ਭਾਰਤ ਅਤੇ ਪਾਕਿਸਤਾਨ ਵਿਚ ਵਧੀ ਤਲਖ਼ੀ ਕਾਰਨ ਹਲਵਾਰਾ ਹਵਾਈ ਅੱਡੇ ਦੀ ਸੁਰੱਖਿਆ ਵਧਾਈ

1273

ਦੋਵੇਂ ਕੇਂਦਰੀ ਸਕੂਲ ਸੋਮਵਾਰ ਤੱਕ ਅਤੇ ਏਅਰ ਫੋਰਸ ਸਕੂਲ ਮੰਗਲਵਾਰ ਨੂੰ ਵੀ ਬੰਦ ਰੱਖਣ ਦੇ ਆਦੇਸ਼, ਲਾਗਲੇ ਪਿੰਡ ਐਤੀਆਣਾ ਵਿਚ ਵਿਸ਼ੇਸ਼ ਤਲਾਸ਼ੀ ਮੁਹਿੰਮ

ਗੁਰੂਸਰ ਸੁਧਾਰ / ਸੰਤੋਖ ਗਿੱਲ

ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਤੋਂ ਬਾਅਦ ਗੁਆਂਢੀ ਦੇਸ਼ ਪਾਕਿਸਤਾਨ ਨਾਲ ਤਲਖ਼ੀ ਵਧਣ ਕਰ ਕੇ ਬੀਤੀ ਰਾਤ ਤੋਂ ਉੱਤਰੀ ਭਾਰਤ ਦੇ ਸਭ ਤੋਂ ਅਹਿਮ ਹਵਾਈ ਟਿਕਾਣੇ ਹਲਵਾਰਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਸਥਿਤ ਭਾਰਤੀ ਹਵਾਈ ਸੈਨਾ ਦੇ ਅਫ਼ਸਰਾਂ ਦੀ ਕਾਲੋਨੀ “ਅਫ਼ਸਰ ਐਨਕਲੇਵ” ਦੇ ਮੁੱਖ ਗੇਟ ਤੋਂ ਨੇੜੇ ਹੀ ਪੁਲਿਸ ਨੇ ਜ਼ਬਰਦਸਤ ਨਾਕੇਬੰਦੀ ਕਰ ਕੇ ਗੱਡੀਆਂ ਮੋਟਰਾਂ ਅਤੇ ਸਕੂਟਰ, ਮੋਟਰ ਸਾਈਕਲਾਂ ਦੀ ਬਰੀਕੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਮੂੰਹ ਬੰਨ੍ਹ ਕੇ ਮੋਟਰ ਸਾਈਕਲ ਜਾਂ ਸਕੂਟਰ ਚਲਾਉਣ ਵਾਲਿਆਂ ਦੇ ਤਾਂ ਬਹਾਨੇ ਨਾਲ ਚਲਾਨ ਵੀ ਕੱਟੇ ਜਾ ਰਹੇ ਹਨ।ਜ਼ਿਲ੍ਹੇ ਦੇ ਸਾਰੇ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਭਾਵੇਂ ਇਸ ਨੂੰ ਆਮ ਚੈਕਿੰਗ ਦਾ ਨਾਂ ਦੇ ਰਹੇ ਹਨ, ਪਰ ਇਸ ਕੰਮ ਲਈ ਲੁਧਿਆਣਾ ਦਿਹਾਤੀ, ਲੁਧਿਆਣਾ ਸ਼ਹਿਰੀ, ਖੰਨਾ, ਜਲੰਧਰ ਅਤੇ ਕਪੂਰਥਲਾ ਤੋਂ ਵੀ ਪੁਲਿਸ ਮੁਲਾਜ਼ਮ ਬੁਲਾਏ ਗਏ ਹਨ। ਅੱਜ ਹਵਾਈ ਅੱਡੇ ਦੇ ਬਿਲਕੁਲ ਨਾਲ ਲਗਦੇ ਪਿੰਡ ਐਤੀਆਣਾ ਵਿਚ ਵੀ ਪੁਲਿਸ ਨੇ ਚੁੱਪ-ਚੁਪੀਤੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਅਤੇ ਇਸ ਦੀ ਭਿਣਕ ਪੱਤਰਕਾਰਾਂ ਨੂੰ ਵੀ ਨਹੀਂ ਲੱਗਣ ਦਿੱਤੀ। ਪਿੰਡ ਵਾਸੀਆਂ ਅਨੁਸਾਰ ਕਿਸੇ ਨੂੰ ਪਿੰਡ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਅਤੇ ਨਾ ਹੀ ਕਾਫ਼ੀ ਸਮਾਂ ਕਿਸੇ ਬਾਹਰੀ ਬੰਦੇ ਨੂੰ ਪਿੰਡ ਵਿਚ ਦਾਖਲ ਹੋਣ ਦਿੱਤਾ ਗਿਆ। ਖੇਤਾਂ ਵਿਚ ਬਣੇ ਮੋਟਰਾਂ ਵਾਲੇ ਕੋਠਿਆਂ ਦੀ ਵੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ ਹੈ।ਹਵਾਈ ਕੇਂਦਰ ਹਲਵਾਰਾ ਦੇ ਘੇਰੇ ਵਿਚ ਚੱਲਦੇ ਕੇਂਦਰੀ ਵਿਦਿਆਲਿਆ ਨੰਬਰ 1 ਅਤੇ 2 ਨੂੰ ਸੋਮਵਾਰ ਤੱਕ ਬੰਦ ਕਰਨ ਦੇ ਜ਼ੁਬਾਨੀ ਆਦੇਸ਼ ਦਿੱਤੇ ਗਏ ਹਨ ਅਤੇ ਹਵਾਈ ਸੈਨਾ ਦੇ ਘਰੇਲੂ ਕੰਪਲੈਕਸ ਦੇ ਅੰਦਰ ਚੱਲਦੇ ਏਅਰ ਫੋਰਸ ਸਕੂਲ ਨੂੰ ਮੰਗਲਵਾਰ ਤੱਕ ਬੰਦ ਕਰਨ ਦੇ ਆਦੇਸ਼ ਜਾਰੀ ਹੋਏ ਹਨ। ਇਸ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਭੇਜੇ ਸਮੂਹਿਕ ਫ਼ੋਨ ਸੁਨੇਹਿਆਂ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਕਾਰਨਾਂ ਕਰ ਕੇ ਅਗਲੇ ਤਿੰਨ ਦਿਨਾਂ ਲਈ ਬੱਚੇ ਸਕੂਲ ਨਾ ਭੇਜੇ ਜਾਣ। ਨਾਕਿਆਂ ‘ਤੇ ਖੜ੍ਹੇ ਕੁੱਝ ਪੁਲਿਸ ਕਰਮਚਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਨਾਕੇਬੰਦੀ ਦਾ ਮੁੱਖ ਮਕਸਦ ਹਵਾਈ ਕੇਂਦਰ ਦੀ ਸੁਰੱਖਿਆ ਹੀ ਹੈ।

Real Estate