ਹੁੱਡਾ ਬਗਾਵਤ ਵੱਲ

1109

ਹਰਿਆਣਾ ’ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੀ ਪਾਰਟੀ ਖ਼ਿਲਾਫ਼ ਬਗ਼ਾਵਤੀ ਤੇਵਰ ਹੋਰ ਤਿੱਖੇ ਕਰ ਲਏ। ਉਂਜ ਉਨ੍ਹਾਂ ਰੋਹਤਕ ‘ਚ ਕੀਤੀ ਗਈ ਰੈਲੀ ਦੌਰਾਨ ਪਾਰਟੀ ਛੱਡਣ ਦਾ ਖੁੱਲ੍ਹ ਕੇ ਐਲਾਨ ਤਾਂ ਨਹੀਂ ਕੀਤਾ। ਕਾਂਗਰਸ ਹਾਈਕਮਾਂਡ ਸ਼ਨਿਚਰਵਾਰ ਤੋਂ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ’ਚ ਹੈ ਅਤੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਗੁਲਾਮ ਨਬੀ ਆਜ਼ਾਦ ਨੇ ਉਨ੍ਹਾਂ ਨੂੰ ਪਾਰਟੀ ’ਚ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ ਹੈ। ‘ਮਹਾ ਪਰਿਵਰਤਨ ਰੈਲੀ’ ਨੂੰ ਸੰਬੋਧਨ ਕਰਦਿਆਂ ਹੁੱਡਾ ਨੇ 25 ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਜੋ ਭਵਿੱਖ ਦਾ ਫ਼ੈਸਲਾ ਲਵੇਗੀ। ਇਸ ਤੋਂ ਜਾਪਦਾ ਹੈ ਕਿ ਉਹ ਆਪਣੇ ਸਮਰਥਕਾਂ ਨਾਲ ਕਾਂਗਰਸ ਨੂੰ ਛੱਡ ਕੇ ਨਵਾਂ ਧੜਾ ਜਾਂ ਪਾਰਟੀ ਬਣਾ ਸਕਦੇ ਹਨ। ਕਮੇਟੀ ’ਚ ਉਨ੍ਹਾਂ ਦੇ ਸਮਰਥਕ 13 ਕਾਂਗਰਸ ਵਿਧਾਇਕ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਹਰਿਆਣਾ ਦੇ ਲੋਕਾਂ ਦੇ ਭਵਿੱਖ ਦਾ ਸਵਾਲ ਹੈ ਅਤੇ ਉਹ ਇਕੱਲਿਆਂ ਫ਼ੈਸਲਾ ਨਹੀਂ ਲੈ ਸਕਦੇ ਹਨ ਜਿਸ ਕਰਕੇ 25 ਮੈਂਬਰੀ ਕਮੇਟੀ ਬਣਾਈ ਜਾਵੇਗੀ। ਹੁੱਡਾ ਮੁਤਾਬਕ ਇਸ ਦਾ ਫ਼ੈਸਲਾ ਬਾਅਦ ’ਚ ਚੰਡੀਗੜ੍ਹ ’ਚ ਐਲਾਨਿਆ ਜਾਵੇਗਾ। ਧਾਰਾ 370 ਨੂੰ ਮਨਸੂਖ਼ ਕਰਨ ਦੀ ਹਮਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮੁੱਦੇ ’ਤੇ ਗੁੰਮਰਾਹ ਹੋ ਗਈ। ਉਨ੍ਹਾਂ ਕਿਹਾ ਕਿ ਭਾਜਪਾ 370 ਦਾ ਸਹਾਰਾ ਲੈ ਕੇ ਹਰਿਆਣਾ ’ਚ ਆਪਣੀ ਬੇੜੀ ਪਾਰ ਕਰਵਾਉਣਾ ਚਾਹੁੰਦੀ ਹੈ।
ਰੈਲੀ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਹ ਦੁਬਾਰਾ ਹਰਿਆਣਾ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦੀ ਅਗਵਾਈ ਹੇਠਲੀ ਸਰਕਾਰ ’ਚ ਚਾਰ ਉਪ ਮੁੱਖ ਮੰਤਰੀ ਹੋਣਗੇ। ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ 5 ਹਜ਼ਾਰ ਰੁਪਏ, ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ, ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ, ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀਆਂ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਦੇਣ, ਬੀਪੀਐੱਲ ਪਰਿਵਾਰਾਂ ਨੂੰ 300 ਯੂਨਿਟ ਤਕ ਦੀ ਬਿਜਲੀ ਮੁਫ਼ਤ ਦੇਣ, ਮਹਿਲਾਵਾਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ’ਚ ਮੁਫ਼ਤ ਯਾਤਰਾ, ਬੀਪੀਐੱਲ ਪਰਿਵਾਰਾਂ ਨੂੰ ਦੋ ਰੁਪਏ ’ਚ ਕਣਕ ਅਤੇ ਚੌਲ ਦੇਣ ਆਦਿ ਜਿਹੇ ਵਾਅਦੇ ਕੀਤੇ।

Real Estate