ਰੋਪੜ ਦੇ ਹੜ੍ਹ ਪ੍ਰਭਾਵਿਤ ਸਕੂਲਾਂ ‘ਚ 2 ਦਿਨ ਦੀ ਛੁੱਟੀ

ਪੰਜਾਬ ਵਿਚ ਬੇਸ਼ੱਕ ਬਾਰਸ਼ ਰੁੱਕ ਗਈ ਹੈ, ਪਰ ਅਜੇ ਵੀ ਹੜ੍ਹ ਦਾ ਖ਼ਤਰਾ ਘੱਟ ਨਹੀਂ ਹੋਇਆ ਹੈ। ਹਿਮਾਚਲ ਪ੍ਰਦੇਸ਼ ‘ਚ ਮੀਂਹ ਕਰ ਕੇ ਭਾਖੜਾ ਬੰਨ੍ਹ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ।ਜ਼ਿਲ੍ਹਾ ਰੂਪਨਗਰ ‘ਚ ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਮਗਰੋਂ ਭਾਖੜਾ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਸਵਾਂ ਅਤੇ ਬੁਦਕੀ ਨਦੀਆਂ ‘ਚ ਪਾਣੀ ਦੀ ਮਾਤਰਾ ਵਧਣ ਕਾਰਨ ਇਲਾਕੇ ‘ਚ ਆਏ ਹੜ੍ਹ ਕਾਰਨ ਪ੍ਰਸ਼ਾਸਨ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਰੂਪ ਨਗਰ ਦੇ ਸਤਲੁਜ ਦਰਿਆ ਨਾਲ ਲੱਗਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ‘ਚ 21 ਅਤੇ 22 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਸਤੁਲਜ ਦਰਿਆ ਦਾ ਪਾਣੀ ਵੱਡੀ ਪੱਧਰ ‘ਤੇ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਤਲੁਜ ਦਰਿਆ ਦੇ ਟੁੱਟੇ ਹੋਏ 7ਵੇਂ ਬੰਨ੍ਹ ਦਾ ਜਾਇਜ਼ਾ ਲੈਣ ਲਈ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਹਲਕੇ ਦੀ ਸੁਰੱਖਿਆ ਨੂੰ ਬਣਾਏ ਰੱਖਣ ਲਈ ਬੰਨ੍ਹ ਬਣਾ ਕੇ ਰੱਖੇ ਹੋਏ ਹਨ, ਜਿਨ੍ਹਾਂ ‘ਤੇ ਪਿਛਲੇ 4 ਦਿਨ ਤੋਂ ਮਿੱਟੀ ਪਾਈ ਜਾ ਰਹੀ ਹੈ। ਇਸ ਬੰਨ੍ਹ ਨੂੰ ਬਚਾਉਣ ਲਈ ਅਸੀਂ ਜਲੰਧਰ ਵਾਲਿਆਂ ਨੂੰ ਵੀ 10 ਹਜ਼ਾਰ ਬੋਰੀਆਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਇਸ ਵਾਰ ਪਾਣੀ ਦਾ ਪੱਧਰ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਲਈ ਉਨ੍ਹਾਂ ਵਲੋਂ ਭਰੋਣਾ ਪਿੰਡ ‘ਚ ਕੈਂਪ ਲਗਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਸੁਰੱਖਿਆ ਦੀ ਮਦਦ ਕੀਤੀ ਜਾ ਰਹੀ ਹੈ। ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਠਹਿਰਣ, ਖਾਣ ਪੀਣ, ਪਸ਼ੂਆਂ ਨੂੰ ਰੱਖਣ ਅਤੇ ਸਰਕਾਰ ਵਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ।

Real Estate