ਜੰਮੂ ਕਸ਼ਮੀਰ ਹਿੰਦੂ ਬਹੁਗਿਣਤੀ ਵਾਲਾ ਰਾਜ ਹੁੰਦਾ ਤਾਂ ਭਾਜਪਾ 370 ਨਾ ਹਟਾਉਂਦੀ -ਚਿਦੰਬਰਮ

1025

ਭਾਰਤ ਦੇ ਸਾਬਕਾ ਵਿੱਚ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਧਾਰਾ 370 ਬਾਰੇ ਕੇਂਦਰ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇ ਜੰਮੂ ਕਸ਼ਮੀਰ ਹਿੰਦੂ ਬਹੁਗਿਣਤੀ ਵਾਲਾ ਰਾਜ ਹੁੰਦਾ ਤਾਂ ਭਾਜਪਾ ਇਸ ਦਾ ਵਿਸ਼ੇਸ਼ ਦਰਜਾ ਨਾ ਖੋਂਹਦੀ। ਚਿਦੰਬਰਮ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ ਨੂੰ ਹਟਾਉਣ ਲਈ ਤਾਕਤ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਸਥਿਤੀ ਅਸਥਿਰ ਹੈ ਅਤੇ ਅੰਤਰਰਾਸ਼ਟਰੀ ਖ਼ਬਰ ਏਜੰਸੀਆਂ ਅਸ਼ਾਂਤੀ ਨੂੰ ਕਵਰ ਕਰ ਰਹੀਆਂ ਹਨ ਪਰ ਭਾਰਤੀ ਮੀਡੀਆ ਇਹ ਕੰਮ ਨਹੀਂ ਕਰ ਰਿਹਾ। ਉਨ੍ਹਾਂ ਭਾਜਪਾ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ, ‘ਭਾਜਪਾ ਵਾਲੇ ਦਾਅਵਾ ਕਰਦੇ ਹਨ ਕਿ ਕਸ਼ਮੀਰ ਵਿਚ ਸ਼ਾਂਤੀ ਹੈ। ਕੀ ਅਜਿਹਾ ਹੈ? ਜੇ ਭਾਰਤੀ ਮੀਡੀਆ ਜੰਮੂ ਕਸ਼ਮੀਰ ਵਿਚਲੀ ਅਸ਼ਾਂਤੀ ਦੀਆਂ ਖ਼ਬਰਾਂ ਨਹੀਂ ਵਿਖਾ ਰਿਹਾ ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਸਥਿਤੀ ਸਥਿਰ ਹੈ? ਚਿਦੰਬਰਮ ਨੇ ਸੱਤ ਰਾਜਾਂ ਵਿਚ ਸ਼ਾਸਨ ਕਰ ਰਹੀਆਂ ਖੇਤਰੀ ਪਾਰਟੀਆਂ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਡਰ ਕਾਰਨ ਰਾਜ ਸਭਾ ਵਿਚਭਾਜਪਾ ਦੇ ਫ਼ੈਸਲੇ ਵਿਰੁਧ ਸਹਿਯੋਗ ਨਹੀਂ ਦਿਤਾ। ਸਾਬਕਾ ਮੰਤਰੀ ਨੇ ਕਿਹਾ, ‘ਮੈਂ ਜਾਣਦਾ ਹਾਂ ਕਿ ਲੋਕ ਸਭਾ ਵਿਚ ਸਾਡੇ ਕੋਲ ਬਹੁਮਤ ਨਹੀਂ ਹੈ ਪਰ ਜੇ ਸੱਤ ਪਾਰਟੀਆਂ-ਅੰਨਾਡੀਐਮਕੇ, ਵਾਈਐਸਆਰ ਕਾਂਗਰਸ, ਟੀਆਰਐਸ, ਬੀਜੇਡੀ, ਆਪ, ਤ੍ਰਿਣਮੂਲ ਕਾਂਗਰਸ, ਜੇਡੀਯੂ-ਨੇ ਸਹਿਯੋਗ ਕੀਤਾ ਹੁੰਦਾ ਤਾਂ ਰਾਜ ਸਭਾ ਵਿਚ ਵਿਰੋਧੀ ਧਿਰ ਬਹੁਮਤ ਵਿਚ ਹੁੰਦੀ। ਇਹ ਪ੍ਰੇਸ਼ਾਨ ਕਰਨ ਵਾਲੀ ਗੱਲ ਹੇ।’ ਉਨ੍ਹਾਂ ਕਿਹਾ ਤ੍ਰਿਣਮੂਲ ਕਾਂਗਰਸ ਨੇ ਵਾਕਆਊਟ ਕੀਤਾ ਪਰ ਇਸ ਨਾਲ ਫ਼ਰਕ ਕੀ ਪਿਆ? ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ, ‘ਜੰਮੂ ਕਸ਼ਮੀਰ ਦੇ ਸੌਰਾ ਵਿਚ ਲਗਭਗ 10 ਹਜ਼ਾਰ ਲੋਕਾਂ ਨੇ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਪੁਲਿਸ ਕਾਰਵਾਈ ਅਤੇ ਗੋਲੀਬਾਰੀ ਦਾ ਹੋਣਾ ਵੀ ਸੱਚ ਹੈ। ਚਿਦੰਬਰਮ ਨੇ ਕਿਹਾ ਕਿ ਦੇਸ਼ ਦੇ 70 ਸਾਲ ਦੇ ਇਤਿਹਾਸ ਵਿਚ ਅਜਿਹੀ ਮਿਸਾਲ ਨਹੀਂ ਵੇਖਣ ਨੂੰ ਮਿਲੀ ਜਿਸ ਵਿਚ ਕਿਸੇ ਰਾਜ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਤਬਦੀਲ ਕਰ ਦਿਤਾ ਗਿਆ ਹੋਵੇ। ਉਨ੍ਹਾਂ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਵੱਲਭਭਾਈ ਪਟੇਲ ਵਿਚਾਲੇ ਕਦੇ ਤਕਰਾਰ ਨਾ ਹੋਣ ਦੀ ਗੱਲ ਕਰਦਿਆਂ ਕਿਹਾ, ‘ਪਟੇਲ ਕਦੇ ਵੀ ਸੰਘ ਦੇ ਅਹੁਦੇਦਾਰ ਨਹੀਂ ਸਨ। ਭਾਜਪਾ ਦਾ ਕੋਈ ਨੇਤਾ ਨਹੀਂ ਹੈ, ਉਹ ਸਾਡੇ ਨੇਤਾ ਨੂੰ ਅਪਣਾ ਦੱਸ ਰਹੇ ਹਨ। ਕੋਈ ਫ਼ਰਕ ਨਹੀਂ ਪੈਂਦਾ ਕਿ ਕੌਣ ਚੋਰੀ ਕਰਦਾ ਹੈ, ਇਤਿਹਾਸ ਇਹ ਨਹੀਂ ਭੁਲਦਾ ਕਿ ਕੌਣ ਕਿਸ ਨਾਲ ਜੁੜਿਆ ਹੋਇਆ ਹੈ?

Real Estate