਼ਿਲਕਾ, ਰੂਪਨਗਰ ਅਤੇ ਜਲੰਧਰ ਜ਼ਿਲਿਆਂ ’ਚ ਇੱਕ-ਇੱਕ ਵਿਅਕਤੀ ਜਦਕਿ ਲੁਧਿਆਣਾ ਜ਼ਿਲੇ ਵਿਚ 5 ਵਿਅਕਤੀ ਮਾਰੇ ਗਏ। ਇੱਕ ਹੋਰ ਲਾਪਤਾ ਹੈ ਤੇ 12 ਵਿਅਕਤੀ ਜ਼ਖ਼ਮੀ ਹੋਏ ਹਨ।
ਇਸ ਤੋਂ ਇਲਾਵਾ ਹੜਾਂ ਨਾਲ ਮਾਰੇ ਗਏ ਪਸ਼ੂਆਂ ਦੇ ਮਾਲਕਾਂ ਨੂੰ ਵੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਣੀ ਹੈ ਜਿਸ ਤਹਿਤ ਦੁਧਾਰੂ ਪਸ਼ੂ ਲਈ 30 ਹਜ਼ਾਰ ਰੁਪਏ, ਬਲਦਾਂ ਲਈ 25 ਹਜ਼ਾਰ ਰੁਪਏ ਅਤੇ ਭੇਡ, ਬੱਕਰੀ ਤੇ ਸੂਰ ਲਈ 3 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।ਸੂਬਾ ਸਰਕਾਰ ਵੱਲੋਂ ਆਪਣੀ ਨੀਤੀ ਤਹਿਤ ਪੂਰੀ ਤਰਾਂ ਨੁਕਸਾਨੇ ਗਏ ਪੱਕੇ ਘਰ ਲਈ ਇੱਕ ਲੱਖ ਰੁਪਏ ਅਤੇ ਪੂਰੀ ਤਰਾਂ ਨੁਕਸਾਨੇ ਗਏ ਕੱਚੇ ਘਰ ਲਈ 95 ਹਜ਼ਾਰ ਰੁਪਏ ਦਾ ਮੁਆਵਜ਼ਾ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤਾ ਜਾਵੇਗਾ। ਜੇਕਰ ਖੇਤ ਮਜ਼ਦੂਰ ਅਤੇ ਹੋਰ ਕਾਮੇ ਸਰਕਾਰ ਵੱਲੋਂ ਸਥਾਪਤ ਕਿਸੇ ਵੀ ਰਾਹਤ ਕੈਂਪ ਵਿਚ ਨਹੀਂ ਰਹੇ ਤਾਂ ਇਸ ਸੂਰਤ ਵਿਚ ਖੇਤ ਮਜ਼ਦੂਰਾਂ ਅਤੇ ਹੋਰ ਕਾਮਿਆਂ ਨੂੰ 60 ਰੁਪਏ ਪ੍ਰਤੀ ਦਿਨ ਅਤੇ 45 ਰੁਪਏ ਪ੍ਰਤੀ ਬੱਚਾ ਪ੍ਰਤੀ ਦਿਨ ਦੇ ਰੂਪ ਵਿਚ ਮੁਆਵਜ਼ਾ ਦਿੱਤਾ ਜਾਵੇਗਾ।
ਹੜਾਂ ਨਾਲ 1.72 ਲੱਖ ਏਕੜ ਫਸਲੀ ਰਕਬਾ ਪ੍ਰਭਾਵਿਤ ਹੋਇਆ ਹੈ। ਹੜਾਂ ਨਾਲ ਘਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ ਜਿਨਾਂ ਵਿਚ 298 ਪੱਕੇ ਘਰਾਂ ਨੂੰ ਅੰਸ਼ਕ ਤੌਰ ’ਤੇ ਅਤੇ 1457 ਪੱਕੇ ਘਰਾਂ ਨੂੰ ਪੂਰੀ ਤਰਾਂ ਨੁਕਸਾਨ ਪਹੁੰਚਿਆ ਹੈ। ਇਸੇ ਤਰਾਂ 64 ਕੱਚੇ ਘਰ ਅੰਸ਼ਕ ਤੌਰ ’ਤੇ ਅਤੇ 49 ਕੱਚੇ ਘਰ ਪੂਰੀ ਤਰਾਂ ਨੁਕਸਾਨੇ ਗਏ ਹਨ। ਹੜ ਪ੍ਰਭਾਵਿਤ ਇਲਾਕਿਆਂ ਵਿਚ 4228 ਪਸ਼ੂਆਂ ਦੀ ਮੌਤ ਹੋਈ ਹੈ।
ਹੜਾਂ ਦੀ ਲਪੇਟ ’ਚ ਆਏ 5973 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ। ਪ੍ਰਭਾਵਿਤ ਲੋਕਾਂ ਲਈ 99 ਰਾਹਤ ਕੈਂਪ ਲਾਏ ਗਏ ਜਿੱਥੇ 2776 ਵਿਅਕਤੀ ਪਹੁੰਚੇ। ਇਸੇ ਤਰਾਂ ਚਾਰ ਰਾਹਤ ਕੈਂਪਾਂ ਵਿਚ ਲਗਭਗ ਤਿੰਨ ਹਜ਼ਾਰ ਪਸ਼ੂਆਂ ਨੂੰ ਰੱਖਿਆ ਗਿਆ। 22 ਜ਼ਿਲਿਆਂ ਵਿਚ ਔਸਤਨ 317.63 ਐਮ।ਐਮ ਮੀਂਹ ਪਿਆ ਜਿਸ ਨਾਲ 18 ਜ਼ਿਲਿਆਂ ਦੇ 544 ਪਿੰਡਾਂ ਨੂੰ ਨੁਕਸਾਨ ਹੋਇਆ ਅਤੇ 13,635 ਵਿਅਕਤੀ ਪ੍ਰਭਾਵਿਤ ਹੋਏ।

Real Estate