ਨਿਊਜ਼ੀਲੈਂਡ ਵੀਜ਼ਾ ਧਾਰਿਕਾਂ ਨੂੰ ਨਕਲੀ ਇਮੀਗ੍ਰੇਸ਼ਨ ਅਫਸਰ ਬਣ ਤੇ ਫਿਰ ‘ਪੁਲਿਸ ਚੈਕ’ ਦਾ ਡਰਾਵਾ ਦੇ ਕੇ ਧੋਖਾ-ਧੜੀ ਕਰਨ ਵਾਲੇ ਹੋਏ ਸਰਗਰਮ

1170

ਔਕਲੈਂਡ 16 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਪਹਿਲਾਂ ਵੀਜ਼ਾ ਮਿਲਣਾ ਐਨਾ ਔਖਾ ਹੁੰਦਾ ਹੈ ਅਤੇ ਜੇਕਰ ਮਿਲ ਜਾਵੇ ਤਾਂ ਵੀਜ਼ੇ ਦੇ ਵੈਰੀ ਵੀ ਨਾਲ ਹੀ ਪੈਦਾ ਹੋ ਜਾਂਦੇ ਹਨ। ਇਹ ਵੈਰੀ ਤਾਂ ਵੀਜ਼ੇ ਤੋਂ ਪਹਿਲਾਂ ਹੀ ਮੰਡਰਾਉਂਦੇ ਹੁੰਦੇ ਹਨ ਪਰ ਕਈ ਵਾਰ ਬੰਦਾ ਬਚਾ ਕਰ ਜਾਂਦਾ ਪਰ ਇਹ ਵੈਰੀ ਮਗਰ-ਮਗਰ ਵਿਦੇਸ਼ ਵੀ ਪਹੁੰਚ ਜਾਂਦੇ ਹਨ। ਨਿਊਜ਼ੀਲੈਂਡ ਵੀਜ਼ਾ ਧਾਰਿਕਾਂ ਨੂੰ ਅੱਜਕੱਲ੍ਹ ਨਕਲੀ ਇਮੀਗ੍ਰੇਸ਼ਨ ਬਣ ਕੇ ਧੋਖਾ-ਧੜੀ ਕਰਨ ਵਾਲਿਆਂ ਦੀ ਕਾਲਾਂ ਆ ਰਹੀਆਂ ਹਨ। ਇਹ ਨਕਲੀ ਕਾਲ ਕਰਨ ਵਾਲੇ ਕਹਿੰਦੇ ਹਨ ਤੁਹਾਨੂੰ ਫੀਸ ਭਰਨੀ ਪੈਣੀ ਹੈ ਕਿਉਂਕਿ ਤੁਸੀਂ ਜਦੋਂ ਆਏ ਸੀ ਤਾਂ ਅਰਾਵੀਲ ਕਾਰਡ ਉਤੇ ਕੁਝ ਗਲਤ ਭਰ ਦਿੱਤਾ ਸੀ, ਇਸ ਤੋਂ ਇਲਾਵਾ ਕਈ ਵਾਰ ਪੁਲਿਸ ਚੈਕ ਦੇ ਵਿਚ ਫੇਲ ਪਾਏ ਜਾਣ ਦਾ ਵੀ ਡਰਾਮਾ ਕਰਕੇ ਡਰਾਵਾ ਦਿੰਦੇ ਹਨ। ਉਨ੍ਹਾਂ ਦੀ ਮੰਗ ਹੁੰਦੀ ਹੈ ਕਿ ਬਣਦਾ ਜ਼ੁਰਮਾਨਾ ਜਾਂ ਫੀਸ ਜਮ੍ਹਾ ਕਰਵਾ ਦਿਓ ਨਹੀਂ ਤਾਂ ਵੀਜ਼ਾ ਕੈਂਸਲ ਹੋ ਸਕਦਾ ਹੈ। ਵਾਪਿਸ ਤੁਹਾਡੇ ਦੇਸ਼ ਭੇਜਣ ਵਾਸਤੇ ਵੀ ਧਮਕੀ ਦਿਤੀ ਜਾਂਦੀ ਹੈ। ਇਹ ਧੋਖੇਬਾਜ ਇਕ ਤਕਨਾਲੋਜੀ ‘ਕਾਲਰ ਆਈ। ਡੀ। ਸੂਫਿੰਗ’ ਦਾ ਪ੍ਰਯੋਗ ਕਰਦੇ ਹਨ ਜਿਸ ਦੇ ਰਾਹੀਂ ਕਾਲ ਕਰਨ ਵਾਲੇ ਅਸਲ ਨੰਬਰ ਨੰਬਰ ਦੀ ਥਾਂ ਕੋਈ ਵੀ ਨੰਬਰ ਦੂਸਰੇ ਫੋਨ ਨੰਬਰ ਉਤੇ ਦਰਸਾਇਆ ਜਾ ਸਕਦਾ ਹੈ। ਇਹ ਸਰਵਿਸ 2004 ਦੇ ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਬਹੁਤ ਸਾਰ ਦੇਸ਼ਾਂ ਦੇ ਵਿਚ ਇਸ ਉਤੇ ਰੋਕ ਲਗਾ ਦਿੱਤੀ ਗਈ ਸੀ। ਧੋਖੇਬਾਜ ਵੈਸਟਰਨ ਯੂਨੀਅਨ ਰਾਹੀਂ ਪੈਸੇ ਦੀ ਮੰਗ ਕਰਦੇ ਹਨ। ਕਾਲ ਕਰਨ ਵਾਲੇ ਤੁਹਾਡਾ ਨਾਂਅ ਅਤੇ ਜਨਮ ਤਰੀਕ ਆਦਿ ਜਾਣਦੇ ਹੁੰਦੇ ਹਨ। ਅੱਜਕਲ੍ਹ ਇਨ੍ਹਾਂ ਫੋਨ ਨੰਬਰਾਂ ਉਤੋਂ ਕਾਲਾਂ ਆ ਰਹੀਆਂ ਹਨ 09 914 4100 ਜਾਂ 0508 558 855। ਅਜਿਹੀ ਨਕਲੀ ਕਾਲ ਦੀ ਸ਼ੱਕ ਪੈਣ ਉਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਵਾਸਤੇ ਸਲਾਹ ਦਿੱਤੀ ਜਾਂਦੀ ਹੈ। ਸੋ ਵੀਜ਼ਿਆਂ ਦੇ ਵੈਰੀ ਜਿਨ੍ਹਾਂ ਦੀ ਬੇੜੀ ਦੇ ਵਿਚ ਵੱਟੇ ਪਾਉਣ ਲਈ ਉਤਾਵਲੇ ਹੋਣ ਉਨ੍ਹਾਂ ਲਈ ਤਾਂ ਫਿਰ ਇਹੀ ਮੂੰਹੋ ਨਿਕਲੇਗਾ ‘ਤੁਹਾਡੀ ਬਹਿ ਜਾਏ ਬੇੜੀ’।

Real Estate