ਅਦਾਲਤ ਵੱਲੋਂ ਠੇਕੇਦਾਰ ਨੂੰ ਪੌਣੇ ਪੰਜ ਲੱਖ ਰੁਪਏ ਫ਼ੌਰੀ ਜਮ੍ਹਾ ਕਰਾਉਣ ਦੇ ਆਦੇਸ਼

1015

ਜੁਰਮਾਨੇ ਅਤੇ ਵਿਆਜ ਦੀ ਰਕਮ ਦਾ ਹਿਸਾਬ ਬਾਅਦਚ ਲਾਇਆ ਜਾਵੇਗਾ

ਸੰਤੋਖ ਗਿੱਲ

ਗੁਰੂਸਰ ਸੁਧਾਰ /

ਪ੍ਰਾਵੀਡੈਂਟ ਫ਼ੰਡ ਸੰਗਠਨ ਦੇ ਲੁਧਿਆਣਾ ਖੇਤਰੀ ਦਫ਼ਤਰ ਦੇ ਸਹਾਇਕ ਕਮਿਸ਼ਨਰ ਮਾਨਯੋਗ ਗੁਰਦਿਆਲ ਸਿੰਘ ਦੀ ਅਦਾਲਤ ਨੇ ਪ੍ਰਾਵੀਡੈਂਟ ਫ਼ੰਡ ਕਾਨੂੰਨ ਦੀ ਧਾਰਾ 7 ਏ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਭਾਰਤੀ ਹਵਾਈ ਸੈਨਾ ਦੇ ਹਲਵਾਰਾ ਕੇਂਦਰ ਵਿਚ ਮਿਲਟਰੀ ਇੰਜੀਨੀਅਰ ਸਰਵਿਸ ਅਧੀਨ ਕੰਮ ਕਰਦੇ ਠੇਕੇਦਾਰ ਸਾਂਗਾ ਸਿੰਘ ਐਂਡ ਕੰਪਨੀ ਦੇ ਮਾਲਕ ਰਣਜੀਤ ਸਿੰਘ ਨੂੰ ਆਰਜ਼ੀ ਕਾਮਿਆਂ ਦੇ ਪ੍ਰਾਵੀਡੈਂਟ ਫ਼ੰਡ ਵਿਚ ਗ਼ਬਨ ਕੀਤੇ ਪੌਣੇ ਪੰਜ ਲੱਖ ਰੁਪਏ ਫ਼ੌਰੀ ਜਮ੍ਹਾ ਕਰਾਉਣ ਦੇ ਹੁਕਮ ਸੁਣਾਏ ਹਨ। ਇੱਕ ਸਾਲ ਤੋਂ ਵੀ ਵਧੇਰੇ ਲੰਬੀ ਸੁਣਵਾਈ ਤੋਂ ਬਾਅਦ ਸੁਣਾਏ ਗਏ ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਕੇਸ ਵਿਚ ਵੱਖ-ਵੱਖ ਧਾਰਾਵਾਂ ਤਹਿਤ ਜੁਰਮਾਨੇ ਅਤੇ ਵਿਆਜ ਦੀ ਰਕਮ ਦਾ ਹਿਸਾਬ ਕਿਤਾਬ ਲਾ ਕੇ ਬਾਅਦ ਵਿਚ ਦੱਸਿਆ ਜਾਵੇਗਾ ਅਤੇ ਇਹ ਇਸ ਗੱਲ ‘ਤੇ ਵੀ ਨਿਰਭਰ ਕਰੇਗਾ ਕਿ ਬਣਦੀ ਰਕਮ ਜਮ੍ਹਾ ਕਰਾਉਣ ਵਿਚ ਹੋਰ ਕਿੰਨਾ ਸਮਾਂ ਲੱਗਦਾ ਹੈ।

ਹਲਵਾਰਾ ਹਵਾਈ ਕੇਂਦਰ ‘ਤੇ ਠੇਕੇਦਾਰੀ ਪ੍ਰਬੰਧ ਅਧੀਨ ਕੰਮ ਕਰਦੇ ਕਾਮਿਆਂ ਦੀ ਜਥੇਬੰਦੀ ਐਮ.ਈ.ਐਸ ਕਾਨਟ੍ਰੈਕਟ ਵਰਕਰਜ਼ ਯੂਨੀਅਨ (ਸੀਟੂ) ਦੇ ਪ੍ਰਧਾਨ ਗੁਰਪ੍ਰੀਤ ਸਿੰਘ ਟੂਸੇ ਅਤੇ ਜਨਰਲ ਸਕੱਤਰ ਸੰਤੋਖ ਸਿੰਘ ਹਲਵਾਰਾ ਨੇ ਦੱਸਿਆ ਕਿ ਨਿਗੂਣੀ ਤਨਖ਼ਾਹ ਅਤੇ ਹੋਰ ਸਹੂਲਤਾਂ ਤੋਂ ਵਾਂਝੇ ਕਾਮਿਆਂ ਦੇ ਹੱਕਾਂ ਲਈ ਜਦੋਂ ਸੰਘਰਸ਼ ਅਰੰਭ ਕੀਤਾ ਤਾਂ ਉਕਤ ਠੇਕੇਦਾਰ ਨੇ ਬਦਲਾ-ਲਊ ਭਾਵਨਾ ਅਧੀਨ 15-15 ਸਾਲਾਂ ਤੋਂ ਕੰਮ ਕਰਦੇ ਆਰਜ਼ੀ ਕਾਮਿਆਂ ਨੂੰ ਕੰਮ ਤੋਂ ਜਵਾਬ ਦੇ ਕੇ ਘਰਾਂ ਨੂੰ ਤੋਰ ਦਿੱਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਸਾਲਾਂ ਤੋਂ ਠੇਕੇਦਾਰ ਆਪਣੇ ਵਰਕਰਾਂ ਦੇ ਪ੍ਰਾਵੀਡੈਂਟ ਫ਼ੰਡ ਦੀ ਕਟੌਤੀ ਤਾਂ ਕਰਦਾ ਰਿਹਾ ਪਰ ਉਨ੍ਹਾਂ ਦੇ ਖਾਤੇ ਵਿਚ ਜਮ੍ਹਾ ਨਹੀਂ ਕਰਵਾਉਂਦਾ ਸੀ। ਆਪਣੀ ਪਤਨੀ ਪਰਮਜੀਤ ਕੌਰ ਅਤੇ ਭਰਾ ਮਨਜੀਤ ਸਿੰਘ ਨੂੰ ਕੰਪਨੀ ਦੇ ਵਰਕਰ ਵਜੋਂ ਦਰਜ ਕਰ ਕੇ ਉਨ੍ਹਾਂ ਦੇ ਖਾਤਿਆਂ ਵਿਚ ਤਾਂ ਪ੍ਰਾਵੀਡੈਂਟ ਫ਼ੰਡ ਜਮ੍ਹਾ ਕਰਾਉਂਦਾ ਰਿਹਾ। ਯੂਨੀਅਨ ਆਗੂ ਨੇ ਦੋਸ਼ ਲਾਇਆ ਕਿ ਇਹ ਸਾਰੀ ਕਥਿਤ ਘਪਲੇਬਾਜ਼ੀ ਵਿਚ ਗੈਰੀਸਨ ਇੰਜੀਨੀਅਰ ਦੀ ਮਿਲੀਭੁਗਤ ਬਿਨਾ ਸੰਭਵ ਹੀ ਨਹੀਂ ਸੀ। ਉਨ੍ਹਾਂ ਇਸ ਅਦਾਲਤੀ ਫ਼ੈਸਲੇ ਦੇ ਮੱਦੇਨਜ਼ਰ ਗੈਰੀਸਨ ਇੰਜੀਨੀਅਰ ਪ੍ਰਵੀਨ ਕੁਮਾਰ ਖ਼ਿਲਾਫ਼ ਹਵਾਈ ਸੈਨਾ ਅਤੇ ਮਿਲਟਰੀ ਇੰਜੀਨੀਅਰ ਸਰਵਿਸ ਦੇ ਉੱਚ ਅਧਿਕਾਰੀਆਂ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਠੇਕੇਦਾਰ ਸਾਂਗਾ ਸਿੰਘ ਐਂਡ ਕੰਪਨੀ ਦੇ ਮਾਲਕ ਰਣਜੀਤ ਸਿੰਘ ਵਾਸੀ ਪਿੰਡ ਅੱਬੂਵਾਲ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 409 ਅਤੇ 420 ਤਹਿਤ 20 ਮਾਰਚ 2018 ਨੂੰ ਥਾਣਾ ਮੁਕੱਦਮਾ ਵੀ ਦਰਜ ਹੋਇਆ ਸੀ। ਜਿਸ ਦੀ ਸੁਣਵਾਈ ਜਗਰਾਉਂ ਅਦਾਲਤ ਵਿਚ ਵੱਖਰੇ ਤੌਰ ‘ਤੇ ਜਾਰੀ ਹੈ। ਯੂਨੀਅਨ ਆਗੂਆਂ ਨੇ ਬਾਕੀ ਠੇਕੇਦਾਰਾਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ ਹੈ।

Real Estate