ਜਬਰੀ ਪੰਚਾਇਤੀ ਤਲਾਕ: ਮਨਪ੍ਰੀਤ ਪੁੱਤਰ ਸਮੇਤ ਦੁਨੀਆਂ ਨਾਲੋਂ “ਪ੍ਰੀਤ” ਤੋੜਨ ਦੇ ਮਨਸੂਬੇ ਘੜ੍ਹਨ ਲਈ ਮਜਬੂਰ

1593

* ਪੰਚਾਇਤੀ ਤਲਾਕ ਵੀ ਤਿੰਨ ਤਲਾਕ ਨਾਲੋਂ ਘੱਟ ਦੁਖਦਾਈ ਨਹੀਂ – ਪੀੜਤ
* ਕਾਨੂੰਨ ਦੀ ਨਿਗਾਹ ਵਿਚ ਪੰਚਾਇਤੀ ਤਲਾਕ ਦੀ ਕੋਈ ਅਹਿਮੀਅਤ ਨਹੀਂ – ਐਸਐਚਓ

ਸੰਤੋਖ ਗਿੱਲ
ਗੁਰੂਸਰ ਸੁਧਾਰ /
ਸਵਾ ਦੋ ਸਾਲ ਦੇ ਪੁੱਤਰ ਨੂੰ ਕੁੱਛੜ ਚੁੱਕ ਕੇ ਦਰ ਦਰ ਦੀਆਂ ਠੋਕਰਾਂ ਖਾ ਰਹੀ ਪਿੰਡ ਹਲਵਾਰਾ ਵਾਸੀ ਦਲਿਤ ਲੜਕੀ ਮਨਪ੍ਰੀਤ ਨੇ ਕਦੇ ਸੁਫਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਧਰਮਪਾਲ ਨਾਲ ਨਾਲ ‘ਪ੍ਰੀਤ’ ਉਸ ਨੂੰ ਇੰਨੀ ਮਹਿੰਗੀ ਪੈ ਜਾਵੇਗੀ। ਥਾਣੇ ਸਾਹਮਣੇ ਖੜ੍ਹ ਕੇ ਭੁੱਬਾਂ ਮਾਰਦੀ ਮਨਪ੍ਰੀਤ ਨੇ ਦੱਸਿਆ ਕਿ ਮੇਰੇ ਪੁੱਤਰ ਨੂੰ ਜਾਨ ਤੋਂ ਮਾਰ ਦੇਣ ਦਾ ਡਰ ਦਿਖਾ ਕੇ ਪਿੰਡ ਟੂਸੇ ਦੇ ਸਾਬਕਾ ਸਰਪੰਚ ਅਕਾਲੀ ਆਗੂ ਜਸਵੀਰ ਸਿੰਘ ਅਤੇ ਸਹੁਰਿਆਂ ਨੇ ਮੇਰੇ ਪਰਿਵਾਰ ਨੂੰ ਪੰਚਾਇਤੀ ਤਲਾਕ ਉੱਪਰ ਦਸਖ਼ਤ ਕਰਨ ਲਈ ‘ਮਜਬੂਰ’ ਕਰ ਦਿੱਤਾ ਸੀ। ਹੁਣ ਜਦੋਂ ਆਪਣੇ ਪੁੱਤਰ ਦੇ ਭਵਿੱਖ ਲਈ ਫ਼ਿਕਰਮੰਦ ਮਨਪ੍ਰੀਤ ਨੂੰ ਸਾਰੇ ਦਰਵਾਜ਼ੇ ਬੰਦ ਦਿਖਾਈ ਦੇਣ ਲੱਗੇ ਹਨ ਤਾਂ ਦੁਨੀਆ ਨਾਲੋਂ “ਪ੍ਰੀਤ” ਤੋੜ ਕੇ ਪੁੱਤਰ ਸਮੇਤ ਮੌਤ ਨੂੰ ਗਲ਼ੇ ਲਾਉਣ ਲਈ ਉਹ ਮਨਸੂਬੇ ਘੜਨ ਲੱਗੀ ਹੈ। ਉਸ ਨੇ ਅੱਜ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਪੁੱਤਰ ਸਮੇਤ ਮੌਤ ਨੂੰ ਗਲ਼ੇ ਲਾਉਣ ਬਿਨਾਂ ਕੋਈ ਰਾਹ ਨਹੀਂ ਬਚਿਆ ਹੈ।
ਮਨਪ੍ਰੀਤ ਕੌਰ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਉਸ ਨੇ ਮਾਪਿਆਂ ਤੋਂ ਬੇਮੁਖ ਹੋ ਕੇ ਪਿੰਡ ਬੁਢੇਲ ਵਾਸੀ ਧਰਮਪਾਲ ਨਾਲ “ਪ੍ਰੇਮ ਵਿਆਹ” ਕਰਵਾਇਆ ਸੀ, ਪਰ ਜ਼ਿੰਦਗੀ ਭਰ ਸਾਥ ਦੇਣ ਦੇ ਵਾਅਦੇ ਕਰਨ ਵਾਲੇ ਧਰਮਪਾਲ ਨੇ ਆਪਣੇ ਮਾਪਿਆਂ ਦੇ ਦਬਾਅ ਹੇਠ ਆਪਣਾ “ਧਰਮ” ਨਹੀਂ ਪਾਲਿਆ। ਸਵਾ ਦੋ ਸਾਲ ਦੇ ਪੁੱਤਰ ਨੂੰ ਸੀਨੇ ਨਾਲ ਲਾਈ ਫਿਰਦੀ ਮਨਪ੍ਰੀਤ ਨੇ ਪੁੱਤਰ ਦੇ ਜਨਮ ਸਮੇਂ ਉਸ ਦਾ ਨਾਮ “ਨਵਤੇਜ” ਇਸ ਲਈ ਰੱਖਿਆ ਸੀ ਕਿ ਸ਼ਾਇਦ ਇਸ ਦੇ “ਤਪ-ਤੇਜ਼” ਨਾਲ ਮੇਰਾ ਘਰ ਵੱਸ ਜਾਵੇ, ਪਰ ਡਾਢਿਆਂ ਸਾਹਮਣੇ ਮੇਰੇ ਪੁੱਤਰ ਦਾ “ਤੇਜ਼” ਵੀ ਮੱਧਮ ਪੈ ਗਿਆ ਅਤੇ ਮੈਨੂੰ ਅਤੇ ਮੇਰੇ ਪੁੱਤਰ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਹੈ।
ਪੀੜਤ ਦਲਿਤ ਲੜਕੀ ਨੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਭਾਵੇਂ ਮੁਸਲਿਮ ਔਰਤਾਂ ਲਈ ਤਿੰਨ ਤਲਾਕ ਆਖ ਕੇ ਤਲਾਕ ਦੇਣ ਵਾਲੇ ਪਤੀਆਂ ਲਈ ਤਾਂ ਕਾਨੂੰਨੀ ਸ਼ਿਕੰਜਾ ਕਸਦਿਆਂ ਉਨ੍ਹਾਂ ਨੂੰ ਜੇਲ੍ਹ ਤੱਕ ਭੇਜਣ ਦੇ ਕਾਨੂੰਨ ਬਣਾ ਦਿੱਤੇ ਹਨ, ਪਰ ਆਹ ਪੰਚਾਇਤੀ ਤਲਾਕ ਦੇ ਨਾਮ ‘ਤੇ ਮਾਸੂਮ ਔਰਤਾਂ ਨਾਲ ਹੋ ਰਹੀ ਬੇਇਨਸਾਫ਼ੀ ਕਦੋਂ ਦੂਰ ਹੋਵੇਗੀ ? ਉਨ੍ਹਾਂ ਪੁੱਤਰ ਦੀ ਮੌਤ ਦਾ ਡਰ ਦਿਖਾ ਕੇ ਜਬਰੀ ਤਲਾਕ ਕਰਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
3 ਅਗਸਤ ਨੂੰ ਉਸ ਨੇ ਖ਼ੁਦ ਪੇਸ਼ ਹੋ ਕੇ ਆਪਣੀ ਵਿਥਿਆ ਐਸ।ਐਸ।ਪੀ ਸੰਦੀਪ ਗੋਇਲ ਨੂੰ ਸੁਣਾਈ ਅਤੇ ਲਿਖਤੀ ਸ਼ਿਕਾਇਤ ਵੀ ਕੀਤੀ, ਉਨ੍ਹਾਂ ਇਸ ਦੀ ਜਾਂਚ ਡੀ।ਐਸ।ਪੀ ਦਾਖਾ ਗੁਰਬੰਸ ਸਿੰਘ ਬੈਂਸ ਨੂੰ ਸੌਂਪ ਦਿੱਤੀ। ਕਈ ਅੜਿੱਕਿਆਂ ਬਾਦ ਹੁਣ ਦੋ ਦਿਨ ਪਹਿਲਾਂ ਉਨ੍ਹਾਂ ਜਾਂਚ ਦੀ ਜ਼ਿੰਮੇਵਾਰੀ ਥਾਣਾ ਮੁਖੀ ਸੁਧਾਰ ਇੰਸਪੈਕਟਰ ਅਜਾਇਬ ਸਿੰਘ ਨੂੰ ਸੌਂਪ ਦਿੱਤੀ। ਦੋਵੇਂ ਧਿਰਾਂ ਨੂੰ ਸੁਧਾਰ ਥਾਣੇ ਵਿਚ ਬੁਲਾਇਆ ਗਿਆ ਸੀ ਪਰ ਪੰਚਾਇਤੀ ਤਲਾਕ ‘ਤੇ ਦਸਖ਼ਤ ਕਰਨ ਵਾਲੇ ਕਈ ਮੁਹਤਬਰ ਸੱਜਣ ਹੁਣ ਥਾਣੇ ਜਾਣ ਤੋਂ ਕੰਨੀ ਕਤਰਾਉਣ ਲੱਗੇ ਹਨ। ਇਸ ਸਬੰਧੀ ਅਕਾਲੀ ਆਗੂ ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ ਨੇ ਸੰਪਰਕ ਕਰਨ ‘ਤੇ ਕਿਹਾ ਕਿ ਪੰਚਾਇਤੀ ਤਲਾਕ ਕਰਾਉਣ ਵਿਚ ਮੇਰੀ ਕੋਈ ਭੂਮਿਕਾ ਨਹੀਂ ਹੈ। ਇਸ ਸਬੰਧੀ ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਅਜਾਇਬ ਸਿੰਘ ਨੇ ਕਿਹਾ ਕਿ ਕਾਨੂੰਨ ਦੀ ਨਿਗਾਹ ਵਿਚ ਅਜਿਹੇ ਤਲਾਕ ਦੀ ਕੋਈ ਅਹਿਮੀਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਵਾ ਦੋ ਸਾਲ ਦੇ ਪੁੱਤਰ ਦੀ ਮਾਂ ਨਾਲ ਇਨਸਾਫ਼ ਕੀਤਾ ਜਾਵੇਗਾ।

Real Estate