ਲੜਾਈ ਵਿਚ ਜ਼ਖਮੀ ਹੋਏ ਅਜਮੇਰ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕੇਸ ਦਰਜ ਕਰਾਉਣ ਲਈ ਸੜਕਾਂ ‘ਤੇ ਉੱਤਰੇ ਲੋਕ

1213

ਕਾਰਵਾਈ ਦੇ ਭਰੋਸੇ ਬਾਅਦ ਹੋਇਆ ਪੋਸਟ ਮਾਰਟਮ, ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਇਨਕਾਰ

ਗੁਰੂਸਰ ਸੁਧਾਰ (ਸੰਤੋਖ ਗਿੱਲ)
ਪਿੰਡ ਲੀਲ੍ਹਾਂ ਵਾਸੀ ਅਜਮੇਰ ਸਿੰਘ ਦੀ ਲਾਸ਼ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਰੱਖ ਕੇ ਉਸ ਦੀ ਮੌਤ ਲਈ ਜ਼ਿੰਮੇਵਾਰ ਗੁਆਂਢੀਆਂ ਵਿਰੁੱਧ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਅਤੇ ਰਿਸ਼ਵਤ ਲੈ ਕੇ ਵੀ ਠੀਕ ਢੰਗ ਨਾਲ ਕੇਸ ਦਰਜ ਨਾ ਕਰਨ ਵਾਲੇ ਸੁਧਾਰ ਥਾਣੇ ਦੇ ਥਾਣੇਦਾਰ ਅਸ਼ੋਕ ਕੁਮਾਰ ਨੂੰ ਨੌਕਰੀ ਤੋਂ ਸਸਪੈਂਡ ਕਰਨ ਦੀ ਮੰਗ ਲਈ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਤਿੰਨ ਘੰਟੇ ਤੱਕ ਆਵਾਜਾਈ ਠੱਪ ਕਰ ਕੇ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਪੁਲਿਸ ਵੱਲੋਂ ਧੱਕਾਮੁੱਕੀ ਵੀ ਹੋਈ ਅਤੇ ਗ਼ੁੱਸੇ ‘ਚ ਭਰੇ ਪੀਤੇ ਪਰਿਵਾਰਕ ਮੈਂਬਰਾਂ ਨੇ ਵੀ ਪੁਲਿਸ ਨੂੰ ਕਈ ਵਾਰ ਮੁੱਖ ਮਾਰਗ ਤੋਂ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।
ਅੱਜ ਕਰੀਬ 10 ਕੁ ਵਜੇ 55 ਸਾਲਾ ਅਜਮੇਰ ਸਿੰਘ ਦੀ ਲਾਸ਼ ਲੈ ਕੇ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰ ਥਾਣਾ ਸੁਧਾਰ ਪੁੱਜੇ, ਪੰਜ ਮਹੀਨੇ ਪਹਿਲਾਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਅਜਮੇਰ ਸਿੰਘ ਦੀ ਕੁੱਟਮਾਰ ਕਰਨ ਵਾਲੇ ਗੁਆਂਢੀ ਹਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ, ਉਸ ਦੀ ਪਤਨੀ ਸੰਦੀਪ ਕੌਰ, ਪ੍ਰੇਮਜੀਤ ਸਿੰਘ ਪੁੱਤਰ ਬੂਟਾ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ। ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਕੋਈ ਤਵੱਜੋ ਦੇਣ ਦੀ ਬਜਾਏ ਉਨ੍ਹਾਂ ਨੂੰ ਲਾਸ਼ ਪੋਸਟ ਮਾਰਟਮ ਲਈ ਸੁਧਾਰ ਦੇ ਸਰਕਾਰੀ ਹਸਪਤਾਲ ਲੈ ਜਾਣ ਲਈ ਆਖ ਦਿੱਤਾ। ਜਦੋਂ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਅਤੇ ਪੋਸਟ ਮਾਰਟਮ ਲਈ ਕੋਈ ਦਸਤਾਵੇਜ਼ ਵੀ ਹਸਪਤਾਲ ਦਾਖਲ ਨਾ ਕਰਵਾਏ ਤਾਂ ਗ਼ੁੱਸੇ ਨਾਲ ਭਰੇ ਪੀਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਅਜਮੇਰ ਸਿੰਘ ਦੀ ਲਾਸ਼ ਥਾਣਾ ਸੁਧਾਰ ਤੋਂ ਦੋ ਕੁ ਸੌ ਗਜ ਦੀ ਦੂਰੀ ‘ਤੇ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਰੱਖ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਅਜਾਇਬ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਸਮਝਾ ਬੁਝਾ ਕੇ ਸੜਕ ਖ਼ਾਲੀ ਕਰਨ ਲਈ ਪ੍ਰੇਰਿਆ ਪਰ ਮ੍ਰਿਤਕ ਅਜਮੇਰ ਸਿੰਘ ਦੀ ਪਤਨੀ ਹਰਪਾਲ ਕੌਰ ਅਤੇ ਜਵਾਨ ਧੀ ਨੇ ਰੋਸ ਵਜੋਂ ਅੱਗ ਵਾਂਗ ਤਪਦੀ ਸੜਕ ਉੱਪਰ ਲੇਟ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਤੀਜੇ ਵਜੋਂ ਉਹ ਕਈ ਵਾਰ ਬੇਸੁੱਧ ਵੀ ਹੋ ਗਈਆਂ ਪਰ ਉਹ ਪੁਲਿਸ ਦੀ ਜ਼ੋਰ ਜ਼ਬਰਦਸਤੀ ਦੇ ਬਾਵਜੂਦ ਟੱਸ ਤੋਂ ਮੱਸ ਨਹੀਂ ਹੋਈਆਂ।
ਪਿੰਡ ਦੀਆਂ ਹੋਰ ਔਰਤਾਂ ਨੇ ਵੀ ਪਿੱਟ ਸਿਆਪੇ ਦੇ ਨਾਲ ਨਾਲ ਆਕਾਸ਼ ਗੁੰਜਾਊ ਨਾਅਰੇ ਮਾਰੇ ਅਤੇ ਪੁਲਿਸ ਨਾਲ ਲੋਹਾ ਲਿਆ। ਕਈ ਵਾਰ ਤਾਂ ਪੁਲਿਸ ਨੂੰ ਵੀ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ 12 ਮਾਰਚ ਨੂੰ ਬੁਰੀ ਤਰ੍ਹਾਂ ਜ਼ਖਮੀ ਹੋਏ ਅਜਮੇਰ ਸਿੰਘ ਨੂੰ ਸੁਧਾਰ ਦੇ ਸਰਕਾਰੀ ਹਸਪਤਾਲ ਤੋਂ ਲੁਧਿਆਣਾ ਇਲਾਜ ਲਈ ਭੇਜਿਆ ਗਿਆ ਅਤੇ ਲੁਧਿਆਣਾ ਤੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ। ਹਾਲਤ ਖ਼ਰਾਬ ਹੋਣ ‘ਤੇ ਅਜਮੇਰ ਸਿੰਘ ਨੂੰ ਪੀ।ਜੀ।ਆਈ ਚੰਡੀਗੜ੍ਹ ਵੀ ਦਾਖਲ ਕਰਵਾਇਆ ਪਰ ਮਾੜੇ ਆਰਥਿਕ ਹਾਲਤ ਕਾਰਨ ਉਹ ਕਈ ਵਾਰ ਇਲਾਜ ਅਧਵਾਟੇ ਛੱਡ ਕੇ ਘਰ ਲਿਆਉਣ ਲਈ ਵੀ ਮਜਬੂਰ ਹੋਏ। ਹੁਣ ਜਦੋਂ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਤਾਂ ਲੁਧਿਆਣਾ ਦੇ ਇੱਕ ਚੈਰੀਟੇਬਲ ਹਸਪਤਾਲ ਵਿਚ ਦਾਖਲ ਕਰਵਾਇਆ ਸੀ, ਪਰ ਪੰਜ ਮਹੀਨੇ ਦੀ ਜ਼ਿੰਦਗੀ ਮੌਤ ਦੀ ਲੜਾਈ ਲੜਨ ਬਾਅਦ ਆਖ਼ਰ ਅਜਮੇਰ ਸਿੰਘ ਨੇ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਤਾਂ ਨਾ ਪੰਚਾਇਤਾਂ ਨੇ ਸੁਣੀ ਅਤੇ ਨਾ ਹੀ ਸਰਕਾਰੇ ਦਰਬਾਰੇ ਸੁਣੀ ਗਈ। ਉਲਟਾ ਥਾਣੇਦਾਰ ਅਸ਼ੋਕ ਕੁਮਾਰ ਨੇ ਉਨ੍ਹਾਂ ਕੋਲੋਂ ਰਿਸ਼ਵਤ ਲੈ ਕੇ ਵੀ ਸਹੀ ਢੰਗ ਨਾਲ ਕੇਸ ਦਰਜ ਨਹੀਂ ਕੀਤਾ, ਜਿਸ ਕਰ ਕੇ ਕਥਿਤ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ।
ਡੀ ਐਸ ਪੀ ਗੁਰਬੰਸ ਸਿੰਘ ਬੈਂਸ ਨੇ ਮੌਕੇ ‘ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਪੋਸਟ ਮਾਰਟਮ ਬਾਅਦ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰਨ ਅਤੇ ਦੋਸ਼ੀ ਪਾਏ ਜਾਣ ‘ਤੇ ਥਾਣੇਦਾਰ ਵਿਰੁੱਧ ਵੀ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਪਰਿਵਾਰਕ ਮੈਂਬਰਾਂ ਨੇ ਪੋਸਟ ਮਾਰਟਮ ਕਰਾਉਣ ਲਈ ਹਾਮੀ ਭਰੀ। ਸਰਕਾਰੀ ਹਸਪਤਾਲ ਸੁਧਾਰ ਦੇ ਡਾਕਟਰ ਵਰਿੰਦਰ ਜੋਸ਼ੀ, ਡਾਕਟਰ ਸੰਦੀਪ ਸਿੰਘ ਅਤੇ ਡਾਕਟਰ ਵਰੁਨ ਬਾਂਸਲ ‘ਤੇ ਆਧਾਰਤ ਬੋਰਡ ਵੱਲੋਂ ਪੋਸਟ ਮਾਰਟਮ ਕੀਤਾ ਗਿਆ ਅਤੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ। ਪਰ ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਅੰਤਿਮ ਸਸਕਾਰ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹਾਲ ਦੀ ਘੜੀ ਲਾਸ਼ ਸਰਾਭਾ ਦੇ ਹਸਪਤਾਲ ਵਿਚ ਸਾਂਭ ਦਿੱਤੀ ਹੈ। ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਅਧਿਕਾਰੀ ਪਰਿਵਾਰਕ ਮੈਂਬਰਾਂ ਨੂੰ ਡਰਾਉਣ ਲਈ ਉਨ੍ਹਾਂ ਵਿਰੁੱਧ ਆਵਾਜਾਈ ਵਿਚ ਵਿਘਨ ਪਾਉਣ ਦਾ ਕੇਸ ਦਰਜ ਕਰਨ ਦੇ ਡਰਾਵੇ ਦੇ ਰਹੇ ਹਨ।

Real Estate