ਚਾਇਲਡ ਕੇਅਰ ਠੀਕ , ਪਰ ਬੱਚਿਆਂ ‘ਤੇ ਮਰਜ਼ੀ ਨਹੀਂ

4613

ਬੱਚਿਆਂ ਨੂੰ ਆਪਣੇ ਲੰਚ ਬਾਕਸ ਚੋਂ ਮਿੱਠੀਆਂ ਚੀਜਾਂ, ਚਿਪਸ, ਬਿਸਕੁਟ ਆਦਿ ਖਾਣ ਤੋਂ ਰੋਕਣ ਵਾਲੀ ਅਧਿਆਪਕਾ ਕਸੂਤੀ ਫਸੀ
ਔਕਲੈਂਡ 12 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਕਈ ਵਾਰ ਚੰਗੇ ਲਈ ਕੀਤਾ ਗਿਆ ਕੰਮ ਆਪਣੇ ਉਪਰ ਹੀ ਮਾੜਾ ਪੈ ਜਾਂਦਾ ਹੈ। ਨਿਊਜ਼ੀਲੈਂਡ ਦੇ ਇਕ ਚਾਇਲਡ ਕੇਅਰ ਸਕੂਲ ਦੀ ਇਕ ਅਧਿਆਪਕਾ ਨੇ ਕੁਝ ਬੱਚਿਆਂ ਨੂੰ ਆਪਣੇ ਲੰਚ ਬਾਕਸ ਦੇ ਵਿਚੋਂ ਮਿੱਠੀਆਂ ਵਸਤਾਂ, ਆਲੂਆਂ ਦੇ ਚਿਪਸ, ਬਿਸਕੁਟ ਅਤੇ ਕਰੈਕਰ ਆਦਿ ਖਾਣ ਤੋਂ ਰੋਕ ਦਿੱਤਾ ਸੀ ਅਤੇ ਕਿਹਾ ਸੀ ਕਿ ਬੱਚਿਓ ਇਹ ਤੁਹਾਡੀ ਸਿਹਤ ਅਤੇ ਦਿਮਾਗ ਵਾਸਤੇ ਠੀਕ ਨਹੀਂ। ਪਰ ਹੁਣ ਇਹ ਅਧਿਆਪਕਾ ਕਸੂਤੀ ਫਸ ਗਈ ਹੈ ਅਤੇ ਇਸ ਅਧਿਆਪਕਾ ਦੇ ਉਤੇ 10 ਵੱਖ-ਵੱਖ ਦੋਸ਼ ਲੱਗੇ ਹਨ ਜਿਸ ਦੇ ਨਾਲ ਜਿੱਥੇ ਬਿਜਸਨ ਉਤੇ ਫਰਕ ਪਿਆ ਉਥੇ ਬੱਚਿਆਂ ਦੇ ਮਨਾਂ ਅੰਦਰ ਵੀ ਖਾਣ ਵਾਲੀਆਂ ਵਸਤਾਂ ਨੂੰ ਲੈ ਕੇ ਸ਼ੰਕੇ ਪੈਦਾ ਹੋ ਗਏ। 2017 ਦੇ ਵਿਚ ਇਹ ਵਾਕਿਆ ਘਟਿਆ ਸੀ। ਇਕ ਹੋਰ ਅਧਿਆਪਕਾ ਨੇ ਦੱਸਿਆ ਕਿ ਉਹ ਅਧਿਆਪਕਾ ਅਕਸਰ ਬੱਚਿਆਂ ਦੇ ਲੰਚ ਬਾਕਸ ਚੈਕ ਕਰਦੀ ਸੀ ਅਤੇ ਵੇਖਦੀ ਸੀ ਕਿ ਬੱਚੇ ਕੋਈ ਅਣਸਿਹਤਮੰਦ ਵਸਤੂ ਤਾਂ ਨਹੀਂ ਲੈ ਕੇ ਆਏ ਖਾਣ ਵਾਸਤੇ। ਜੇਕਰ ਕੁਝ ਅਜਿਹਾ ਨਿਕਲਦਾ ਸੀ ਤਾਂ ਉਹ ਖਾਣ ਵਾਲੀ ਵਸਤੂ ਉਨ੍ਹਾਂ ਦੇ ਲੰਚ ਬਾਕਸ ਵਿਚੋਂ ਬਾਹਰ ਕੱਢ ਦਿੰਦੀ ਸੀ। ਚਾਈਲਡ ਕੇਅਰ ਸੈਂਟਰ ਬੱਚਿਆਂ ਨੂੰ ਖੁਦ ਖਾਣਾ ਪਰੋਸਦੇ ਹਨ ਜਿਨ੍ਹਾਂ ਵਿਚੋਂ ਕਈ ਖਾਂਦੇ ਹਨ ਅਤੇ ਕਈ ਨਹੀਂ। ਇਕ 3 ਸਾਲਾ ਬੱਚਾ ਘਰੋਂ ਚਾਵਲ ਬਣਾ ਕੇ ਲਿਆ ਸੀ ਪਰ ਉਸ ਅਧਿਆਪਕਾ ਨੇ ਉਹ ਵੀ ਉਸਨੂੰ ਗਰਮ ਨਹੀਂ ਕਰਨ ਦਿੱਤੇ। ਕਈ ਬੱਚੇ ਇਸ ਅਧਿਆਪਕਾ ਦੇ ਰੋਕਣ ਉਤੇ ਘਰ ਦਾ ਲਿਆਂਦਾ ਖਾਣਾ ਵੀ ਨਹੀਂ ਸੀ ਖਾਂਦੇ ਅਤੇ ਸੈਂਟਰ ਦਾ ਦਿੱਤਾ ਖਾਣਾ ਵੀ ਨਹੀਂ ਸੀ ਖਾਂਦੇ। ਅੱਜ ਇਹ ਅਧਿਆਪਕਾ ਟੀਚਰਜ਼ ਡਿਸਪਲੀਨੇਰੀ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਹੋਈ। ਟ੍ਰਿਬਿਊਨਲ ਨੇ ਆਪਣਾ ਫੈਸਲਾ ਅਜੇ ਰਾਖਵਾਂ ਰੱਖਿਆ ਹੈ।

Real Estate