ਜਦੋਂ ਕਸ਼ਮੀਰ ਚੋਂ 370 ਹਟੀ – 4

2565

✍️ ਹਰਪਾਲ ਸਿੰਘ

ਫੋਨ ਤੋਂ ਬਿਨਾਂ ਜ਼ਿੰਦਗੀ ਅਧੂਰੀ ਲੱਗ ਰਹੀ ਸੀ…..ਘਰਦਿਆਂ ਨੂੰ ਹਾਲਾਂਕਿ ਰਾਤ ਨੂੰ ਹੀ ਦਸ ਦਿੱਤਾ ਸੀ ਕਿ ਫੋਨ ਨਾ ਚਲਿਆ ਤਾਂ ਫਿਕਰ ਨਾ ਕਰਿਓ….ਪਰ ਅਜੇ ਵੀ ਕਾਫੀ ਦੋਸਤ ਅਜਿਹੇ ਸੀ ਜਿੰਨਾ ਨੂੰ ਮੇਰੇ ਫੋਨ ਦਾ ਬੰਦ ਹੋਣਾ ਮੇਰੇ ਲਈ ਫਿਕਰ ਨਾਲ ਭਰ ਦੇਣ ਵਾਲਾ ਸੀ….

ਬਜ਼ੁਰਗ ਪਿੰਡ ਦਾ ਗੇੜਾ ਮਾਰ ਕੇ ਮੁੜ ਆਏ ਸੀ….ਇਹ ਧਾਰਨਾ ਪੱਕੀ ਹੋ ਰਹੀ ਸੀ ਕਿ 370 ਹਟਣ ਜਾ ਰਹੀ ਹੈ…..

” ਮੈਂ ਬਾਹਰ ਹੋ ਕੇ ਆਉਂਦਾ ਹਾਂ ” ਮੈਂ ਆਖਿਆ..

” ਚੁਪ ਕਰਕੇ ਇਧਰ ਬੈਠੋ…ਕੋਈ ਪੁਲਿਸ ਵਾਲਾ ਦੇਖੇਗਾ ਤੋ ਪੁੱਛੇਗਾ ਕਏ ਇਧਰ ਕਿਉਂ ਹੋ….ਬੈਠੇ ਰਹੋ ਇਧਰ ਹੀ..ਕਹੀਂ ਨਹੀਂ ਜਾਓਗੇ…ਸਮਝੇ ” ਉਹਨਾਂ ਦੀ ਕੁੜੀ ਬੋਲੀ…

ਮੈਂ ਚੁੱਪ ਕਰਕੇ ਬੈਠ ਗਿਆ…..ਕਰਨ ਨੂੰ ਕੁਛ ਨਹੀਂ ਸੀ….ਬਸ ਬੈਠੇ ਗੱਲਾਂ ਹੀ ਕਰ ਸਕਦੇ ਸੀ…

” ਯੇਹ ਦੇਖੋ ਤਬ ਤੱਕ ” ਕੁੜੀ ਨੇ ਮੇਰੇ ਅੱਗੇ ਲਿਆ ਕੇ ਦੋ ਡੱਬੇ ਰੱਖੇ…

” ਇਹ ਕੀ ਹੈ ? ” ਮੈਂ ਡੱਬਿਆਂ ਨੂੰ ਖੋਲਿਆ…

ਡੱਬਿਆਂ ਚ ਕਿੰਨਾ ਸਾਰਾ ਹਾਰ ਸ਼ਿੰਗਾਰ ਦਾ ਸਮਾਨ ਸੀ….

” ਯੇਹ ਮੇਰੀ ਡ੍ਰੇਸ ਭੀ ਦੇਖੋ…ਅੱਛੀ ਹੈ ? ” ਕੁੜੀ ਨੇ ਇਕ ਲਾਲ ਰੰਗ ਦਾ ਸ਼ਰਾਰਾ ਮੈਨੂੰ ਦਿਖਾਇਆ…

” ਬਹੁਤ ਸੋਹਣਾ ਹੈ….” ਮੈਨੂੰ ਸੱਚੀ ਉਹ ਬਹੁਤ ਸੋਹਣਾ ਲਗਿਆ ਸੀ…

” ਅਮੇਜ਼ਨ ਸੇ ਮੰਗਵਾਇਆ ਹੈ…ਈਦ ਕੇ ਲੀਏ…ਪਰ ਅਬ ਸਭ ਬਰਬਾਦ ਹੋ ਗਿਆ….” ਉਹ ਉਦਾਸ ਹੋ ਕੇ ਮੇਰੇ ਕੋਲ ਬੈਠ ਗਈ..

ਮੈਂ ਕੋਈ ਜੁਆਬ ਨਾ ਦੇ ਸਕਿਆ…

” ਯੇਹ ਭੀ ਦੇਖੋ…” ਉਹਨੇ ਡੱਬੇ ਨੂੰ ਖੋਲਿਆ…ਤੇ ਝੁਮਕੇ…ਵਾਲੀਆਂ….ਤੇ ਹੋਰ ਕਿੰਨਾ ਸਾਰਾ ਸ਼ਿੰਗਾਰ ਦਾ ਸਮਾਨ ਮੈਨੂੰ ਦਿਖਾਉਣ ਲੱਗੀ..

” ਸਭ ਬਹੁਤ ਸੋਹਣਾ ਹੈ ”

” ਪਰ ਅਬ ਇਨਕੋ ਕਹਾਂ ਯੂਸ ਕਰੂੰਗੀ….ਪਤਾ ਨਹੀਂ ਕਿਉਂ ਹੂਆ ਐਸਾ….ਮੁਝੇ ਜ਼ੋਰ ਸੇ ਰੋਣੇ ਕਾ ਮਨ ਹੋ ਰਹਾ ਹੈ ” ਉਸਦੀਆਂ ਅੱਖਾਂ ਚ ਹਲਕਾ ਪਾਣੀ ਚਮਕ ਆਇਆ ਸੀ…

” ਕੋਈ ਨਾ….ਮਨ ਠੀਕ ਰੱਖ…” ਮੈਂ ਹੋਂਸਲਾ ਦੇਣ ਦੀ ਕੋਸ਼ਿਸ਼।ਕੀਤੀ..

” ਹੈਲੋ ਭਾਈ….ਉਪਰ ਮਾਮੂ ਆਪਕੋ ਬੁਲਾ ਰਹੇ ਹੈਂ…ਜਲਦੀ ਆਓ ” ਇਕ ਮੁੰਡਾ ਮੈਨੂੰ ਆਵਾਜ਼ ਮਾਰ ਕੇ ਆਖਣ ਲੱਗਾ…

ਮੈਂ ਕੁੜੀ ਨੂੰ ਉਥੇ ਹੀ ਛੱਡ ਕੇ ਉਪਰ ਚਲਾ ਗਿਆ….

…..

ਟੀਵੀ ਚ ਲੋਕ ਸਭਾ ਦਾ ਸਿਧਾ ਪ੍ਰਸਾਰਣ ਚਲ ਰਿਹਾ ਸੀ…

” ਬੈਠੋ ਹਰਪਾਲ…ਬਸ ਯਹੀ ਏਕ ਚੈਨਲ ਆ ਰਹਾ ਹੈ…” ਬੱਚਿਆਂ ਦੇ ਮਾਮੇ ਨੇ ਮੈਨੂੰ ਬੈਠਨ ਦਾ ਇਸ਼ਾਰਾ ਕੀਤਾ…

ਮੈਂ ਟੀਵੀ ਅੱਗੇ ਹੀ ਕਲੀਨ ਤੇ ਬੈਠ ਗਿਆ…ਥੱਲਿਓਂ ਕੁੜੀ ਵੀ ਆ ਗਈ ਸੀ….ਤੇ ਪਰਿਵਾਰ ਦੇ ਹੋਰ ਲੋਕ ਵੀ ਆਣ ਬੈਠੇ ਸੀ…

ਟੀਵੀ ਚ ਬੀ ਜੇ ਪੀ ਦਾ ਕੋਈ ਮੈਮਬਰ 370 ਨੂੰ ਹਟਾਉਣ ਲਈ ਸਫਾਈਆਂ ਪੇਸ਼ ਕਰ ਰਿਹਾ ਸੀ….ਕਾਫੀ ਦੇਰ ਤੱਕ ਟੀਵੀ ਦੇਖਦੇ ਰਹਿਣ ਤੋਂ ਬਾਦ ਸਾਫ ਹੋ ਗਿਆ ਸੀ ਕਿ 370 ਹੁਣ ਕਸ਼ਮੀਰ ਚੋਂ ਖਤਮ ਹੀ ਹੈ…

” ਹਰਪਾਲ ਭਇਆ…ਯਹਾਂ ਦੇਖੋ ” ਕੁੜੀ ਨੇ ਮੈਨੂੰ ਆਖਿਆ…ਤੇ ਆਪਣੀ ਬਾਂਹ ਮੇਰੇ ਅੱਗੇ ਕੀਤੀ…

” ਦਿਖਾ ਕੁਛ ? ” ਉਹ ਬੋਲੀ….

ਮੈਂ ਕੁੜੀ ਦੀ ਬਾਂਹ ਤੇ ਨਜ਼ਰ ਮਾਰੀ….ਉਸਦੇ ਲੂ ਕੰਢੇ ਖੜੇ ਹੋ ਰਹੇ ਸੀ…..

” ਮੁਝੇ ਨਹੀਂ ਦੇਖਣਾ ਯੇਹ ਸਭ ” ਉਹ ਚੀਕ ਮਾਰ ਕੇ ਉਠੀ….ਤੇ ਕਮਰੇ ਚੋਂ ਬਾਹਰ ਨਿਕਲ ਗਈ….

ਬਾਕੀ ਪਰਿਵਾਰ ਬਿਲਕੁਲ ਚੁੱਪ ਸੀ…..ਮੈਂ ਉਹਨਾਂ ਦੇ ਚਿਹਰਿਆਂ ਨੂੰ ਦੇਖ ਨਹੀਂ ਸੀ ਪਾ ਰਿਹਾ…..

” ਖਤਮ ਕਰ ਦਿਆ ਹਮੇਂ ” ਬੱਚਿਆਂ ਦਾ ਮਾਮਾ ਬੁੜਬੜਾਇਆ….

ਮੈਂ ਵੀ ਉਠਿਆ….ਤੇ ਕਮਰੇ ਚੋਂ ਨਿਕਲ ਕੇ ਹੇਠਾਂ ਆ ਗਿਆ…

…..

ਮੈਂ ਵਾਪਸ ਰਸੋਈ ਚ ਆ ਬੈਠਿਆ ਸੀ….ਅਸਲ ਚ ਇਹ ਰਸੋਈ ਦੇ ਨਾਲ ਹੀ ਜੁੜਿਆ ਇਕ ਛੋਟਾ ਕਮਰਾ ਹੀ ਸੀ…ਜਿਸਦੇ ਚ ਸਭ ਜਣੇ ਬੈਠ ਕੇ ਖਾਣਾ ਖਾਂਦੇ ਸੀ… ਤੇ ਨਮਾਜ਼ ਵੀ ਪੜ੍ਹ ਲੈਂਦੇ ਸੀ… ਤੇ ਅਰਾਮ ਵੀ ਕਰਦੇ ਸੀ….

ਹੁਣ ਇਸ ਸਮੇਂ ਏਥੇ ਮੈਂ ਉਹ ਕੁੜੀ ਤੇ ਉਸਦੀ ਨਾਨੀ ਸੀ….

” ਮੁਬਾਰਕ ਹੋ ਭਇਆ …ਆਪਕਾ ਸਪਨਾ ਸੱਚ ਹੋਗਾ ਅਬ ” ਕੁੜੀ ਬੋਲੀ…

” ਕੈਸਾ ਸਪਨਾ….? ” ਮੈਂ ਪੁੱਛਿਆ…

” ਆਪ ਹੀ ਤੋ ਬੋਲਤੇ ਥੇ ਕਿ ਆਪਕਾ ਸਪਣਾ ਹੈ ਕਿ ਆਪ ਕਭੀ ਕਸ਼ਮੀਰ ਮੇਂ ਘਰ ਬਣਾ ਸਕਤੇ ”

” ਹਾਂ…ਇਹ ਸੁਪਨਾ ਸੀ….ਪਰ ਮੈਂ ਇਸਨੂੰ ਤੁਹਾਡੇ ਹੱਕ ਮਾਰ ਕੇ….ਜਾ ਤੁਹਾਡਾ ਕਤਲੇਆਮ ਕਰਕੇ ਭਲਾ ਕਿਉਂ ਪੂਰਾ ਕਰੂੰਗਾ…ਮੈਨੂੰ ਏਥੇ ਕੋਈ ਘਰ ਨਹੀਂ ਬਨਾਨਾ…ਕੋਈ ਜ਼ਮੀਨ ਨਹੀ ਲੈਣੀ….ਤੁਹਾਡਾ ਇਹੀ ਘਰ ਕਾਫੀ ਹੈ ਮੇਰੇ ਰਹਿਣ ਲਈ ” ਮੇਰੀ ਜ਼ੁਬਾਨ ਕੰਬ ਰਹੀ ਸੀ ਇਹ ਸਭ ਬੋਲਦੇ ਹੋਏ….

” ਕੁਛ ਸਮਝ ਨਹੀਂ ਆ ਰਹਾ…ਮੁਝੇ ਬੁਖਾਰ ਹੋ ਰਹਾ ਹੈ ” ਕੁੜੀ ਜ਼ਮੀਨ ਤੇ ਬੈਠ ਗਈ…

” ਚੱਲ ਉਠ….ਆਪਾਂ ਬਾਹਰ ਚੱਕਰ ਲਗਾ ਕੇ ਆਉਂਦੇ ਹਾਂ…ਏ ਟੀ ਐਮ ਜਾ ਕੇ ਆਵਾਂਗੇ…ਨਾਲੇ ਕੁਛ ਹਲਕਾ ਖਾਣ ਪੀਣ ਲਈ ਲੈ ਕੇ ਆਉਂਦੇ ਹਾਂ…” ਮੈਂ ਖੜੇ ਹੁੰਦੇ ਆਖਿਆ….

” ਚਲੋ…ਰੇਲਵੇ ਸਟੇਸ਼ਨ ਕੀ ਤਰਫ ਚਲਤੇ ਹੈਂ ” ਉਹ ਵੀ ਖੜੀ ਹੋ ਗਈ…

ਮੈਂ ਆਪਣੇ ਬਟੂਏ ਨੂੰ ਚੈਕ ਕੀਤਾ….ਤੇ ਉਸਦੇ ਨਾਲ ਬਾਹਰ ਨਿਕਲ ਗਿਆ….

…..

ਮੈਂ ਤੇ ਉਹ ਕੁੜੀ…ਤੇ ਨਾਲ਼ ਇਕ ਹੋਰ ਛੋਟੀ ਕੁੜੀ ਅਨੰਤਨਾਗ ਰੇਲਵੇ ਸਟੇਸ਼ਨ ਦੇ ਬਾਹਰ ਬਣੀਆਂ ਦੁਕਾਨਾਂ ਵਲ ਨੂੰ ਤੁਰ ਪਏ….

ਸਟੇਸ਼ਨ ਤੇ ਸ਼ਾਂਤੀ ਪਸਰੀ ਪਈ ਸੀ…..ਤੇ ਸਟੇਸ਼ਨ ਦੇ ਨਾਲ ਬਣੇ ਖਾਲੀ ਮੈਦਾਨ ਚ ਕੁਛ ਨਿੱਕੀ ਉਮਰ ਦੇ ਮੁੰਡੇ ਕ੍ਰਿਕੇਟ ਖੇਡ ਰਹੇ ਸੀ….

ਆਪਾਂ ਮੈਦਾਨ ਤੋਂ ਅੱਗੇ ਨੂੰ ਤੁਰੇ ਤਾਂ ਨੌਜਵਾਨ ਮੁੰਡਿਆਂ ਦਾ ਇਕ ਝੁੰਡ ਘਾਹ ਉਤੇ ਬੈਠਾ ਗੱਲਾਂ ਚ ਮਸਤ ਸੀ….

” ਕਿਉਂ ਹਿੰਦੋਸਤਾਨ ਕੇ ਗਾਣੇ ਸੁਣ ਕਰ ਟਾਈਮ ਵੇਸਟ ਕਰ ਰਹੇ ਹੋ….ਪਾਕਿਸਤਾਨ ਕੇ ਗੀਤ ਸੁਣਾ ਕਰੋ ” ਇਕ ਮੁੰਡਾ ਜ਼ੋਰ ਨਾਲ ਬੋਲਿਆ…

” ਯੇਹ ਆਪਕੋ ਸੁਣਾ ਕਰ ਬੋਲ ਰਹੇ ਹੈਂ ” ਕੁੜੀ ਹੱਸ ਕੇ ਬੋਲੀ…

” ਹਾਂ…ਇਹ ਲੋਕ ਮੈਨੂੰ ਹਿੰਦੋਸਤਾਨ ਦਾ ਸਮਰਥਕ ਸਮਝਦੇ ਹੋਨੇ…ਤਾਂ ਹੀ ਆਪਣੀ ਖਿਝ ਮੇਰੇ ਉਪਰ ਕਢਨ ਦੀ ਟ੍ਰਾਈ ਕਰ ਰਹੇ ਨੇ ” ਮੈਂ ਬੋਲਿਆ…

” ਇਨਕੀ ਤਰਫ ਧਿਆਨ ਮਤ ਦੋ…ਦਿਲ ਪਰ ਮਤ ਲੇਣਾ ”

” ਨਹੀਂ…ਦਿਲ ਤੇ ਤਾਂ ਨਹੀਂ ਲਿਆ….” ਮੈਂ ਤੁਰਦੇ ਹੋਏ ਜੁਆਬ ਦਿੱਤਾ…

” ਵੈਸੇ ਆਪ ਯਹਾਂ ਐਸੇ ਹਾਲਾਤ ਮੇਂ ਭੀ ਆਤੇ ਹੋ…ਆਪ ਅਲੱਗ ਹੋ…ਵਰਨਾ ਹਰ ਕੋਈ ਹਮਾਰੇ ਖਿਲਾਫ ਰਹਿਤਾ ਹੈ..ਔਰ ਕਸ਼ਮੀਰੀਓਂ ਕੋ ਖਰਾਬ ਬੋਲਤਾ ਹੈ ” ਓਹ ਬੋਲੀ..

” ਕਿਉਂਕਿ ਸਭ ਨੇ ਤੁਹਾਨੂੰ ਕੋਲੋਂ ਨਹੀਂ ਦੇਖਿਆ….”

ਸਾਹਮਣੇ ਏ ਟੀ ਐਮ ਨਜ਼ਰ ਆ ਗਿਆ ਸੀ….

” ਮੇਰਾ ਭੀ ਕਾਰਡ ਲੋ…ਏਕ ਹਜ਼ਾਰ ਨਿਕਾਲਣਾ ” ਉਣੇ ਆਪਣੇ ਹੱਥ ਚ ਫੜ੍ਹਿਆ ਕਾਰਡ ਮੇਰੇ ਵੱਲ ਵਧਾਇਆ….ਤੇ ਨਾਲ ਕੋਡ ਵੀ ਬੋਲ ਕੇ ਦਸਿਆ….

ਮੈਂ ਉਸਦਾ ਤੇ ਆਪਣਾ ਕਾਰਡ ਲੈ ਕੇ ਅੰਦਰ ਗਿਆ….ਪਰ ਅੱਗੇ ਇਕ ਨਿੱਕੀ ਉਮਰ ਦਾ ਮੁੰਡਾ ਪੈਸੇ ਕਢਵਾ ਰਿਹਾ ਸੀ….ਤੇ ਉਸਨੇ ਕੋਈ ਵੀਹ ਕੁ ਹਜਾਰ ਕਢਵਾ ਲਿਆ….ਤੇ ਜਦੋਂ ਸਾਡੀ ਵਾਰੀ ਆਈ…ਏ ਟੀ ਐਮ ਨੇ ਕੈਸ਼ ਖਤਮ ਹੋਣ ਦਾ ਸੁਨੇਹਾ ਦੇ ਦਿੱਤਾ…

ਆਪਾਂ ਏ ਟੀ ਐਮ ਦੇ ਨਾਲ ਹੀ ਬਣੀ ਇਕ ਨਿਕੀ ਦੁਕਾਨ ਤੋਂ ਕੋਲਡ ਡਰਿੰਕ…ਚਿਪਸ…ਤੇ ਮੈਗੀ ਦੇ ਕੁਝ ਪੈਕੇਟ ਲੈ ਕੇ ਘਰ ਮੁੜ ਆਏ…

…..

ਆਪਾਂ ਵਾਪਸ ਘਰ ਮੁੜ ਆਏ ਸੀ….ਤੇ ਕਰਨ ਨੂੰ ਕੋਈ ਕੰਮ ਨਹੀਂ ਸੀ….ਪਿੰਡ ਦੇ ਅੰਦਰ ਲੋਕ ਚੁਪ ਸੀ…ਤੇ ਅਜੇ ਵੀ ਵਿਸ਼ਵਾਸ ਨਹੀਂ ਸੀ ਕਰ ਪਾ ਰਹੇ ਕਿ 370 ਖਤਮ ਹੋਣ ਜ਼ਾ ਰਹੀ ਹੈ….ਲੋਕਾਂ ਨੂੰ ਲੋਕ ਸਭਾ ਤੋਂ ਉਮੀਦ ਸੀ ਕਿ ਉਥੇ ਇਹ ਬਿਲ ਪਾਸ ਨਹੀਂ ਹੋਵੇਗਾ…

ਪਰ ਮਾਹੌਲ ਚ ਹਲਕੀ ਤਲਖੀ ਦਿਖਣੀ ਸ਼ੁਰੂ ਹੋ ਗਈ ਸੀ.. ਨੌਜਵਾਨਾਂ ਦੀਆਂ ਅੱਖਾਂ ਦਸਦੀਆਂ ਸੀ ਕਿ ਉਹ ਕੀ ਮਹਿਸੂਸ ਕਰ ਰਹੇ ਨੇ…..

” ਜਦੋਂ ਤਕ ਮਾਹੌਲ ਠੀਕ ਨਹੀਂ ਹੁੰਦਾ….ਤੁਸੀਂ ਚਾਹੋ ਤਾਂ ਸਾਰੇ ਜਣੇ ਮੇਰੇ ਨਾਲ ਅਮ੍ਰਿਤਸਰ ਆ ਸਕਦੇ ਹੋ ” ਮੈਂ ਘਰਦਿਆਂ ਨੂੰ ਆਖਿਆ…

” ਹਰਪਾਲ ਭਇਆ…ਆਪਕੋ ਪਤਾ ਹੈ…ਅੱਗਰ ਘਰ ਮੁਸੀਬਤ ਮੇਂ ਹੋ…ਤੋ ਉਸਕੋ ਛੋੜ ਕਰ ਭਾਗ ਜਾਣਾ ਗੁਨਾਹ ਹੋਤਾ ਹੈ…” ਕੁੜੀ ਬੋਲੀ…

ਮੈਂ ਉਸਦੇ ਵਲ ਦੇਖਦਾ ਰਿਹਾ…

” ਔਰ ਜੋ ਇਸ ਮੁਸੀਬਤ ਸੇ ਬਾਹਰ ਹੈ…ਔਰ ਜਾਣ ਬੁਝ ਕਰ ਮੁਸੀਬਤ ਮੇਂ ਦਾਖਲ ਹੋਣਾ ਭੀ ਗੁਨਾਹ ਹੈ…ਜੈਸੇ ਆਪਣੇ ਕੀਆ ” ਉਸਨੇ ਮੇਰੇ ਵੱਲ ਦੇਖ ਕੇ ਅੱਖਾਂ ਹਿਲਾਈਆਂ…

ਮੈਂ ਅਜੇ ਵੀ ਚੁੱਪ ਹੀ ਰਿਹਾ…

” ਔਰ ਮੁਸੀਬਤ ਮੇ ਡਰ ਜਾਣਾ ਏਕ ਔਰ ਗੁਨਾਹ ਹੈ…ਜੋ ਮੁਝਸੇ ਹੋ ਜਾਤਾ ਹੈ…” ਓਹ ਹੱਸ ਕੇ ਬੋਲੀ…

ਬਜ਼ੁਰਗ ਨਾਨੀ ਕੁਛ ਬੋਲੀ ਜੋ ਮੈਨੂੰ ਸਮਝ ਨਹੀਂ ਸੀ ਆਇਆ….ਕਿਉਂਕਿ ਉਹ ਸਿਰਫ ਕਸ਼ਮੀਰੀ ਬੋਲਦੀ ਹੈ…

” ਏਨਾ ਨੇ ਕੀ ਆਖਿਆ ? ” ਮੈਂ ਪੁੱਛਿਆ..

” ਯੇਹ ਬੋਲਤੀ ਹੈ ਕਿ ਮੋਦੀ ਕੋ ਅੱਗਰ ਕਸ਼ਮੀਰ ਕੋ ਖਤਮ ਹੀ ਕਰਨਾ ਥਾ…ਤੋ ਬਸ ਇਤਨਾ ਕਰ ਦੇਤਾ ਕਿ ਯਹਾਂ ਚਿਕਨ ਮੀਟ ਔਰ ਅੰਡੇ ਬੰਦ ਕਰਵਾ ਦੇਤਾ…ਕਸ਼ਮੀਰੀ ਵੈਸੇ ਹੀ ਮਰ ਜਾਤੇ…”

ਨਾਨੀ ਦੀ ਗੱਲ ਨੇ ਮਾਹੌਲ ਨੂੰ ਹਲਕਾ ਕਰ ਦਿੱਤਾ ਸੀ…..

ਮੈਂ ਸ਼ਾਮ ਤਕ ਘਰ ਦੇ ਅੰਦਰ ਹੀ ਰਿਹਾ….ਪਿੰਡ ਦੇ ਬਾਹਰਵਾਰ ਆਰਮੀ ਤੇ ਪੁਲਿਸ ਦਾ ਹੋਰ ਸਖਤ ਪੈਰਾ ਹੋ ਗਿਆ ਸੀ….ਲੋਕਾਂ ਚ ਰੋਹ ਦਿਖਣ ਲਗ ਗਿਆ ਸੀ.…..

ਸ਼ਾਮ ਨੂੰ ਬੀ ਐਸ ਐਫ ਨੇ ਕੁਛ ਪਿੰਡ ਦੇ ਮੁੰਡਿਆਂ ਉਪਰ ਪੱਥਰ ਮਾਰੇ…ਜੋ ਇਕੱਠੇ ਹੋ ਰਹੇ ਸੀ….

ਨੌਜਵਾਨ ਇਕੱਠੇ ਨਾ ਹੋ ਸਕੇ ਤੇ ਖਿੰਡ ਗਏ…..

….

” ਮੈਂ ਸੋਚ ਰਿਹਾ ਹਾਂ ਕੱਲ ਨੂੰ ਸ਼੍ਰੀਨਗਰ ਜਾਵਾਂ ” ਮੈਂ ਬੋਲਿਆ…

” ਦਿਮਾਗ ਸਹੀ ਤੋ ਹੈ ਨਾ ਆਪਕਾ…ਕਿਆ ਬੋਲ ਰਹੇ ਹੋ ? ” ਕੁੜੀ ਬੋਲੀ..

” ਮੈਂ ਸ਼੍ਰੀਨਗਰ ਜਾਣਾ ਹੈ…ਏਥੇ ਜੇ ਆਇਆ ਹਾਂ ਕਸ਼ਮੀਰ…ਤਾਂ ਇਕ ਘਰ ਦੇ ਅੰਦਰ ਹੀ ਨਹੀਂ ਬੈਠਾ ਰਹਿ ਸਕਦਾ….ਮੈਂ ਏਥੋਂ ਦੇ ਹਾਲਾਤਾਂ ਨੂੰ ਜਾਨਣਾ ਹੈ…ਨੇੜਿਓਂ ਦੇਖਣਾ ਹੈ…” ਮੈਂ ਆਖਿਆ…

” ਪਰ ਸ਼੍ਰੀਨਗਰ ਜਾਓਗੇ ਕੈਸੇ….ਨਾ ਕੋਈ ਗਾੜੀ ਮਿਲੇਗੀ…ਨਾ ਟ੍ਰੇਨ ਹੈ….ਉਪਰ ਸੇ ਆਰਮੀ ਔਰ ਪੁਲਿਸ ਹੈ….ਯੇਹ ਕੋਈ ਖੇਲ ਨਹੀਂ ਹੈ ਕਿ ਜਬ ਚਾਹੋ ਕਹੀਂ ਭੀ ਨਿਕਲ ਜਾਓ….ਬੱਚੇ…ਯੇਹ ਬਹੁਤ ਖਤਰਨਾਕ ਹੈ….” ਬਜ਼ੁਰਗ ਨੇ ਮੈਨੂੰ ਸਮਝਾਇਆ…

” ਪਰ ਮੈਂ ਜਾਵਾਂਗਾ ਜਰੂਰ…ਭਾਵੇਂ ਕਿਵ਼ੇਂ ਵੀ ਜਾਵਾਂ ” ਮੈਂ ਬੋਲਿਆ…

” ਓਕੇ…ਜਾਣਾ…ਪਰ ਆਰਮੀ ਗਾਓਂ ਕੇ ਬਾਹਰ ਸੇ ਹੀ ਵਾਪਸ ਭੇਜੇਗੀ…ਪੀਟ ਭੀ ਦੇ ਤੋ ਬੜੀ ਬਾਤ ਨਹੀਂ…”

ਮੈਂ ਕੋਈ ਜੁਆਬ ਨਾ ਦਿੱਤਾ….ਤੇ ਅਗਲੇ ਦਿਨ ਜਾਣ ਲਈ ਖੁਦ ਨੂੰ ਤਿਆਰ ਕਰਨਾ ਸ਼ੁਰੂ ਕਰ ਲਿਆ….ਪਰ ਮੈਨੂੰ ਵੀ ਯਕੀਨ ਘਟ ਹੀ ਸੀ ਕਿ ਮੈਂ ਏਨੇ ਕਰਫਿਊ ਚ ਵੀ ਸ਼੍ਰੀਨਗਰ ਜਾ ਸਕਾਂਗਾ….

….

ਉਸ ਸ਼ਾਮ ਨੂੰ ਮੈਂ ਬੱਚਿਆਂ ਦੇ ਨਾਲ ਲੇਪਟੋਪ ਚ ਫੋਟੋਆਂ ਤੇ ਕੋਈ ਇਕ ਅੱਧੀ ਫਿਲਮ ਦੇਖ ਕੇ ਬਿਤਾਇਆ….

ਪਿੰਡ ਦੇ ਮੁੰਡਿਆਂ ਨਾਲ ਕ੍ਰਿਕਟ ਖੇਡੀ….

ਰਾਤ ਨੂੰ ਜਲਦੀ ਸੋਂ ਗਿਆ….ਤੇ ਮਨ ਹੀ ਮਨ ਆਪਣੇ ਆਪ ਨੂੰ ਅਗਲੇ ਦਿਨ ਹਰ ਹਾਲਤ ਚ ਸ਼੍ਰੀਨਗਰ ਜਾਣ ਲਈ ਪੱਕਾ ਕੀਤਾ…..

( ਉਪਰਲਾ ਸਾਰਾ ਬਿਰਤਾਂਤ ਤਰੀਕ 5 ਅਗਸਤ ਦਾ ਸੀ…ਜਿਸ ਦਿਨ 370 ਨੂੰ ਲਗਭਗ ਖਤਮ ਕਰ ਦਿੱਤਾ ਗਿਆ ਸੀ ਕਸ਼ਮੀਰ ਚੋਂ…. ਅੱਜ ਜਦੋਂ ਲੋਕ ਈਦ ਮਨਾ ਰਹੇ ਨੇ…ਮੈਂ ਕਸ਼ਮੀਰ ਚ ਮੌਜੂਦ ਉਸ ਕੁੜੀ ਨੂੰ ਯਾਦ ਕਰ ਰਿਹਾ ਹਾਂ ਜੋ ਏਨੇ ਦਿਨਾਂ ਦੀ ਈਦ ਦੀ ਤਿਆਰੀ ਕਰੀ ਬੈਠੀ ਸੀ…ਤੇ ਅੱਜ ਉਥੇ ਨਾ ਫੋਨ ਚਲਦਾ ਹੈ ਨਾ ਕੁਝ ਹੋਰ…ਕੋਈ ਨਾ ਉਹਨਾਂ ਨੂੰ ਈਦ ਮੁਬਾਰਕ ਬੋਲ ਸਕਦਾ ਹੈ ਨਾ ਉਹ ਕਿਸੇ ਨੂੰ ਆਪਣੀ ਈਦ ਕਿਵੇਂ ਬੀਤੀ ਦਸ ਸਕਦੇ ਨੇ )

Real Estate