ਤੀਜੇ ਦਿਨ ਵੀ ਰਾਤ ਸਮੇਂ ਹਲਵਾਰਾ ਹਵਾਈ ਅੱਡੇ ਲਾਗੇ ਪੁਲਿਸ ਵੱਲੋਂ ਕੰਘਾ-ਕਰੂ ਮੁਹਿੰਮ ਜਾਰੀ

1352

ਹਵਾਈ ਸੈਨਾ ਦੇ ਘਰੇਲੂ ਕੰਪਲੈਕਸ ਦੁਆਲੇ ਵਸੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਮੁਹਿੰਮ ਜਾਰੀ

ਗੁਰੂਸਰ ਸੁਧਾਰ / ਸੰਤੋਖ ਗਿੱਲ

ਅੱਜ ਤੀਜੇ ਦਿਨ ਵੀ ਸੂਰਜ ਢਲਦੇ ਸਾਰ ਭਾਰੀ ਗਿਣਤੀ ਪੁਲਿਸ ਮੁਲਾਜ਼ਮਾਂ ਨੇ ਭਾਰਤੀ ਹਵਾਈ ਸੈਨਾ ਦੇ ਹਲਵਾਰਾ ਹਵਾਈ ਅੱਡੇ ਦੇ ਨਾਲ ਲੱਗਦੇ ਇਲਾਕਿਆਂ ਵਿਚ ਡੀ।ਐਸ।ਪੀ ਦਾਖਾ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਰਹਾਇਸ਼ੀ ਇਲਾਕਿਆਂ ਨੂੰ ਘੇਰਾ ਪਾ ਕੇ ਅਚਾਨਕ ਤਲਾਸ਼ੀ ਸ਼ੁਰੂ ਕਰ ਦਿੱਤੀ ਅਤੇ ਕਾਫ਼ੀ ਦੇਰ ਤੱਕ ਲੋਕਾਂ ਨੂੰ ਪੁਲਿਸ ਦੀ ਇਸ ਕੰਘਾ-ਕਰੂ ਮੁਹਿੰਮ ਬਾਰੇ ਕੋਈ ਸਮਝ ਹੀ ਨਹੀਂ ਆਈ। ਅੱਜ ਪਹਿਲੀ ਵਾਰ ਪੁਲਿਸ ਅਧਿਕਾਰੀਆਂ ਨੇ ਮੰਨਿਆ ਕਿ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਇਹ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਡੀ।ਐਸ।ਪੀ ਦਾਖਾ ਗੁਰਬੰਸ ਸਿੰਘ ਬੈਂਸ ਨੇ ਇਹ ਵੀ ਕਿਹਾ ਕਿ ਕੇਂਦਰੀ ਏਜੰਸੀਆਂ ਵੱਲੋਂ ਕੁੱਝ ਅਹਿਮ ਜਾਣਕਾਰੀਆਂ ਮਿਲਣ ਬਾਅਦ ਇਹ ਮੁਹਿੰਮ ਤੇਜ਼ ਕੀਤੀ ਗਈ ਹੈ। ਇਹ ਮੁਹਿੰਮ ਪਿੰਡ ਰੱਤੋਵਾਲ ਦੇ ਬਾਹਰਵਾਰ ਬਣੇ ਰਹਾਇਸ਼ੀ ਇਲਾਕਿਆਂ ਵਿਚ ਦੇਰ ਰਾਤ ਤੱਕ ਜਾਰੀ ਰਹੀ।
ਇਸ ਮੁਹਿੰਮ ਵਿਚ ਥਾਣਾ ਸੁਧਾਰ ਦੇ ਐਸ।ਐਚ।ਓ ਇੰਸਪੈਕਟਰ ਅਜਾਇਬ ਸਿੰਘ, ਥਾਣਾ ਦਾਖਾ ਮੁਖੀ ਹਰਜਿੰਦਰ ਸਿੰਘ ਤੋਂ ਇਲਾਵਾ ਪੁਲਿਸ ਲਾਈਨ ਜਗਰਾਉਂ ਤੋਂ ਪੁੱਜੀਆਂ ਕਈ ਪੁਲਿਸ ਅਫ਼ਸਰ ਔਰਤਾਂ ਵੀ ਸ਼ਾਮਲ ਸਨ। ਕਮਾਂਡੋ ਫੋਰਸ ਦੇ ਕਰਮਚਾਰੀ ਅਤੇ ਭਾਰਤੀ ਰਿਜ਼ਰਵ ਬਟਾਲੀਅਨ ਦੇ ਪੁਲਿਸ ਮੁਲਾਜ਼ਮ ਵੀ ਮੁਹਿੰਮ ਵਿਚ ਸ਼ਾਮਲ ਸਨ। ਮੁੱਖ ਸੜਕਾਂ ਤੋਂ ਇਲਾਵਾ ਛੋਟੀਆਂ ਗਲੀਆਂ ਅਤੇ ਮੁਹੱਲਿਆਂ ਨੂੰ ਜੋੜਦੇ ਕੱਚੇ ਰਾਹ ਵੀ ਪੁਲਿਸ ਨੇ ਨਾਕੇ ਲਾ ਕੇ ਸੀਲ ਕੀਤੇ ਹੋਏ ਸਨ, ਇੱਥੋਂ ਤੱਕ ਕਿ ਪਗਡੰਡੀਆਂ ਵੀ ਪੁਲਿਸ ਦੇ ਘੇਰੇ ‘ਚ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੱਝ ਸ਼ੱਕੀ ਬੰਦਿਆਂ ਦੇ ਘਰਾਂ ਦੀ ਤਲਾਸ਼ੀ ਵਿਸ਼ੇਸ਼ ਤੌਰ ‘ਤੇ ਕੀਤੀ ਗਈ, ਹਾਲਾਂਕਿ ਪੁਲਿਸ ਅਫ਼ਸਰਾਂ ਨੇ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਜਾਂ ਕੋਈ ਸ਼ੱਕੀ ਚੀਜ਼ ਮਿਲਣ ਦੀ ਪੁਸ਼ਟੀ ਨਹੀਂ ਕੀਤੀ ਹੈ। ਡੀ।ਐਸ।ਪੀ ਦਾਖਾ ਗੁਰਬੰਸ ਸਿੰਘ ਬੈਂਸ ਨੇ ਇਹ ਵੀ ਕਿਹਾ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਉੱਪਰ ਵੀ ਖ਼ਾਸ ਤਵੱਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਦੇ ਨਾਲ ਲੱਗਦੇ ਹੋਰ ਪਿੰਡਾਂ ਵਿਚ ਵੀ ਇਹ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸ਼ੱਕੀ ਵਿਅਕਤੀਆਂ ਬਾਰ ਪੁਲਿਸ ਨੂੰ ਫ਼ੌਰੀ ਸੂਚਿਤ ਕੀਤਾ ਜਾਵੇ।

 

Upload Files

Real Estate