ਸ਼ਾਹਕੋਟ ‘ਚ ਹੈਲੀਕਾਪਟਰਾਂ ਰਾਹੀਂ ਰਾਹਤ ਪਹੁੰਚਾਈ ਜਾ ਰਹੀ ਹੈ ਮਦਦ

776

ਜਲੰਧਰ ਦੇ ਸ਼ਾਹਕੋਟ ਸਬ ਡਵੀਜ਼ਨ ਵਿਚ ਆਏ ਪਿਛਲੇ ਕਈ ਦਿਨਾਂ ਤੋਂ ਹੜ੍ਹ ਨਾਲ ਪ੍ਰਭਾਵਤ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ ਦੇ ਹੈਲੀਕਾਪਟਰਾਂ ਰਾਹੀਂ ਰਾਹਤ ਪਹੁੰਚਾਈ ਜਾ ਰਹੀ ਹੈ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਵੇਰ ਸਮੇਂ 18 ਪਿੰਡਾਂ ਵਿਚ ਭਾਰਤੀ ਫੌਜ ਦੀ ਮਦਦ ਨਾਲ 36000 ਪਰੌਠੇ ਵੰਡੇ ਗਏ। ਫੌਜ ਅਤੇ ਹਵਾਈ ਫੌਜ ਦੇ ਛੇ ਹੈਲੀਕਾਪਟਰਾਂ ਦੀ ਮਦਦ ਨਾਲ ਪ੍ਰਭਾਵਿਤ ਲੋਕਾਂ ਲਈ 36000 ਪਰੌਂਠੇ, ਪਾਣੀ ਅਤੇ ਸੁੱਕੇ ਰਾਸ਼ਨ ਦੇ 18,000 ਪੈਕੇਟ ਵੰਡੇ ਗਏ।ਲੋਹੀਆਂ ਖੇਤਰ ਦੇ ਹੜ੍ਹ ਪੀੜਤਾਂ ਨੂੰ ਫੌਜ ਵਲੋਂ ਹੈਲੀਕਾਪਟਰ ਰਾਹੀਂ ਖਾਣ-ਪੀਣ ਦਾ ਸਮਾਨ ਸੁੱਟਿਆ ਰਿਹਾ ਹੈ।ਤਹਿਸੀਲ ਲੋਹੀਆਂ ਦੇ ਵੱਖ-ਵੱਖ ਪਿੰਡਾਂ ਅੰਦਰ ਪਾਣੀ ਦਾ ਪੱਧਰ ਭਾਵੇਂ ਪਹਿਲਾਂ ਨਾਲੋਂ ਕੁਝ ਘੱਟ ਹੋ ਰਿਹਾ ਹੈ ਪਰ ਅਜੇ ਵੀ ਦਰਿਆ ਦਾ ਪਾਣੀ ਬੰਨ੍ਹ ਟੁੱਟਣ ਕਾਰਨ ਯੂਸਫ਼ਪੁਰ ਦਾਰੇਵਾਲ, ਯੂਸ਼ਫਪੁਰ ਆਲੇਵਾਲ, ਕੁਤਬੀਵਾਲ, ਗਿੱਦੜਪਿੰਡੀ, ਵਾੜਾ ਜੋਧ ਸਿੰਘ, ਮਾਣਕ, ਨਸੀਰਪੁਰ ਆਦਿ ਪਿੰਡਾਂ ‘ਚ ਭਰ ਰਿਹਾ ਹੈ। ਹੜ੍ਹ ‘ਚ ਫਸੇ ਲੋਕਾਂ ਦੇ ਬਚਾਅ ਲਈ ਫੌਜ, ਪ੍ਰਸ਼ਾਸਨ, ਸਮਾਜ ਸੇਵਕਾਂ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਰਾਹਤ ਕਾਰਜਾਂ ‘ਚ ਤੇਜ਼ੀ ਲਿਆਂਦੀ ਗਈ ਹੈ। ਸਵੇਰੇ ਤੜਕਸਾਰ ਹੀ ਫੌਜ ਦੇ ਜਵਾਨ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਡਿਊਟੀ ਸੰਭਾਲਦੇ ਹੋਏ ਦਰਿਆ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਏ ਜਾਣ ਅਤੇ ਉਨ੍ਹਾਂ ਲਈ ਭੋਜਨ ਆਦਿ ਰਸਦਾਂ ਪਹੁੰਚਾਏ ਜਾਣ ਦਾ ਕਾਰਜ ਅਰੰਭ ਕਰ ਦਿੱਤਾ ਗਿਆ, ਜਦਕਿ ਸਵੇਰੇ 9 ਵਜੇ ਦੇ ਕਰੀਬ ਹੈਲੀਕਾਪਟਰਾਂ ਵਲੋਂ ਵੀ ਲੋਕਾਂ ਦੀ ਮਦਦ ਲਈ ਉਡਾਣ ਭਰੀ ਗਈ। ਰਾਹਤ ਕਾਰਜਾਂ ‘ਚ ਤੇਜ਼ੀ ਲਿਆਉਂਦੇ ਹੋਏ ਸਬ ਤਹਿਸੀਲ ਲੋਹੀਆਂ ਵਿਖੇ ਹੜ੍ਹ ਪੀੜਤਾਂ ਨੂੰ ਲਾਈਫ਼ ਜੈਕਟਾਂ, ਤਰਪਾਲ, ਬੋਰੇ ਅਤੇ ਪਿੰਡ ਗਿੱਦੜਪਿੰਡੀ ਲਈ ਬੇੜੀ ਦਿੱਤੀ ਗਈ।

Real Estate