ਜਦੋਂ ਕਸ਼ਮੀਰ ਚੋਂ 370 ਹਟੀ – 3

2934

✍️ਹਰਪਾਲ ਸਿੰਘ

ਹੋਟਲ ਵਾਲੇ ਦੇ ਰੂਮ ਖਾਲੀ ਕਰਨ ਨੂੰ ਕਹਿਣ ਤੋਂ ਬਾਦ ਮੈਂ ਜੋ ਥੋੜਾ ਬਹੁਤ ਸਮਾਨ ਬੈਗ ਚੋ ਬਾਹਰ ਕੱਢਿਆ ਸੀ…ਉਸਨੂੰ ਵਾਪਸ ਬੈਗ ਚ ਪਾ ਲਿਆ…ਇਸ ਸਮਾਨ ਚ ਇਕ ਚਾਰਜਰ ਸੀ….ਪਾਣੀ ਦੀ ਬੋਤਲ ਸੀ….ਤੇ ਬਿਸਕੁਟ ਦਾ ਇਕ ਪੈਕਟ…ਤੇ ਰਾਤ ਨੂੰ ਪਾਉਣ ਵਾਲੇ ਕਪੜੇ…

ਮੈਂ ਸਾਢੇ ਪੰਜ ਜਾਂ ਕੋਈ ਛੇ ਕੁ ਵਜੇ ਥੱਲੇ ਰੈਸਪਸ਼ਨ ਤੇ ਆਇਆ…ਜਿਥੇ ਹੋਰ ਵੀ ਕੁਛ ਲੋਕ ਰੂਮ ਖਾਲੀ ਕਰਨ ਤੋਂ ਬਾਦ ਖੜੇ ਸੀ….ਇਹ ਸਾਰੇ ਲੋਕ ਬਸ ਓਹੀ ਸੀ ਜੋ ਕਿਸੇ ਕੰਮ ਧੰਦੇ ਲਈ ਇਥੇ ਰੁਕੇ ਹੋਏ ਸੀ….ਪਰ ਹੁਣ ਇਕ ਦਮ ਸਭ ਨੂੰ ਵਾਪਸ ਜਾਣ ਲਈ ਬੋਲ ਦਿੱਤਾ ਗਿਆ ਸੀ…

” ਬਹੁਤ ਬੁਰਾ ਕਰ ਰਹੇ ਹੋ ਯਾਰ….ਏਨਾ ਵੀ ਕੀ ਹੈ ਕਿ ਆਪਣੇ ਪੱਕੇ ਗਾਹਕਾਂ ਨੂੰ ਏਦਾਂ ਕੱਢ ਰਹੇ ਹੋ ” ਮੈਂ ਦੁਖ ਚ ਬੋਲਿਆ..

” ਕਿਆ ਕਰੇਂਗੇ…ਮਜ਼ਬੂਰੀ ਹੈ..” ਰੈਸਪਸ਼ਨ ਵਾਲਾ ਅੱਖਾਂ ਨੂੰ ਮਿਲਾਉਣ ਤੋਂ ਬਚ ਰਿਹਾ ਸੀ…

” ਬ੍ਰੇਕਸਫਾਸਟ ਵੀ ਨਹੀਂ ਕਰਵਾਓਗੇ ? ” ਮੈਂ ਪੁੱਛਿਆ..

” ਸੌਰੀ ਸਰ…”

” ਓਕੇ…ਐਸ ਯੂ ਵਿਸ਼…ਬਿੱਲ ਦਸਿਓ ਕਿੰਨਾ ਬਣਿਆ..? ” ਮੈਂ ਮੋਢੇ ਢਿੱਲੇ ਛੱਡੇ…

ਓਹ੍ਹ ਬੰਦਾ ਕੰਪਿਊਟਰ ਤੇ ਕੁਛ ਟਾਈਪ ਕਰਦਾ ਰਿਹਾ…ਮੈਂ ਆਲੇ ਦੁਆਲੇ ਖੜੇ ਹੋਰ ਲੋਕਾਂ ਵਲ ਦੇਖਦਾ ਰਿਹਾ…ਜਿਹੜੇ ਆਪਣੇ ਸਮਾਨ ਨੂੰ ਇਕੱਠਾ ਕਰ ਰਹੇ ਸੀ…

” ਆਪਕੇ ਟੋਟਲ ਤੀਨ ਹਜ਼ਾਰ ਹੁਏ…ਕੋੱਫੀ ਕਾ ਕੋਈ ਖਰਚਾ ਨਹੀਂ ਐੱਡ ਕੀਆ…”

ਮੈਂ ਆਪਣਾ ਬਟੂਆ ਕੱਢਿਆ…ਉਸ ਚ ਚਾਰ ਕੁ ਹਜ਼ਾਰ ਕੈਸ਼ ਸੀ….ਪਰ ਮੇਰੇ ਦਿਮਾਗ ਨੇ ਕਿਹਾ ਕਿ ਕੈਸ਼ ਦੀ ਅੱਗੇ ਜਾ ਕੇ ਲੋੜ ਪੈ ਸਕਦੀ…

” ਏਹ ਲੋ….ਕਰੈਡਿਟ ਕਾਰਡ…ਸਵੈਪ ਕਰ ਲੋ ” ਮੈਂ ਬਟੂਏ ਚੋਂ ਕਰੈਡਿਟ ਕਾਰਡ ਕੱਢ ਕੇ ਅੱਗੇ ਕੀਤਾ..

ਉਸਨੇ ਕਾਰਡ ਲਿਆ…ਸਵੈਪ ਵਾਲੀ ਮਸ਼ੀਨ ਚ ਫਸਾਇਆ….ਪਰ ਮਸ਼ੀਨ ਦਾ ਨੇਟਰਵਕ ਵੀ ਫੇਲ ਹੋ ਚੁਕਾ ਸੀ…

” ਕੈਸ਼ ਦੇ ਦੋ ਸਰ…” ਰੈਸਪਸ਼ਨ ਵਾਲੇ ਨੇ ਮੇਰੇ ਵੱਲ ਦੇਖਿਆ…

” ਕੈਸ਼ ਹੈ ਪਰ ਮੈਂ ਨਹੀਂ ਦੇਣਾ…ਤੁਸੀ ਕਾਰਡ ਹੀ ਕਰੋ ਸਵੈਪ…ਜੇ ਨਹੀਂ ਹੁੰਦਾ…ਤਾਂ ਬਾਦ ਚ ਲੈ ਲਿਓ ” ਮੈਂ ਆਖਿਆ…

ਰੈਸਪਸ਼ਨ ਵਾਲਾ ਮੇਰੇ ਵੱਲ ਦੇਖਦਾ ਰਿਹਾ….ਉਸਦੇ ਚੇਹਰੇ ਤੇ ਵੀ ਪ੍ਰੇਸ਼ਾਨੀ ਦਿਖਣੀ ਸ਼ੁਰੂ ਹੋ ਗਈ ਸੀ…

” ਸਰ…ਮੇਰਾ ਵੀ ਕਾਰਡ ਸਵੈਪ ਕਰਦੋ…ਸੱਤ ਹਜ਼ਾਰ ਬਣਿਆ ਹੈ ਮੇਰਾ….ਤੁਸੀਂ ਦੱਸ ਸਵੈਪ ਕਰਕੇ ਬਾਕੀ ਤਿੰਨ ਹਜ਼ਾਰ ਮੈਨੂੰ ਕੈਸ਼ ਦੇ ਦਵੋ…ਮੇਰੇ ਕੋਲ ਜੇਬ ਚ ਬਸ ਚਾਰ ਸੌ ਰੁਪਏ ਨੇ ” ਇਕ ਹੋਰ ਬੰਦਾ ਆਪਣੇ ਹੱਥ ਚ ਕਾਰਡ ਲੈ ਕੇ ਬੋਲਿਆ…

” ਸਰ…ਕਾਰਡ ਸਵੈਪ ਕਰਨੇ ਵਾਲੀ ਮਸ਼ੀਨ ਹੀ ਨਹੀਂ ਚੱਲ ਰਹੀ…” ਰੈਸਪਸ਼ਨ ਵਾਲਾ ਬੋਲਿਆ…

” ਫੇਰ….? ” ਮੈਂ ਉਸਦੇ ਵੱਲ ਦੇਖਿਆ….

ਰੈਸਪਸ਼ਨ ਵਾਲੇ ਨੇ ਹੋਟਲ ਦਾ ਫੋਨ ਮਿਲਾਇਆ…ਤੇ ਆਪਣੇ ਮੈਨਜਰ ਨਾਲ ਗੱਲ ਕਰਨ ਲੱਗਿਆ…

” ਸਰ…ਕਸਟਮਰ ਕੇ ਪਾਸ ਕੈਸ਼ ਨਹੀਂ ਹੈ…ਸਭ ਕਾਰਡ ਹੀ ਦੇ ਰਹੇ ਹੈਂ….ਕਿਆ ਕਰਨਾ ਹੈ ਅਬ ? ”

ਦੂਜੇ ਪਾਸੇ ਤੋਂ ਕੁਝ ਬੋਲਿਆ ਜਾ ਰਿਹਾ ਸੀ ਜੋ ਰੈਸਪਸ਼ਨ ਵਾਲਾ ਸੁਣ ਰਿਹਾ ਸੀ….

” ਸਰ…ਕਸਮਟਰ ਕੋ ਛੋੜਨਾ ਤੋ ਪੜ੍ਹੇਗਾ ਹੀ…ਐਸੇ ਰੋਕ ਕੇ ਨਹੀਂ ਰੱਖ ਸਕਤੇ ” ਰੈਸਪਸ਼ਨ ਵਾਲਾ ਫੇਰ ਬੋਲਿਆ…

ਕੁਛ ਦੇਰ ਉਸਨੇ ਮੈਨਜਰ ਨਾਲ ਗਲ ਕੀਤੀ…ਤੇ ਫੋਨ ਰੱਖ ਦਿੱਤਾ…

ਮੈਂ ਇਕ ਵਾਰ ਫੇਰ ਦਸ ਦਵਾਂ ਕਿ ਫੋਨ ਸਭ ਬੰਦ ਸੀ…ਜਿਸ ਫੋਨ ਚ ਹੋਟਲ ਵਾਲੇ ਗਲ ਕੜੁ ਰਹੇ ਸੀ…ਇਹ ਬਸ ਹੋਟਲ ਦੇ ਅੰਦਰ ਹੀ ਇਕ ਕਮਰੇ ਤੋਂ ਦੂਜੇ ਕਮਰੇ ਚ ਗਲ ਕਰਨ ਦੇ ਲਈ ਸੀ…

” ਆਪ ਆਪਣੇ ਆਈ ਡੀ ਕਾ ਫੋਟੋ ਲੇਨੇ ਦੋ ਮੁਝੇ…ਔਰ ਜਾਓ…ਪੇਮੈਂਟ ਆਪ ਬਾਦ ਮੇਂ ਕਰਨਾ…” ਉਸਨੇ ਸਭ ਦੇ ਵੱਲ ਦੇਖ ਕੇ ਆਖਿਆ…

” ਵੈਸੇ ਮੇਰਾ ਲੈਪਟਾਪ ਰੱਖਣਾ ਤਾਂ ਰੱਖ ਲਵੋ ” ਮੈਂ ਹੱਸ ਕੇ ਆਖਿਆ…

” ਕਿਉਂ ਸ਼ਰਮੀਂਦਾ ਕਰਤੇ ਹੋ…ਆਪ ਨਹੀਂ ਜਾਨਤੇ ਹਮੇਂ ਆਪਕੋ ਐਸੇ ਭੇਜਤੇ ਹੂਏ ਕਿਤਨਾ ਖਰਾਬ ਲੱਗ ਰਹਾ ਹੈ…”

ਮੈਂ ਉਸਦੀ ਮਜ਼ਬੂਰੀ ਵੀ ਸਮਝਦਾ ਸੀ…ਮੈਂ ਅਧਾਰ ਕਾਰਡ ਨੂੰ ਉਸਦੇ ਅੱਗੇ ਰਖਿਆ…ਜਿਸਦੀ ਫੋਟੋ ਉਸਨੇ ਮੋਬਾਈਲ ਨਾਲ ਖਿੱਚ ਲਈ….ਤੇ ਮੈਂ ਕਾਰਡ ਵਾਪਸ ਲਿਆ….ਤੇ ਹੋਟਲ ਤੋਂ ਬਾਹਰ ਆ ਗਿਆ…

……
ਹੋਟਲ ਦੇ ਬਾਹਰ ਆਇਆ ਤਾਂ ਅਜੇ ਕੁਛ ਟੈਕਸੀਆਂ ਚਲ ਰਹੀਆਂ ਸੀ….ਸਵੇਰ ਦੇ ਸੱਤ ਕੁ ਵਜੇ ਦਾ ਸਮਾਂ ਸੀ…ਮੇਰੇ ਮੋਢਿਆਂ ਤੇ ਇਕ ਬੈਗ ਸੀ ਜਿਸਦੇ ਵਿਚ ਲੇਪਟੋਪ ਤੇ ਹੋਰ ਨਿੱਕਾ ਮੋਟਾ ਸਮਾਨ ਸੀ….ਇਕ ਬਹੁਤ ਨਿੱਕਾ ਬੈਗ ਮੇਰੇ ਗੱਲੇ ਨਾਲ ਟੰਗਿਆ ਸੀ…ਜਿਸਦੇ ਵਿਚ ਬਟੂਆ ਤੇ ਹੈਡਫੋਨ ਸੀ…ਤੇ ਇਕ ਟਰਾਲੀ ਬੈਗ…ਜਿਸਦੇ ਵਿਚ ਕਪੜੇ ਤੇ ਮਸ਼ੀਨਾਂ ਨੂੰ ਠੀਕ ਕਰਨ ਵਾਲੇ ਹਥਿਆਰ ਸੀ….

ਮੈਂ ਪੈਦਲ ਤੁਰਦਾ ਹੋਇਆ ਡਲ ਗੇਟ ਨੂੰ ਜਾਂਦੇ ਹੋਏ ਰਾਹ ਤੇ ਬਣੇ ਟੈਕਸੀ ਸਟੈਂਡ ਤੇ ਜਾ ਖੜਾ ਹੋਇਆ…

ਮੈਂ ਰਹਿਣ ਲਈ ਅਨੰਤਨਾਗ ਚ ਰਹਿੰਦੇ ਆਪਣੀ ਪਛਾਣ ਦੇ ਇਕ ਕਸ਼ਮੀਰੀ ਪਰਿਵਾਰ ਕੋਲ ਜਾਣ ਦਾ ਸੋਚਿਆ…ਹਾਲਾਂਕਿ ਮੈਂ ਜੇ ਦਿਮਾਗ ਨਾਲ ਕੰਮ ਲੈਂਦਾ ਤਾਂ ਸ਼੍ਰੀਨਗਰ ਨਾ ਛੱਡਦਾ…ਤੇ ਏਥੇ ਹੀ ਕੋਈ ਹੋਰ ਹੋਟਲ ਦੇਖਦਾ…ਪਰ ਉਸ ਸਮੇਂ ਇਕ ਦਮ ਹਫੜਾ ਦਫੜੀ ਦੇ ਹਾਲਾਤ ਬਣ ਗਏ…ਤੇ ਮੈਂ ਅਨੰਤਨਾਗ ਜਾਣ ਦਾ ਮਨ ਬਣਾ ਲਿਆ…

….

ਇਹ ਡਲ ਗੇਟ ਤੋਂ ਕ੍ਰਿਸ਼ਨਾ ਢਾਬਾ ਦੇ ਵਿਚਕਾਰ ਇਕ ਪਟਰੋਲ ਪੰਪ ਹੈ….ਜਿਥੋਂ ਅਨੰਤਨਾਗ ਲਈ ਆਮ ਹੀ ਟੈਕਸੀ ਸਰਵਿਸ ਮਿਲਦੀ ਹੈ…ਪਰ ਅੱਜ ਇਥੇ ਕੋਈ ਟੈਕਸੀ ਨਹੀਂ ਸੀ ਆ ਰਹੀ…

ਮੈਨੂੰ ਉਥੇ ਖੜੇ ਨੂੰ ਕਾਫੀ ਦੇਰ ਹੋ ਗਈ ਤਾਂ ਅਚਾਨਕ ਇਕ ਲਾਲ ਰੰਗ ਦੀ ਕੁਆਲੀਜ਼ ਜਾ ਟਵੇਰਾ ਪਤਾ ਨਹੀਂ ਕਿਹੜੀ ਸੀ…ਮੇਰੇ ਕੋਲ ਆ ਕੇ ਰੁਕੀ….

” ਅਰੇ ਹਰਪਾਲ ਜੀ….ਆਪ ਯਹਾਂ ? ”

ਇਹ ਮੇਰੀ ਪਛਾਣ ਦਾ ਕਸ਼ਮੀਰੀ ਟੈਕਸੀ ਡਰਾਈਵਰ ਸੀ…ਮੈਂ ਜਦੋਂ ਵੀ ਕਸ਼ਮੀਰ ਆਂਦਾ ਹਾਂ ਹਮੇਸ਼ਾਂ ਇਸਦੀ ਟੈਕਸੀ ਚ ਹੀ ਘੁੰਮਦਾ ਰਿਹਾ ਹਾਂ…

” ਹਾਂ ਯਾਰ….ਮੈਂ ਇਥੇ ਡਿਊਟੀ ਲਈ ਆਇਆ ਸੀ….” ਮੈਂ ਉਸਨੂੰ ਦੇਖ ਕੇ ਖੁਸ਼ ਹੋ ਗਿਆ ਸੀ…

” ਅਬ ਕਹਾਂ ਜਾਣਾ ਹੈ…ਜੰਮੂ ? ”

” ਨਹੀਂ…ਜੰਮੂ ਨਹੀਂ…ਅਨੰਤਨਾਗ ”

” ਜੰਮੂ ਜਾਓ…ਅਭੀ ਨਿਕਲ ਜਾਓਗੇ…ਕਿਉਂ ਫਸਣਾ ਹੈ ਯਹਾਂ…”

” ਨਹੀਂ…ਮੈਂ ਅਜੇ ਵਾਪਸ ਨਹੀਂ ਜਾਣਾ…ਅਨੰਤਨਾਗ ਤੱਕ ਪਹੁੰਚਾ ਦਵੋ…ਮੇਹਰਬਾਨੀ ਹੋਵੇਗੀ…”

” ਪਰ ਉਸ ਤਰਫ ਤੋ ਕੋਈ ਨਹੀਂ ਜਾਏਗਾ….ਕਰਫਿਊ ਹੈ…ਔਰ ਮੈਂ ਉਸ ਤਰਫ ਕਿਉਂ ਨਹੀਂ ਜਾਤਾ ਯੇਹ ਆਪਕੋ ਪਤਾ ਹੀ ਹੈ ”

ਮੈਨੂੰ ਪਤਾ ਸੀ ਕਿ ਉਹ ਅਨੰਤਨਾਗ ਵੱਲ ਕਿਉਂ ਨਹੀਂ ਜਾਂਦਾ….ਅਸਲ ਚ ਜਦੋਂ ਬੁਰਹਾਨ ਵਾਨੀ ਦੀ ਸ਼ਹੀਦੀ ਹੋਈ ਸੀ…ਉਦੋਂ ਅਨੰਤਨਾਗ ਚ ਇਸਦੀ ਗੱਡੀ ਨੂੰ ਅੱਗ ਲਗਾ ਦਿਤੀ ਗਈ ਸੀ….ਤਾਂ ਕਰਕੇ ਇਹ ਹੁਣ ਹਲਕੇ ਵੀ ਸਵੇਂਦਨਸ਼ੀਲ ਮਾਹੌਲ ਚ ਅਨੰਤਨਾਗ ਵਲ ਮੂੰਹ ਵੀ ਨਹੀਂ ਸੀ ਕਰਦਾ…

” ਪਰ ਮੈਂ ਜਾਣਾ ਹੀ ਹੈ…ਭਾਵੇਂ ਤੁਰ ਕੇ ਜਾਵਾਂ ” ਮੈਂ ਹੱਸ ਕੇ ਆਖਿਆ…

” ਆਪ ਯਾਰ ਬਹੁਤ ਜ਼ਿੱਦੀ ਹੋ…ਚਲੋ…ਕਰਤਾ ਹੂ ਕੁਛ ”

ਉਹ ਸੜਕ ਦੇ ਇਕ ਪਾਸੇ ਚਲਾ ਗਿਆ….ਤੇ ਉਥੇ ਖੜੀ ਇਕ ਟੈਕਸੀ ਵਾਲੇ ਨਾਲ ਗੱਲ ਕਰਨ ਲੱਗ ਗਿਆ….ਗਲ ਕਰਨ ਤੋਂ ਬਾਦ ਉਸਨੇ ਮੈਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ…

” ਯੇਹ ਛੋੜੇਗਾ ਆਪਕੋ…ਪਰ ਪੰਦਰਾਂ ਸੌ ਲੇਗਾ ”

ਮੈਂ ਮਨ ਹੀ ਮਨ ਉਸਦੀ ਆਫਰ ਨੂੰ ਖਰਾਬ ਮਹਿਸੂਸ ਕੀਤਾ…ਨਰਮਲੀ ਉਧਰ ਦਾ ਕਿਰਾਇਆ ਸੌ ਰੁਪਏ ਲਗਦਾ ਹੈ ਪਰ ਓਹ ਮੌਕੇ ਦਾ ਫਾਇਦਾ ਚੁੱਕ ਰਿਹਾ ਸੀ….ਜਾਣ ਪਛਾਣ ਹੋਣ ਤੋਂ ਬਾਦ ਵੀ ਟੈਕਸੀ ਕਰਵਾਉਣ ਤੋਂ ਬਿਨ੍ਹਾਂ ਉਸਨੇ ਕੋਈ ਖਾਸ ਲਿਹਾਜ਼ ਨਹੀਂ ਸੀ ਰਖਿਆ….

ਮੇਰੀ ਆਦਤ ਹੈ ਕਿ ਜੇ ਕੋਈ ਆਪਣਾ ਮੇਰਾ ਫਾਇਦਾ ਚੁਕੇ ਤਾਂ ਮੈਂ ਉਸ ਸਮੇਂ ਕੁਛ ਨਹੀਂ ਬੋਲਦਾ ਹਾਂ ਪਰ ਫੇਰ ਦੁਬਾਰਾ ਕਦੀ ਉਸਨੂੰ ਨਹੀਂ ਮਿਲਦਾ…

” ਕੋਈ ਗੁੰਜਾਇਸ਼ ? ” ਮੈਂ ਪੁੱਛਿਆ…

” ਪੈਸੇ ਇਤਨੇ ਹੀ ਹੋਂਗੇ…ਕਮ ਨਹੀਂ ” ਟੈਕਸੀ ਵਾਲਾ ਬੋਲਿਆ

” ਓਕੇ…ਚਲੋ…” ਮੈਂ ਮਜ਼ਬੂਰੀ ਚ ਹਾਮੀ ਭਰੀ….ਹਾਲਾਂਕਿ ਮੇਰੇ ਕੋਲ ਬਹੁਤ ਪੈਸੇ ਵੀ ਨਹੀਂ ਸੀ…ਨਾ ਮੈਨੂੰ ਇਹ ਸਭ ਖਰਚੇ ਪੈਸੇ ਮਿਲਨੇ ਸੀ….ਪਰ ਮੈਂ ਇਥੇ ਹਰ ਹਾਲ ਚ ਰਹਿਣਾ ਸੀ…ਨਹੀਂ ਸੀ ਪਤਾ ਕਿ ਜੇ ਪੈਸੇ ਮੁਕੇ ਤਾਂ ਕਿਵੇਂ ਕਰੂੰਗਾ…ਪਰ ਖੁਦ ਨੂੰ ਰੱਬ ਆਸਰੇ ਛੱਡ ਦਿੱਤਾ ਸੀ….

ਉਸਨੇ ਮੈਨੂੰ ਬਿਠਾਇਆ….ਤੇ ਟੈਕਸੀ ਅਨੰਤਨਾਗ ਵਲ ਨੂੰ ਭੱਜ ਪਈ…

….

ਸੜਕਾਂ ਖਾਲੀ ਸੀ….ਤੇ ਹਰ ਕੁਛ ਦੂਰੀ ਤੇ ਆਰਮੀ ਹੀ ਆਰਮੀ ਨਜ਼ਰ ਆ ਰਹੀ ਸੀ….ਕਿਸੇ ਅਣਜਾਣ ਵਾਸਤੇ ਇਹ ਸਭ ਡਰਾਵਣਾ ਹੋ ਸਕਦਾ ਸੀ…ਪਰ ਮੈਂ ਅੱਗੇ ਵੀ ਇਥੇ ਆਉਂਦਾ ਰਹਿੰਦਾ ਹਾਂ ਇਸ ਕਰਕੇ ਮੇਰੇ ਲਈ ਇਹ ਨਵਾਂ ਨਹੀਂ ਸੀ ਕੁਛ….ਨਾ ਕੋਈ ਡਰ ਲਗਦਾ ਸੀ….ਬਸ ਏਨਾ ਜਰੂਰ ਸੀ ਕਿ ਮੈਨੂੰ ਕੋਈ ਰੋਕ ਨਾ ਲਵੇ….

ਮੈਂ ਹੁਣ ਜਿਸ ਇਲਾਕੇ ਵਲ ਜਾ ਰਿਹਾ ਸੀ ਇਹ ਦੱਖਣੀ ਕਸ਼ਮੀਰ ਹੈ….ਜਿਸਨੂੰ ਬਹੁਤ ਸਵੇਂਦਨਸ਼ੀਲ ਮੰਨਿਆ ਜਾਂਦਾ ਹੈ…ਮੈਂ ਜਿਸ ਪਿੰਡ ਚ ਜਾ ਰਿਹਾ ਸੀ ਇਸਦੇ ਰਾਹ ਚ ਆਵੰਤੀਪੋਰਾ…ਬਿਜਬਿਹਾਰਾ ਵਰਗੇ ਇਲਾਕੇ ਆਉਂਦੇ ਨੇ….ਜਿੰਨਾ ਚ ਬਹੁਤ ਪਥਰਬਾਜ਼ੀ ਹੁੰਦੀ ਰਹੀ ਹੈ….ਪਰ ਮੇਰੀ ਟੈਕਸੀ ਬਾਈਪਾਸ ਤੋਂ ਜਾ ਰਹੀ ਸੀ…ਤੇ ਏਨਾ ਪਿੰਡਾਂ ਦੇ ਬਾਹਰੋਂ ਬਾਹਰ ਨਿਕਲ ਰਹੀ ਸੀ…..ਪਰ ਪਿੰਡ ਨੂੰ ਜਾਂਦੇ ਰਾਹਾਂ ਨੂੰ ਪੂਰੀ ਤਰਾਂ ਨਾਲ ਤਾਰਾਂ ਲਗਾ ਕੇ ਸੀਲ ਕੀਤਾ ਹੋਇਆ ਸੀ….ਤੇ ਫੌਜ ਭਾਰੀ ਹਥਿਆਰਾਂ ਨਾਲ ਲੈਸ ਪਿੰਡ ਦੇ ਹਰ ਰਾਹ ਤੇ ਖੜੀ ਨਜ਼ਰ ਆ ਰਹੀ ਸੀ….

ਆਖਰ ਨੂੰ ਉਸ ਪਿੰਡ ਦਾ ਰਾਹ ਵੀ ਆ ਗਿਆ…ਜਿਧਰ ਮੈਂ ਜਾਣਾ ਸੀ….ਪਰ ਆਰਮੀ ਨੇ ਪਿੰਡ ਵੱਲ ਜਾਂਦੇ ਰਾਹ ਨੂੰ ਬਲਾਕ ਕੀਤਾ ਹੋਇਆ ਸੀ….ਤੇ ਗੱਡੀ ਨੂੰ ਮੁੜਨ ਨਾ ਦਿੱਤਾ…..

” ਆਪਕੋ ਯਹੀਂ ਸੜਕ ਪਰ ਹੀ ਉਤਰਨਾ ਹੋਗਾ…ਔਰ ਪੈਦਲ ਜਾਣਾ ਹੋਗਾ….ਮੁਸ਼ਕਿਲ ਹੈ ਪਰ ਔਰ ਕੋਈ ਰਾਸਤਾ ਨਹੀਂ…”

ਮੈਂ ਡਰਾਈਵਰ ਦੀ ਗੱਲ ਸੁਣੀ…ਤੇ ਇਕ ਵਾਰ ਆਪਣੇ ਸਮਾਨ ਵਲ ਦੇਖਿਆ..

” ਓਕੇ…ਏਦਾਂ ਹੀ ਸਹੀ…ਪਰ ਕਿਸੇ ਏਦਾਂ ਦੇ ਰਾਹ ਤੇ ਉਤਾਰ ਦੇ ਜਿਥੋਂ ਮੈਂ ਪੈਦਲ ਆਸਾਨੀ ਨਾਲ ਜਾ ਸਕਾਂ…ਕੋਈ ਖਤਰਾ ਨਾ ਹੋਵੇ…”

ਉਸਨੇ ਕੁਛ ਦੇਰ ਤੱਕ ਗੱਡੀ ਦਾ ਯੂ ਟਰਨ ਲਿਆ….ਤੇ ਇਕ ਖਾਲੀ ਸੜਕ ਕੋਲ ਉਤਾਰ ਦਿੱਤਾ…

” ਯੇਹ ਖੇਤੋਂ ਕੇ ਬੀਚ ਸੇ ਹੋ ਕਰ ਜਾਤਾ ਰਾਸਤਾ ਹੈ…ਸਿਧਾ ਚਲਤੇ ਜਾਓ…ਆਪ ਪਹੁੰਚ ਜਾਓਗੇ…”

” ਕਿੰਨੀ ਕੁ ਦੂਰ ਹੈ ? ”

” ਤੀਨ ਜਾ ਚਾਰ ਕਿਲੋਮੀਟਰ ਹੈ ਬਸ ”

” ਓਕੇ…” ਮੈਂ ਆਪਣਾ ਸਮਾਨ ਚੁੱਕਿਆ…ਤੇ ਬਾਹਰ ਨਿਕਲ ਆਇਆ ਟੈਕਸੀ ਚੋਂ…ਕਿਰਾਇਆ ਉਸਨੇ ਚਲਣ ਲੱਗੇ ਹੀ ਲੈ ਲਿਆ ਸੀ….

ਮੈਂ ਪੈਦਲ ਤੁਰਨਾ ਸ਼ੁਰੂ ਕੀਤਾ….

ਇਹ ਉਹ ਜ਼ਮੀਨ ਹੈ…ਜਿਥੇ ਪੈਦਲ ਚਲਣਾ ਜੰਨਤ ਚ ਤੁਰਨ ਦਾ ਸੁਆਦ ਦਿੰਦਾ ਹੈ…ਜੇ ਮਨ ਦਾ ਡਰ ਨਾ ਰਖਿਆ ਜਾਵੇ…ਤਾਂ ਹਰੇ ਭਰੇ ਖੇਤਾਂ ਚੋਂ ਨਿਕਲਦੇ ਇਹ ਰਾਹ ਬਹੁਤ ਹੀ ਜਿਆਦਾ ਸੋਹਣੇ ਲਗਦੇ ਨੇ…ਮੈਂ ਚਾਹ ਕੇ ਵੀ ਆਲੇ ਦੁਆਲੇ ਦਾ ਵੀਡੀਓ ਨਹੀਂ ਸੀ ਬਣਾ ਸਕਦਾ…ਇਕ ਤਾਂ ਹੱਥ ਚ ਸਮਾਨ ਸੀ…ਦੂਜਾ ਮੈਂ ਅਜਿਹੇ ਮਾਹੌਲ ਚ ਵੀਡੀਓ ਬਣਾ ਕੇ ਕੋਈ ਰਿਸ੍ਕ ਨਹੀਂ ਸੀ ਲੈਣਾ ਅਜੇ….

ਸਵੇਰ ਦਾ ਸਮਾਂ ਹੋਣ ਕਰਕੇ ਤੇ ਕਰਫਿਊ ਕਰਕੇ ਵੀ ਸੜਕ ਜਮਾਂ ਹੀ ਸੁਨਸਾਨ ਸੀ….ਮੈਂ ਪਸੀਨੇ ਚ ਭਿੱਜ ਚੁਕਾ ਸੀ…ਪਰ ਤੁਰਦੇ ਰਹਿਣ ਤੋਂ ਬਿਨਾਂ ਕੋਈ ਹੋਰ ਰਾਹ ਵੀ ਨਹੀਂ ਸੀ….

ਆਖਰ ਮੈਂ ਉਸ ਪਿੰਡ ਦੇ ਅੰਦਰ ਐਂਟਰ ਹੋਇਆ…ਜਿਥੇ ਮੈਂ ਰੁਕਣਾ ਸੀ…ਕਾਫੀ ਨੌਜਵਾਨ ਮੁੰਡੇ ਇਕੱਠੇ ਬੈਠੇ ਸੀ…ਦੁਕਾਨਾਂ ਬੰਦ ਸੀ ਤੇ ਖੁਲ੍ਹਣ ਦੇ ਅਸਾਰ ਵੀ ਨਹੀਂ ਸੀ ਜਾਪਦੇ…ਮੇਰੇ ਵੱਲ ਸਾਰੇ ਜਣੇ ਹੈਰਾਨੀ ਨਾਲ ਦੇਖ ਲੈਂਦੇ ਸੀ…ਪਰ ਮੈਂ ਕਿਸੇ ਦੇ ਵੀ ਨਾਲ ਅੱਖਾਂ ਮਿਲਾਉਣ ਤੋਂ ਬਚਦਾ ਰਿਹਾ….ਤੇ ਤੁਰਦਾ ਰਿਹਾ….

” ਜੇ ਕੋਈ ਪਥਰਬਾਜ਼ੀ ਹੋ ਜਾਵੇ…ਫੇਰ ? ” ਮੈਂ ਮਨ ਹੀ ਮਨ ਸੋਚਿਆ…

” ਹੱਥ ਖੜੇ ਕਰਕੇ ਖੜਾ ਹੋ ਜਾਵਾਂਗਾ…” ਮੈਂ ਆਪੀ ਜੁਆਬ ਵੀ ਦਿੱਤਾ..

ਪਰ ਅਜੇ ਸਭ ਸ਼ਾਂਤ ਸੀ….ਕਿਸੇ ਨੇ ਮੈਨੂੰ ਕੁਛ ਨਹੀਂ ਕਿਹਾ…

” ਬੁਰਹਾਨ ਭਾਈ ਲਵ ਯੂ ”

” ਗੋ ਬੈਕ ਇੰਡੀਆ ”

” ਓਨਲੀ ਸੋਲੂਸ਼ਨ ਗਨ ਸੋਲੂਸ਼ਨ ”

ਕੰਧਾਂ ਉਪਰ ਇਹ ਨਾਹਰੇ ਲਿਖੇ ਹੋਏ ਸੀ….ਮੈਂ ਰੁੱਕਿਆ…ਤੇ ਏਨਾ ਦੀ ਫੋਟੋ ਖਿੱਚੀ….

ਮੈਨੂੰ ਹੁਣ ਸਾਹਮਣੇ ਹੀ ਉਹ ਘਰ ਨਜ਼ਰ ਆ ਰਿਹਾ ਸੀ ਜਿਥੇ ਮੈਂ ਰੁਕਣਾ ਸੀ…

…..

ਮੈਂ ਘਰ ਦੇ ਬਾਹਰ ਪੁਜਿਆ….ਇਕ ਪਾਸੇ ਘਰ ਦੇ ਜੀਆਂ ਦੀਆਂ ਜੁੱਤੀਆਂ ਪਈਆਂ ਸੀ…ਕਿਉਂਕਿ ਕਸ਼ਮੀਰ ਚ ਲੋਕ ਆਪਣੇ ਬੂਟ ਚੱਪਲਾਂ ਬਾਹਰ ਹੀ ਲਾਹ ਕੇ ਰੱਖਦੇ ਨੇ…

ਮੈਂ ਵੀ ਆਪਣੇ ਬੂਟ ਲਾਹੇ…ਜੁਰਾਬਾਂ ਵੀ…ਤੇ ਸਮਾਨ ਸਮੇਤ ਅੰਦਰ ਦਾਖਲ ਹੋ ਗਿਆ…ਅੰਦਰ ਜਾ ਕੇ ਮੈਂ ਉਹਨਾਂ ਦੀ ਬੇਟੀ ਦਾ ਨਾਮ ਲੈ ਕੇ ਆਵਾਜ਼ ਮਾਰੀ….

ਘਰ ਦੇ ਬਜ਼ੁਰਗ ਅੰਕਲ ਮੈਨੂੰ ਦੇਖ ਕੇ ਆ ਗਏ…ਬਜ਼ੁਰਗ ਔਰਤ ਵੀ…ਜਿਸਨੂੰ ਮੈਂ ਨਾਨੀ ਹੀ ਆਖ ਕੇ ਬੁਲਾਉਂਦਾ ਹਾਂ…

” ਆਓ ਆਓ ” ਕਸ਼ਮੀਰੀ ਬਜ਼ੁਰਗ ਨੇ ਮੈਨੂੰ ਜੱਫੀ ਚ ਲਿਆ…

” ਹੋਟਲ ਵਾਲੇ ਨੇ ਮੈਨੂੰ ਬਾਹਰ ਕਢਤਾ…ਮੈਂ ਤੁਹਾਡੇ ਕੋਲ ਆ ਗਿਆ…” ਮੈਂ ਸਮਾਨ ਥੱਲੇ ਰੱਖਦੇ ਹੋਏ ਕਿਹਾ…

ਦੋਵੇਂ ਬਜ਼ੁਰਗ ਆਪਸ ਚ ਕਸ਼ਮੀਰੀ ਚ ਗੱਲ ਕਰਨ ਲੱਗੇ…

” ਕੀ ਬੋਲ ਰਹੇ ਹੋ ? ” ਮੈਂ ਪੁੱਛਿਆ..

” ਯੇਹ ਬੋਲ ਰਹੀ ਹੈ…ਕਿ ਅੱਛਾ ਹੂਆ ਤੁਮੇਂ ਨਿਕਾਲਾ ਹੋਟਲ ਵਾਲੋਂ ਨੇ…ਨਹੀਂ ਤੋ ਯਹਾਂ ਨਹੀਂ ਆਤੇ ਤੁਮ …ਆਓ ਬੈਠੋ ਅਬ ਯਹੀਂ ”

ਮੈਂ ਹੱਸ ਕੇ ਉਹਨਾਂ ਦੇ ਨਾਲ ਹੀ ਉਹਨਾਂ ਦੀ ਰਸੋਈ ਚ ਦਾਖਲ ਹੋ ਗਿਆ….

” ਬਾਕੀ ਸਭ ਕਿਧਰ ਨੇ ? ” ਮੈਂ ਬੱਚਿਆਂ ਬਾਰੇ ਪੁੱਛਿਆ..

” ਸਭ ਸੋ ਰਹੇ ਹੈਂ ”

ਏਨੀ ਦੇਰ ਨੂੰ ਉਹਨਾਂ ਦੀ ਦੋਹਤਰੀ ਉਠ ਕੇ ਆ ਗਈ….

” ਹਰਪਾਲ ਭਇਆ…ਵੈਲਕਮ….ਵੈਲਕਮ…” ਉਹ ਖੁਸ਼ ਹੋ ਕੇ ਬੋਲੀ…

” ਬਸ…ਆਣਾ ਹੀ ਪਿਆ ” ਮੈਂ ਬੋਲਿਆ…

” ਫੋਨ ਕਰਨਾ ਥਾ….ਹੱਮ ਲੇਨੇ ਆਤੇ ”

” ਫੋਨ ਬੰਦ ਹੈ…”

” ਬੰਦ ਹੈ…? ” ਉਹ ਹੈਰਾਨ ਹੋ ਕੇ ਬੋਲੀ…ਤੇ ਫਟਾਫਟ ਆਪਣਾ ਫੋਨ ਚੁੱਕ ਲਿਆਈ….ਤੇ ਫੋਨ ਨਾਲ ਪੰਗੇ ਲੈਣ ਲੱਗ ਗਈ…

” ਤੌਬਾ…ਯੇਹ ਤੋ ਪੁਰੀ ਤਰਾਹ ਸੇ ਬੰਦ ਹੈ….ਕਾਲ ਭੀ ਨਹੀਂ ਹੋ ਰਹੀ…”

” ਹਾਂ…ਕਰਫਿਊ ਵੀ ਹੈ…” ਮੈਂ ਦਸਿਆ…ਤੇ ਹੋਟਲ ਦਾ ਵੀ ਸਭ ਦਸਿਆ…

” ਯੇਹ ਮੋਦੀ ਕੁਤਾ ਅਬ ਕਿਆ ਕਰਨੇ ਵਾਲਾ ਹੈ…ਕਿਉਂ ਹਮੇਂ ਜੀਨੇ ਨਹੀਂ ਦੇਤਾ ” ਉਹ ਗੁੱਸੇ ਚ ਬੋਲੀ…

ਘਰ ਦੇ ਬਾਕੀ ਜੀਅ ਵੀ ਉਠ ਗਏ ਸੀ…ਸਭ ਜਣੇ ਕਸ਼ਮੀਰੀ ਚ ਆਪਸ ਚ ਗੱਲਾਂ ਕਰਨ ਲੱਗੇ…ਮੈਂ ਗਲਬਾਤ ਨੂੰ ਸਮਝ ਨਹੀਂ ਸੀ ਪਾ ਰਿਹਾ…ਪਰ ਏਨਾ ਦਿਖਦਾ ਸੀ ਕਿ ਉਹਨਾਂ ਦੇ ਚਿਹਰਿਆਂ ਤੇ ਫਿਕਰ ਦੀਆਂ ਲਕੀਰਾਂ ਖਿੱਚੀਆਂ ਗਈਆਂ ਸੀ….

” ਕੁਛ ਖਾਇਆ ? ” ਕੁੜੀ ਨੇ ਪੁੱਛਿਆ..

” ਨਹੀਂ…”

” ਓਕੇ…ਮੈਂ ਆਮਲੇਟ ਬਨਾਤੀ ਹੂ…”

ਉਹ ਉਠ ਕੇ ਰਸੋਈ ਚ ਇਕ ਪਾਸੇ ਵਲ ਨੂੰ ਚਲੀ ਗਈ….

“ਮੈਂ ਭੀ ਜ਼ਰਾ ਬਾਹਰ ਜ਼ਾ ਕਰ ਪਤਾ ਕਰਕੇ ਆਤਾ ਹੂ ਕਿ ਕਿਆ ਹੋ ਰਹਾ ਹੈ ” ਬਜ਼ੁਰਗ ਅੰਕਲ ਵੀ ਉੱਠੇ…ਤੇ ਬਾਹਰ ਨਿਕਲ ਗਏ…

ਮੈਂ ਕੰਧ ਨਾਲ ਢੋਅ ਲਗਾ ਕੇ ਬੈਠ ਗਿਆ….ਤੇ ਅੱਖਾਂ ਨੂੰ ਬੰਦ ਕਰ ਲਿਆ….

…..

ਮੈਂ ਬੈਠਾ ਏਨਾ ਘਰ ਦੇ ਜੀਆਂ ਬਾਰੇ ਸੋਚਣ ਲੱਗ ਗਿਆ ਸੀ…ਤੇ ਸੋਚ ਰਿਹਾ ਸੀ ਕਿ ਕਾਸ਼ ਮੈਂ ਏਨਾ ਦੀਆਂ ਗੱਲਾਂ ਬਾਤਾਂ ਚ ਲੁੱਕੇ ਫਿਕਰ ਨੂੰ ਫੋਟੋ ਚ ਖਿੱਚ ਸਕਦਾ ਹੁੰਦਾ…ਤੇ ਦੁਨੀਆਂ ਨੂੰ ਦਿਖਾ ਸਕਦਾ ਹੁੰਦਾ ਕਿ ਇਹ ਲੋਕ ਕੀ ਮਹਿਸੂਸ ਕਰ ਰਹੇ ਨੇ….

ਕਿਵੇਂ ਇਹ ਸਭ ਕੁਛ ਏਨਾ ਦੀਆਂ ਜ਼ਿੰਦਗੀਆਂ ਚ ਉਥਲ ਪੁਥਲ ਮਚਾਉਣ ਲਈ ਆ ਰਿਹਾ ਹੈ…ਪਰ ਆਪਣੇ ਦੇਸ਼ ਦੇ ਟੀਵੀ ਚੈਨਲ ਮੋਦੀ ਮੋਦੀ ਕੂਕ ਰਹੇ ਨੇ….

” ਯੇਹ ਲੋ…ਖਾਓ ਪਹਿਲੇ…” ਕੁੜੀ ਨੇ ਪਲੇਟ ਚ ਆਮਲੇਟ ਮੇਰੇ ਅੱਗੇ ਰਖਿਆ…

” ਯੂ ਨਾਓ…ਮੁਝੇ ਰੋਣਾ ਆ ਰਹਾ ਹੈ ” ਉਹ ਕੋਲ ਬੈਠਦੇ ਹੋਏ ਬੋਲੀ…

ਮੈਂ ਕੋਈ ਜੁਆਬ ਨਹੀਂ ਦਿੱਤਾ…ਤੇ ਆਮਲੇਟ ਖਾਣਾ ਸ਼ੁਰੂ ਕਰ ਦਿੱਤਾ…

” ਕਲ ਸੇ ਸਭ ਫਰੈਂਡ ਬੋਲ ਰਹੀ ਥੀਂ…ਕਿ ਕਰਫਿਊ ਲਗਣੇ ਵਾਲਾ ਹੈ…ਫੋਨ ਬੰਦ ਹੋਨੇ ਵਾਲਾ ਹੈ…ਪਰ ਮੁਝੇ ਲਗਾ ਯੇਹ ਸਭ ਅਫਵਾਹ ਹੈ..”

ਮੈਂ ਬਸ ਸੁਣੀ ਜਾ ਰਿਹਾ ਸੀ…

” ਕਲ ਸੇ ਏਕ ਹੈਲੀਕਾਪਟਰ ਬਾਰ ਬਾਰ ਯਹਾਂ ਸੇ ਉੜ ਕਰ ਜਾਤਾ ਹੈ…ਔਰ ਏਕ ਲੜਕੀ ਬੋਲ ਰਹੀ ਥੀ ਕਿ ਹੇਲੀਕਾਪਟਰ ਉਣਕੀ ਖਿੜਕੀ ਤਕ ਨੀਚੇ ਆਇਆ…ਪਤਾ ਨਹੀਂ ਯੇਹ ਸਭ ਕਿਆ ਹੋ ਰਹਾ ਹੈ…ਮੈਂ ਬਹੁਤ ਡਰ ਰਹੀ ਹੁੰ ”

” ਡਰੋ ਨਾ….ਸਭ ਠੀਕ ਹੋਏਗਾ ” ਮੈਂ ਹੋਂਸਲਾ ਦਿੱਤਾ…

” ਮੈਂ ਟੀਵੀ ਦੇਖ ਕਰ ਆਤੀ ਹੂ…ਦੇਖਤੀ ਹੁ ਕਿਆ ਦਿਖਾ ਰਹੇ ਹੈਂ ? ” ਉਹ ਉਠਦੀ ਬੋਲੀ…

” ਟੀਵੀ ਵੀ ਬੰਦ ਕਿਤੇ ਹੋਏ ਨੇ….ਰੇਡੀਓ ਹੈ ਘਰੇ…ਜਾ ਫੋਨ ਚ ? ” ਮੈਂ ਪੁੱਛਿਆ…

ਉਹ ਉਠੀ…ਤੇ ਬਿਨਾਂ ਕੁਝ ਬੋਲੇ ਬਾਹਰ ਨਿਕਲ ਗਈ….

ਮੈਂ ਉਸਦੇ ਨਾਨੇ ਦੀ ਉਡੀਕ ਕਰਨ ਲੱਗਿਆ…ਜੋ ਪਿੰਡ ਚ ਗੇੜਾ ਮਾਰਨ ਗਿਆ ਸੀ…ਤੇ ਪਤਾ ਨਹੀਂ ਕੀ ਖਬਰ ਲੈ ਕੇ ਆਉਣ ਵਾਲਾ ਸੀ…

Real Estate