ਅਮਰੀਕਾ ਦੇ ਹਵਾਈ ਅੱਡੇ ਉੱਤੇ ਬੈਗ ਚੋਰੀ ਕਰਦਾ ਭਾਰਤੀ ਕਾਰੋਬਾਰੀ ਗ੍ਰਿਫਤਾਰ

5081

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲਾਂ ਬਿਜਨਸ ਪਾਰਟਨਰ (ਭਾਈਵਾਲ) ਰਹਿ ਚੁੱਕੇ ਭਾਰਤੀ ਮੂਲ ਦੇ ਦਿਨੇਸ਼ ਚਾਵਲਾ ਨੂੰ ਅਮਰੀਕਾ ਦੇ ਇੱਕ ਹਵਾਈ ਅੱਡੇ ਉੱਤੇ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿਨੇਸ਼ ਚਾਵਲਾ ਦੀ ਪਹਿਲਾਂ ਟਰੰਪ ਦੇ ਪਰਿਵਾਰ ਦੇ ਚਾਰ ਹੋਟਲਾਂ ਵਿੱਚ ਭਾਈਵਾਲ਼ੀ ਰਹੀ ਹੈ।ਦਿਨੇਸ਼ ਚਾਵਲਾ ਦੇ ਆਪਣੇ ਖ਼ੁਦ ਦੇ ਹੋਟਲ ਹਨ ਤੇ ਉਹ ਚਾਵਲਾ ਹੋਟਲਜ਼ ਦੇ ਸੀਈਓ ਹਨ। ਅਮਰੀਕੀ ਸੂਬੇ ਟੇਨੈਸੀ ਦੇ ਸ਼ਹਿਰ ਮੇਮਫਿਸ ਸਥਿਤ ਕੌਮਾਂਤਰੀ ਹਵਾਈ ਅੱਡੇ ਉੱਤੇ ਚਾਵਲਾ ਨੂੰ ਕਥਿਤ ਤੌਰ ’ਤੇ ਕੁਝ ਸਾਮਾਨ ਚੋਰੀ ਕਰਦਿਆਂ ਤੱਕਿਆ ਗਿਆ ਹੈ। ਪੁਲਿਸ ਮੁਤਾਬਕ ਸ੍ਰੀ ਚਾਵਲਾ ਨੇ ਪਹਿਲਾਂ ਚੋਰੀ ਕੀਤਾ ਸੂਟਕੇਸ ਆਪਣੀ ਕਾਰ ਵਿੱਚ ਰੱਖਿਆ ਤੇ ਫਿਰ ਵਾਪਸ ਉਡਾਣ ਫੜਨ ਲਈ ਹਵਾਈ ਅੱਡੇ ਉੱਤੇ ਚਲੇ ਗਏ। ਹਵਾਈ ਅੱਡਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਕਾਰ ਦੀ ਤਲਾਸ਼ੀ ਲਈ ਤੇ ਸੂਟਕੇਸ ਬਰਾਮਦ ਕਰ ਲਿਆ। ਇਸ ਤੋਂ ਇਲਾਵਾ ਇੱਕ ਹੋਰ ਸਾਮਾਨ ਵੀ ਕਾਰ ਵਿੱਚੋਂ ਬਰਾਮਦ ਕੀਤਾ ਗਿਆ ਹੈ , ਜਿਹੜਾ ਲਗਭਗ ਇੱਕ ਮਹੀਨਾ ਪਹਿਲਾਂ ਇਸੇ ਹਵਾਈ ਅੱਡੇ ’ਤੋਂ ਗੁੰਮ ਹੋਇਆ ਸੀ। ਚਾਵਲਾ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਮੇਮਫ਼ਿਸ ਪਰਤੇ ਤੇ ਉਨ੍ਹਾਂ ਇਹ ਕਬੂਲ ਵੀ ਕਰ ਲਿਆ ਕਿ ਉਨ੍ਹਾਂ ਦੋ ਬੈਗ ਚੋਰੀ ਕੀਤੇ ਸਨ; ਜਿਨ੍ਹਾਂ ਦੀ ਕੀਮਤ 4,000 ਅਮਰੀਕੀ ਡਾਲਰ ਦੇ ਲਗਭਗ ਹੈ।

Real Estate