ਜੰਮੂ ਦੌਰੇ ਤੇ ਗਿਆ ਵਿਰੋਧੀ ਧਿਰਾਂ ਦਾ ਵਫ਼ਦ ਸ੍ਰੀਨਗਰ ਹਵਾਈ ਅੱਡੇ ਤੋਂ ਮੋੜਿਆ

923

ਰਾਜਪਾਲ ਨੇ ਖੁਦ ਮੈਨੂੰ ਸੱਦਿਆ ਸੀ ਤੇ ਹੁਣ ਉਹ ਕਹਿ ਰਹੇ ਹਨ ਕਿ ਤੁਸੀਂ ਨਹੀਂ ਆ ਸਕਦੇ – ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ 11 ਮੈਂਬਰੀ ਵਫ਼ਦ ਜੋ ਕਿ 370 ਹਟਾਏ ਜਾਣ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਣ ਲਈ ਕਸ਼ਮੀਰ ਗਿਆ ਸੀ, ਨੂੰ ਬੀਤੇ ਕੱਲ੍ਹ ਹੀ ਸ੍ਰੀਨਗਰ ਦੇ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ। ਇਸ ਵਫ਼ਦ ਵਿੱਚ ਅੱਠ ਸਿਆਸੀ ਪਾਰਟੀਆਂ ਕਾਂਗਰਸ, ਸੀਪੀਆਈ (ਐੱਮ), ਸੀਪੀਆਈ, ਡੀਐੱਮਕੇ, ਐੱਨਸੀਪੀ, ਜੇਡੀ (ਐੱਸ) ਆਰਜੇਡੀ ਅਤੇ ਟੀਐੱਮਸੀ ਸ਼ਾਮਲ ਸਨ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ੍ਰੀਨਗਰ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ, ‘ਸਰਕਾਰ ਨੇ ਮੈਨੂੰ ਸੱਦਾ ਦਿੱਤਾ ਸੀ। ਰਾਜਪਾਲ ਨੇ ਖੁਦ ਮੈਨੂੰ ਸੱਦਿਆ ਸੀ। ਹੁਣ ਮੈਂ ਆਇਆ ਹਾਂ ਤਾਂ ਉਹ ਕਹਿ ਰਹੇ ਹਨ ਕਿ ਤੁਸੀਂ ਨਹੀਂ ਆ ਸਕਦੇ। ਸਰਕਾਰ ਕਹਿ ਰਹੀ ਹੈ ਇੱਥੇ ਸਭ ਕੁਝ ਠੀਕ ਹੈ। ਜੇਕਰ ਇੱਥੇ ਸਭ ਕੁਝ ਠੀਕ ਹੈ ਤਾਂ ਸਾਨੂੰ ਇੱਥੇ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ। ਇਹ ਹੈਰਾਨ ਕਰਨ ਵਾਲੀ ਗੱਲ ਹੈ।’ ਸੀਪੀਆਈ (ਐੱਮ) ਨੇ ਕਿਹਾ, ‘ਵਫ਼ਦ ਨੇ ਆਉਂਦੇ ਦਿਨਾਂ ਵਿੱਚ ਜੰਮੂ ਕਸ਼ਮੀਰ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ, ਜਿੱਥੇ ਉਹ ਸੂਬੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਉੱਥੋਂ ਦੀ ਜ਼ਮੀਨੀ ਹਕੀਕਤ ਦਾ ਪਤਾ ਲਾਉਣਗੇ।’ ਪਾਰਟੀ ਨੇ ਕਿਹਾ ਕਿ ਦੇਸ਼ ਦੀਆਂ ਨਾਮੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਸ਼ਮੀਰ ਅੰਦਰ ਦਾਖਲ ਨਾ ਹੋਣ ਦੇਣਾ ਉਨ੍ਹਾਂ ਦੇ ਸਿਆਸੀ ਹੱਕਾਂ ’ਤੇ ਹਮਲਾ ਹੈ। ਉਨ੍ਹਾਂ ਨਾਲ ਹੀ ਪੁਲੀਸ ’ਤੇ ਹਵਾਈ ਅੱਡੇ ’ਤੇ ਮੀਡੀਆ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਜੇਕਰ ਕਸ਼ਮੀਰ ਵਿੱਚ ਹਾਲਾਤ ਆਮ ਵਰਗੇ ਹਨ ਤਾਂ ਸਿਆਸੀ ਆਗੂਆਂ ਨੂੰ ਲੋਕਾਂ ਨੂੰ ਮਿਲਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਸਰਕਾਰ ਝੂਝ ਬੋਲ ਰਹੀ ਹੈ ਅਤੇ ਜੰਮੂ ਕਸ਼ਮੀਰ ’ਚ ਹਾਲਾਤ ਆਮ ਨਹੀਂ ਹੈ। ਇਸੇ ਲਈ ਉਨ੍ਹਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ। ਵਫ਼ਦ ਵਿੱਚ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਤੇ ਕੇਸੀ ਵੇਣੂਗੋਪਾਲ, ਸੀਪੀਆਈ (ਐੱਮ) ਦੇ ਸੀਤਾਰਾਮ ਯੇਚੁਰੀ, ਡੀਐੱਮਕੇ ਦੇ ਤਿਰੁਚੀ ਸਿਵਾ, ਐੱਲਜੇਡੀ ਦੇ ਸ਼ਰਦ ਯਾਦਵ, ਟੀਐੱਮਸੀ ਦੇ ਦਿਨੇਸ਼ ਤ੍ਰਿਵੇਦੀ, ਸੀਪੀਆਈ ਦੇ ਡੀ ਰਾਜਾ, ਐੱਨਸੀਪੀ ਦੇ ਮਜੀਦ ਮੈਨਨ, ਆਰਜੇਡੀ ਦੇ ਮਨੋਜ ਝਾਅ ਅਤੇ ਜੇਡੀ (ਐੱਸ) ਦੇ ਡੀ ਕੁਪੇਂਦਰ ਰੈੱਡੀ ਸ਼ਾਮਲ ਸਨ।
ਇਸ ਸਬੰਧੀ ਜੰਮੂ ਕਸ਼ਮੀਰ ਦੇ ਪ੍ਰਿੰਸੀਪਲ ਸਕੱਤਰ ਰੋਹਿਤ ਕਾਂਸਲ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਸੂਬੇ ਅੰਦਰ ਅਮਨ-ਕਾਨੂੰਨ ਤੇ ਸੁਰੱਖਿਆ ਦੀ ਸਥਿਤੀ ਬਣਾਏ ਰੱਖਣਾ ਹੈ। ਉਨ੍ਹਾਂ ਕਿਹਾ ਕਿ ਵਫ਼ਦ ਨੂੰ ਕਸ਼ਮੀਰ ਦਾ ਦੌਰਾ ਨਾ ਕਰਨ ਲਈ ਕਿਹਾ ਗਿਆ ਸੀ।

Real Estate