ਹਿਰਾਸਤੀ ਮੌਤਾਂ ਸ਼ੱਕੀ , ਹੋਵੇ ਸਮਾਂਬੱਧ ਸੀਬੀਆਈ ਜਾਂਚ – ਆਪ

871

ਆਮ ਆਦਮੀ ਪਾਰਟੀ ਦੇ ਆਗੂ ਤੇ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਵਿੱਚ ਭੇਤਭਰੇ ਤਰੀਕੇ ਨਾਲ ਹੋ ਰਹੀਆਂ ਹਿਰਾਸਤੀ ਮੌਤਾਂ/ਆਤਮ-ਹੱਤਿਆਵਾਂ ਦੀ ਸਮਾਂਬੱਧ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਭਗਵੰਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਜੇਲ੍ਹਾਂ ਅਤੇ ਪੁਲਿਸ ਹਿਰਾਸਤਾਂ ‘ਚ ਡੇਢ ਦਰਜਨ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਮਰਨ ਵਾਲਿਆਂ ‘ਚ ਬਹੁਤੇ ਹਿਰਾਸਤੀ ਨਸ਼ਾ ਤਸਕਰੀ ਵਰਗੇ ਸੰਗੀਨ ਜੁਰਮਾਂ ਦਾ ਸਾਹਮਣਾ ਕਰ ਰਹੇ ਹਨ। ਅੰਮ੍ਰਿਤਸਰ ‘ਚ ਏ।ਐਸ।ਆਈ ਅਵਤਾਰ ਸਿੰਘ ਵੱਲੋਂ ਹਿਰਾਸਤ ਦੌਰਾਨ ਖ਼ੁਦ ਨੂੰ ਗੋਲੀ ਮਾਰ ਲੈਣਾ, ਇਸ ਕੜੀ ਦੀ ਤਾਜ਼ਾ ਮਿਸਾਲ ਹੈ, ਜੋ ਆਪਣੇ ਇਕ ਹੋਰ ਏਐਸਆਈ ਸਾਥੀ ਜ਼ੋਰਾਵਰ ਸਿੰਘ ਨਾਲ ਨਸ਼ਾ ਤਸਕਰੀ ਦੇ ਸੰਗੀਨ ਦੋਸ਼ਾਂ ਤਹਿਤ 11 ਅਗਸਤ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਸੀ। ਭਗਵੰਤ ਨੇ ਕਿਹਾ ਕਿ ਪੰਜਾਬ ਪੁਲਸ ਅਤੇ ਸਰਕਾਰ ਵਲੋਂ ਹਿਰਾਸਤੀ ਮੌਤਾਂ/ਆਤਮ ਹੱਤਿਆਵਾਂ ਬਾਰੇ ਦਿੱਤੇ ਜਾਂਦੇ ਕਰੀਬ-ਕਰੀਬ ਇੱਕੋ ਜਿਹੇ ਵੇਰਵੇ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੇ ਹਨ। “ਇਹ ਸਾਧਾਰਨ ਵਰਤਾਰਾ ਨਹੀਂ ਹੈ। ਇਸ ‘ਤੇ ਯਕੀਨ ਕਰਨਾ ਮੁਸ਼ਕਿਲ ਹੈ। ਇਹ ਨਸ਼ਾ ਤਸਕਰੀ ਦੇ ਵੱਡੇ ਰਸੂਖਵਾਨ ਵਪਾਰੀਆਂ ਦੇ ਅਗਲੇ ਭੇਦ ਖੁੱਲਣ ਦੇ ਡਰੋਂ ਕਰਵਾਏ ਗਏ ਸੋਚੇ ਸਮਝੇ ਕਤਲ ਹੋ ਸਕਦੇ ਹਨ। ਇਕ ਤੋਂ ਬਾਅਦ ਇਕ ਹੋਈਆਂ ਇਨ੍ਹਾਂ ਹਿਰਾਸਤੀ ਮੌਤਾਂ/ਆਤਮ-ਹੱਤਿਆਵਾਂ ਦੀ ਕੜੀ ਸਾਡੇ ਸਭ ਦੇ ਸੱਕ ਨੂੰ ਹੋਰ ਡੂੰਘਾ ਕਰਦੀ ਹੈ। ਇਸ ਲਈ ਇਨ੍ਹਾਂ ਹਿਰਾਸਤੀ ਮੌਤਾਂ ਦੀਆਂ ਸਾਂਝੀਆਂ ਕੜੀਆਂ ਦੇ ਮੱਦੇਨਜ਼ਰ ਸੀਬੀਆਈ ਜਾਂਚ ਜ਼ਰੂਰੀ ਹੈ, ਕਿਉਂਕਿ ਸੂਬੇ ਦੀ ਪੁਲਸ ਦੀ ਭੂਮਿਕਾ ਖ਼ੁਦ ਸ਼ੱਕੀ ਹੈ।”

Real Estate