ਜੰਮੂ ਦੇ ਕਿਸ਼ਤਵਾੜ ‘ਚ ਅੱਜ ਧਾਰਾ 144 ‘ਚ ਢਿੱਲ , ਕੱਲ੍ਹ ਸ਼ਾਮ ਤੱਕ ਕਈ ਥਾਵਾਂ ‘ਤੇ ਟੈਲੀਫ਼ੋਨ ਸੇਵਾ ਸ਼ੁਰੂ ਹੋ ਜਾਵੇਗੀ

930

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ‘ਚ ਅੱਜ ਪੂਰੇ ਦਿਨ ਲਈ ਧਾਰਾ 144 ‘ਚ ਢਿੱਲ ਦਿੱਤੀ ਗਈ ਹੈ। ਧਾਰਾ 370 ਨੂੰ ਹਟਾਉਣ ਮਗਰੋਂ ਅੱਜ ਸੂਬੇ ਦੇ ਕਈ ਇਲਾਕਿਆਂ ‘ਚ ਮੋਬਾਇਲ ਇੰਟਰਨੈੱਟ ਅਤੇ ਲੈਂਡਲਾਈਨ ਸੇਵਾਵਾਂ ਨੂੰ ਵੀ ਬਹਾਲ ਕਰ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਪ੍ਰਧਾਨ ਸਕੱਤਰ ਰੋਹਿਤ ਕੰਸਲ ਵਲੋਂ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਘਾਟੀ ‘ਚ ਅਜੇ ਤੱਕ ਹਾਲਾਤ ਆਮ ਵਾਂਗ ਹਨ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਘਾਟੀ ਦੇ 15 ਥਾਣਾ ਖੇਤਰਾਂ ‘ਚ ਢਿੱਲ ਦਿੱਤੀ ਗਈ ਹੈ ਅਤੇ ਜਨਤਕ ਵਾਹਨਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੋਹਿਤ ਕੰਸਲ ਨੇ ਕਿਹਾ ਕਿ ਸੋਮਵਾਰ ਤੋਂ ਸਾਰੇ ਸਕੂਲ ਅਤੇ ਕਾਲਜ ਖੋਲ੍ਹ ਦਿੱਤੇ ਜਾਣਗੇ। ਨਾਲ ਹੀ ਸੋਮਵਾਰ ਤੋਂ ਸਾਰੇ ਸਰਕਾਰੀ ਅਦਾਰੇ ਵੀ ਪੂਰੀ ਤਰ੍ਹਾਂ ਕੰਮਕਾਜ ਕਰਨਗੇ। ਉਨ੍ਹਾਂ ਨੇ ਉਮੀਦ ਜਤਾਉਂਦਿਆਂ ਕਿਹਾ ਕਿ ਕੱਲ੍ਹ ਸ਼ਾਮ ਤੱਕ ਘਾਟੀ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਬਾਕੀ ਥਾਵਾਂ ‘ਤੇ ਟੈਲੀਫ਼ੋਨ ਸੇਵਾ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਜੰਮੂ ‘ਚ ਲੈਂਡਲਾਈਨ ਅਤੇ ਮੋਬਾਇਲ ਇੰਟਰਨੈੱਟ ਸੇਵਾ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਅਸੀਂ ਪੰਜ ਜ਼ਿਲ੍ਹਿਆਂ ‘ਚ ਮੋਬਾਇਲ ਇੰਟਰਨੈੱਟ ਸੇਵਾ ਸ਼ੁਰੂ ਕਰ ਦਿੱਤੀ ਹੈ।

Real Estate