ਭਾਖੜਾ ਡੈਮ ‘ਚ ਵਧਿਆ ਪਾਣੀ ਦਾ ਪੱਧਰ, ਦਰਿਆ ਨੇੜਲੇ ਇਲਾਕਿਆਂ ਨੂੰ ਚਿਤਾਵਨੀ ਜਾਰੀ

ਹਿਮਾਚਲ ਪ੍ਰਦੇਸ਼ ‘ਚ ਇਸ ਵਾਰ ਪੈ ਰਹੇ ਲਗਾਤਾਰ ਮੀਹਾਂ ਕਾਰਨ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਕਰੀਬ 1,670 ਫੁੱਟ ਤੱਕ ਪੁੱਜ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਭਾਖੜਾ ਦੇ ਪਾਣੀ ਦਾ ਲੈਵਲ 10 ਫੁੱਟ ਤੱਕ ਹੋਰ ਵਧ ਗਿਆ ਤਾਂ ਉਨ੍ਹਾਂ ਨੂੰ ਫਲੱਡਗੇਟਸ ਖੋਲ੍ਹਣੇ ਪੈਣਗੇ। ਇਸ ਸਬੰਧੀ ਭਾਖੜਾ ਬਿਆਸ ਬੋਰਡ ਮੈਨੇਜਮੈਂਟ ਬੋਰਡ ਵੱਲੋਂ ਦਰਿਆ ਦੇ ਕੰਢੇ ‘ਤੇ ਵਸਦੇ ਪਿੰਡਾਂ ਲਈ ਇੱਕ ਚੇਤਾਵਨੀ ਜਾਰੀ ਕੀਤੀ ਗਈ ਜਿਸ ‘ਚ ਕਿਹਾ ਗਿਆ ਹੈ ਕਿ ਜੇ ਫਲੱਡਗੇਟਸ ਰਾਹੀਂ ਪਾਣੀ ਛੱਡਣ ਦੀ ਸਥਿਤੀ ਉਤਪੰਨ ਹੁੰਦੀ ਹੈ ਤਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਛੱਡਣੇ ਪੈ ਸਕਦੇ ਹਨ। ਮੀਂਹ ਦੇ ਮੌਸਮ ਤੋਂ ਪਹਿਲਾਂ ਭਾਖੜਾ ਡੈਮ ‘ਚੋਂ 36000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਪਰ ਜਦੋਂ ਤੋਂ ਮੀਂਹ ਸ਼ੁਰੂ ਹੋਏ ਹਨ ਉਸ ਤੋਂ ਬਾਅਦ 53000 ਕਿਊਸਿਕ ਤੱਕ ਪਾਣੀ ਡੈਮ ‘ਚੋਂ ਛੱਡਿਆ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪਾਣੀ ਦਾ ਪੱਧਰ ਵਧਣ ਕਾਰਨ ਕਰੀਬ ੩ ਫੁੱਟ ਤੱਕ ਫਲੱਡਗੇਟ ਖੋਲ੍ਹ ਦਿੱਤੇ ਗਏ ਹਨ।

ਦੂਜੇ ਪਾਸੇ ਪੰਜਾਬ ਵਿੱਚ ਅਗਲੇ 48 ਤੋਂ 72 ਘੰਟਿਆਂ ਦਰਮਿਆਨ ਸੂਬੇ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਤ ਹਾਈ ਅਲਰਟ ਜਾਰੀ ਕਰਦਿਆਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਥਿਤੀ ’ਤੇ ਨੇੜਿਓਂ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਹੋਈ ਚਿਤਾਵਨੀ ਵਿੱਚ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਚੌਕਸ ਰਹਿਣ ਦੀ ਹਦਾਇਤ ਦਿੰਦਿਆਂ ਕਿਹਾ ਕਿ ਜੇਕਰ ਅਗਲੇ 2-3 ਦਿਨਾਂ ਦੌਰਾਨ ਭਾਰੀ ਮੀਂਹ ਪੈਣ ਨਾਲ ਕੋਈ ਹੰਗਾਮੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਸੂਰਤ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾਵੇ।

Real Estate