#ਹਰਪਾਲਸਿੰਘ
” ਵੋ ਸਮਾਂ ਥਾ ਏਕ…ਜਬ 89 ਮੇਂ ਆਰਮੀ ਆਤੀ ਥੀ ਤੋ ਲੋਗ ਗਾਓਂ ਛੋੜ ਕਰ ਭਾਗਤੇ ਥੇ…ਲੇਕਿਨ ਅਬ ਲੋਗ ਗੋਲੀ ਕੀ ਆਵਾਜ਼ ਸੁਣ ਕਰ ਬਾਹਰ ਨਿਕਲਤੇ ਹੈਂ…ਜਬ ਮਰਨਾ ਹੀ ਹੈ ਤੋ ਵਿਰੋਧ ਕਰਕੇ ਮਰੇਂਗੇ… ਅਬ ਡਰ ਖਤਮ ਹੋ ਗਿਆ ਹੈ ਮਰਨੇ ਕਾ…ਮਰਨਾ ਤੋ ਅਬ ਖਾਣਾ ਖਾਣੇ ਜੈਸਾ ਆਸਾਨ ਹੈ ਹਮਾਰੇ ਕਸ਼ਮੀਰ ਵਾਲੋਂ ਕੇ ਲੀਏ ” ਡਰਾਈਵਰ ਬੋਲਿਆ…
ਟਰੱਕ ਜਿਸਦੇ ਚ ਮੈਂ ਬੈਠਿਆ…ਇਹ ਇਕ ਤੇਲ ਦਾ ਟੈਂਕਰ ਸੀ…ਜਿਸਦੇ ਵਿਚ ਇਕ ਡਰਾਈਵਰ ਤੋਂ ਬਿਨ੍ਹਾਂ ਇਕ ਹੋਰ ਬੰਦਾ ਸੀ…
” ਮੈਨੂੰ ਇਕ ਵਾਰ ਸੁਰੰਗ ਤੋਂ ਵਾਪਸ ਭੇਜ ਦਿੱਤਾ ਗਿਆ…ਮੈਂ ਦੁਬਾਰਾ ਜਾ ਰਿਹਾ ਹਾਂ ” ਮੈਂ ਟਰੱਕ ਵਾਲਿਆਂ ਨੂੰ ਦਸਿਆ…
” ਪਰ ਆਪਕੋ ਵਾਪਸ ਕਿਉਂ ਭੇਜਾ ? ” ਡਰਾਈਵਰ ਨੇ ਪੁੱਛਿਆ..
” ਬੋਲਦੇ ਸੀ ਕਿ ਕਸ਼ਮੀਰ ਤੋਂ ਬਾਹਰ ਦਾ ਕੋਈ ਅੱਗੇ ਨਹੀਂ ਜ਼ਾ ਸਕਦਾ ” ਮੈਂ ਦਸਿਆ…
ਡਰਾਈਵਰ ਨੇ ਟਰੱਕ ਦੀ ਰਫ਼ਤਾਰ ਵਧਾ ਦਿਤੀ ਸੀ…
ਸਾਹਮਣੇ ਹੁਣ ਸੁਰੰਗ ਨਜ਼ਰ ਆਉਣ ਲੱਗੀ ….ਮੇਰੇ ਦਿਲ ਦੀ ਧੜਕਣ ਵੱਧ ਗਈ….ਹਲਕਾ ਜਿਹਾ ਡਰ ਲੱਗ ਰਿਹਾ ਸੀ ਕਿ ਜੇ ਇਸ ਵਾਰ ਵੀ ਮੈਨੂੰ ਰੋਕ ਲਿਆ ਗਿਆ…ਤਾਂ ਕੀ ਜੁਆਬ ਦਵਾਂਗਾ….ਕਿਤੇ ਮੈਨੂੰ ਫੜ੍ਹ ਕੇ ਬਿਠਾ ਹੀ ਨਾ ਲੈਣ…
ਮੈਂ ਮਨ ਹੀ ਮਨ ਭਾਈ ਸੁੱਖੇ ਅਤੇ ਭਾਈ ਜਿੰਦੇ ਵੀਰ ਨੂੰ ਯਾਦ ਕੀਤਾ….ਜਿੰਨਾ ਨੇ ਕਿੰਨੇ ਹੀ ਕਾਰਨਾਮੇ ਅਜਿਹੇ ਅੰਜਾਮ ਦਿੱਤੇ ਜਿੰਨਾ ਚ ਉਹ ਫੜ੍ਹੇ ਜ਼ਾ ਸਕਦੇ ਸੀ…ਪਰ ਉਹਨਾਂ ਨੇ ਆਪਣੀ ਸੂਝ ਬੂਝ ਨਾਲ ਦੇਰ ਤਕ ਆਪਣੇ ਆਪ ਨੂੰ ਬਚਾਈ ਰਖਿਆ ਸੀ….ਉਹਨਾਂ ਨੂੰ ਯਾਦ ਕਰਕੇ ਮਨ ਜੋਸ਼ ਨਾਲ ਭਰ ਉਠਿਆ ਸੀ…
” ਜੇ ਜਿਆਦਾ ਖਤਰਾ ਹੈ…ਤਾਂ ਪੱਗ ਉਤਾਰ ਕੇ ਛੋਟਾ ਪਰਨਾ ਬੰਨ੍ਹ ਲਵਾਂ ? ” ਮੈਂ ਡਰਾਈਵਰ ਨੂੰ ਆਖਿਆ..
” ਅਰੇ ਕਿਉਂ ਫਿਕਰ ਕਰਤੇ ਹੋ…ਅਰਾਮ ਸੇ ਬੈਠੋ….ਹਮਾਰੇ ਟਰੱਕ ਕੀ ਤਰਫ ਯੇਹ ਲੋਗ ਆਂਖ ਉਠਾ ਕਰ ਭੀ ਨਹੀਂ ਦੇਖੇਂਗੇ…” ਡਰਾਈਵਰ ਦੇ ਨਾਲ ਵਾਲਾ ਬੰਦਾ ਪੂਰੇ ਵਿਸ਼ਵਾਸ ਨਾਲ ਬੋਲਿਆ…
” ਬਸ ਆਪ ਯਹਾਂ ਬੀਚ ਮੇਂ ਆ ਜਾਓ ” ਡਰਾਈਵਰ ਨੇ ਮੈਨੂੰ ਇਸ਼ਾਰਾ ਕਰਕੇ ਆਖਿਆ…
ਮੈਂ ਹੁਣ ਡਰਾਈਵਰ ਅਤੇ ਕਲੀਨਰ ਜਾਂ ਜੋ ਵੀ ਨਾਲ ਵਾਲੇ ਬੰਦੇ ਨੂੰ ਬੋਲਦੇ ਨੇ ਦੋਵਾਂ ਦੇ ਵਿਚਕਾਰ ਆ ਕੇ ਬੈਠ ਗਿਆ ਸੀ….ਕਲੀਨਰ ਬਾਰੀ ਦੇ ਅੱਗੇ ਜੇਹੀ ਹੋ ਕੇ ਬੈਠ ਗਿਆ ਸੀ…..
ਸੁਰੰਗ ਦੀ ਐਂਟਰੀ ਖਤਮ ਹੋਈ ਤੇ ਟਰੱਕ ਬਾਹਰ ਲਗੀਆਂ ਲਾਈਟਾਂ ਦੀ ਰੋਸ਼ਨੀ ਚ ਆ ਗਿਆ…
” ਯਾਰ…ਯੇਹ ਆਗੇ ਵਾਲੇ ਟਰੱਕ ਕੋ ਕਿਉਂ ਰੋਕਾ ਹੈ ? ” ਡਰਾਈਵਰ ਨਾਲ ਦੇ ਬੰਦੇ ਨੂੰ ਬੋਲਿਆ…
” ਆਪ ਸੀਟ ਕੇ ਪਿੱਛੇ ਹੋ ਜਾਓ….ਔਰ ਝੁਕ ਕਰ ਬੈਠ ਜਾਓ ” ਡਰਾਈਵਰ ਨੇ ਆਖਿਆ…
ਮੈਂ ਡਰਾਈਵਰ ਦੀ ਸੀਟ ਮਗਰ ਪਈ ਖਾਲੀ ਥਾਂ ਚ ਖੁਦ ਨੂੰ ਇਕੱਠਾ ਜੇਹਾ ਕਰਕੇ ਬਿਠਾ ਲਿਆ….ਤੇ ਡਰਾਈਵਰ ਦੇ ਨਾਲ ਵਾਲੇ ਬੰਦੇ ਨੇ ਦੋ ਕੁ ਕੰਬਲ ਮੇਰੇ ਉਪਰ ਰੱਖ ਦਿੱਤੇ…ਤੇ ਉਪਰ ਤੇਲ ਦੀਆਂ ਖਾਲੀ ਕੈਨਿਆਂ ਰੱਖ ਦਿੱਤੀਆਂ…
ਮੈਨੂੰ ਹੁਣ ਕੁਛ ਨਹੀਂ ਸੀ ਦਿਸ ਰਿਹਾ….ਪਰ ਅਵਾਜ਼ਾਂ ਸੁਨ ਰਹੀਆਂ ਸੀ….
ਡਰਾਈਵਰ ਨੂੰ ਪੁਲਿਸ ਵਾਲੇ ਕਸ਼ਮੀਰੀ ਚ ਕੁਛ ਬੋਲ ਰਹੇ ਸੀ….ਜਿਸਦਾ ਜੁਆਬ ਡਰਾਈਵਰ ਨੇ ਵੀ ਕਸ਼ਮੀਰੀ ਚ ਦਿੱਤਾ…ਮੈਂ ਹਲਕਾ ਜਿਹਾ ਸਿਰ ਨੂੰ ਉਪਰ ਕੀਤਾ…ਤਾਂ ਡਰਾਈਵਰ ਵਾਲੇ ਪਾਸੇ ਦੇ ਬੂਹੇ ਦੀ ਝੀਥ ਚੋ ਮੈਨੂੰ ਓਹੀ ਪੁਲਿਸ ਵਾਲੇ ਦਿਖੇ ਜਿੰਨਾ ਨੇ ਮੈਨੂੰ ਵਾਪਸ ਭੇਜਿਆ ਸੀ…
ਮੇਰਾ ਦਿਲ ਜੋਰ ਨਾਲ ਧੜਕਿਆ….ਪਰ ਉਦੋਂ ਤਕ ਡਰਾਈਵਰ ਨੇ ਟਰੱਕ ਅੱਗੇ ਵਧਾ ਦਿੱਤਾ ਸੀ….ਮੈਂ ਚੈਨ ਦਾ ਇਕ ਲੰਮਾ ਸਾਹ ਲਿਆ…
…..
” ਉਠ ਜਾਓ…”
ਮੈਂ ਡਰਾਈਵਰ ਦੀ ਆਵਾਜ਼ ਸੁਣ ਕੇ ਉਠ ਨੇ ਸਹੀ ਤਰੀਕੇ ਨਾਲ ਸੀਟ ਉੱਪਰ ਬੈਠ ਗਿਆ…
ਮੈਂ ਡਰਾਈਵਰ ਦਾ ਨੰਬਰ ਕੱਢਿਆ….ਤੇ ਉਸਨੂੰ ਕਾਲ ਕੀਤੀ…ਡਰਾਈਵਰ ਨੇ ਆਖਿਆ ਕਿ ਉਹ ਕਾਰ ਲੈ ਕੇ ਆਏਗਾ ਤੇ ਮੈਂ ਅੱਗੇ ਕਾਜ਼ੀਗੁੰਡ ਨਾਮ ਦੇ ਅੱਡੇ ਤੇ ਉਤਰ ਜਾਵਾਂ…
ਮੇਰਾ ਸਾਰਾ ਸਮਾਨ ਕਾਰ ਚ ਸੀ…ਤੇ ਹੱਥ ਚ ਬਸ ਟੈਬਲੇਟ ਸੀ….ਜਿਸਦੇ ਵਿਚ ਨੌਕਰੀ ਨਾਲ ਸਬੰਧਿਤ ਡਾਕੂਮੈਂਟਸ ਸੀ…ਇਹ ਵੀ ਤਾਂ ਰੱਖੇ ਸੀ ਕਿ ਜੇ ਦੁਬਾਰਾ ਵੀ ਫੜ੍ਹਿਆ ਗਿਆ ਤਾਂ ਨੌਕਰੀ ਦੀ ਦੁਹਾਈ ਹੀ ਦਵਾਂਗਾ…
” ਆਗੇ ਲੱਗ ਰਹਾ ਹੈ ਕਿ ਫਿਰ ਸੇ ਕੁਛ ਹੈ…ਟਰੱਕ ਖੜੇ ਹੈਂ ” ਡਰਾਈਵਰ ਦੀ ਗੱਲ ਸੁਣ ਕੇ ਮੇਰਾ ਦਿਲ ਫੇਰ ਇਕ ਵਾਰ ਡੁੱਬ ਗਿਆ…
ਮੈਂ ਫੇਰ ਸੀਟ ਮਗਰ ਜਾ ਲੁਕਿਆ….
ਟਰੱਕ ਹੋਲੀ ਹੋਲੀ ਅੱਗੇ ਵਧਿਆ….ਮੈਂ ਇਸ ਵਾਰ ਕੰਬਲ ਨਾਲ ਨਹੀਂ ਢਕਿਆ ਗਿਆ ਸੀ….ਪਰ ਕੰਬਲ ਕਲੀਨਰ ਦੇ ਹੱਥ ਚ ਸੀ….ਕਿਸੇ ਵੇਲੇ ਵੀ ਉਹ ਮੇਰੇ ਉਪਰ ਸੁੱਟ ਸਕਦਾ ਸੀ…
” ਤੌਬਾ ਯਾਰ…ਯੇ ਤੋ ਗਾੜੀ ਕੇ ਅੰਦਰ ਭੀ ਝਾਂਕ ਰਹੇ ਹੈਂ ”
ਮੈਂ ਸਿਰ ਉਪਰ ਕਰਕੇ ਦੇਖਿਆ…ਤਾਂ ਇਕ ਪੁਲਿਸ ਵਾਲੇ ਨੇ ਟਾਰਚ ਫੜ੍ਹੀ ਸੀ ਤੇ ਟਰੱਕ ਦੀ ਬਾਰੀ ਤੱਕ ਆ ਕੇ ਟਾਰਚ ਨਾਲ ਰੋਸ਼ਨੀ ਕਰਕੇ ਅੰਦਰ ਦੇਖ ਰਿਹਾ ਸੀ….
ਮੈਂ ਮਨ ਹੀ ਮਨ ਸੋਚਿਆ ਕਿ ਬਸ….ਹੁਣ ਪੱਕਾ ਫੜ੍ਹਿਆ ਜਾਵਾਂਗਾ….
” ਬੀੜੀ ਹੈ…? ” ਮੈਂ ਫਟਾਫਟ ਬੋਲਿਆ…
” ਬੀੜੀ ਪੀਓਗੇ ? ” ਕਲੀਨਰ ਹੈਰਾਨ ਹੋ ਕੇ ਬੋਲਿਆ..
” ਤੁਸੀਂ ਬੀੜੀ ਬਾਲੋ…ਤੇ ਕਸ਼ ਲਗਾਓ…ਤੇ ਧੂੰਆਂ ਅੰਦਰ ਹੀ ਛੱਡੋ….ਜਿੰਨਾ ਜਿਆਦਾ ਛੱਡ ਸਕਦੇ ਹੋ…ਜਲਦੀ ਜਲਦੀ ਕਰੋ ”
ਕਲੀਨਰ ਨੂੰ ਸਭ ਸਮਝ ਆ ਗਿਆ ਸੀ…ਉਸਨੇ ਬੀੜੀ ਜਾਂ ਸਿਗਰੇਟ ਜੋ ਵੀ ਸੀ ਬਾਲੀ…ਤੇ ਅਗਲੇ ਹੀ ਪਲ ਟਰੱਕ ਦਾ ਕੈਬਿਨ ਉਸਨੇ ਸੂਟੇ ਮਾਰ ਕੇ ਧੂਏਂ ਨਾਲ ਭਰ ਦਿੱਤਾ….ਸਾਡੇ ਤੋਂ ਅਗਲੇ ਟਰੱਕ ਦੀ ਤਲਾਸ਼ੀ ਚਲ ਰਹੀ ਸੀ….
ਮੈਂ ਇਕ ਵਾਰ ਫੇਰ ਥੱਲੇ ਹੋ ਕੇ ਬੈਠ ਗਿਆ…ਤੇ ਇਕ ਵਾਰ ਫੇਰ ਕੰਬਲ ਵੀ ਮੇਰੇ ਉਪਰ ਆ ਗਏ ਸੀ….
ਮੈਂ ਕੁਛ ਨਹੀਂ ਸੀ ਦੇਖ ਪਾ ਰਿਹਾ….ਟਰੱਕ ਹਲਕਾ ਜਿਹਾ ਤੁਰਿਆ…ਤੇ ਰੁਕ ਗਿਆ ਸੀ….ਮੈਨੂੰ ਕਸ਼ਮੀਰੀ ਚ ਗੱਲਬਾਤ ਦੀਆਂ ਆਵਾਜ਼ਾਂ ਆਉਣ ਲਗੀਆਂ…ਫੇਰ ਕਲੀਨਰ ਦੇ ਹਸਣ ਦੀ ਆਵਾਜ਼ ਆਈ….ਤੇ ਟਰੱਕ ਅੱਗੇ ਵਧ ਗਿਆ….
” ਉਠ ਜਾਓ ” ਡਰਾਈਵਰ ਨੇ ਆਖਿਆ…
ਮੈਂ ਜਲਦੀ ਨਾਲ ਕੰਬਲ ਪਾਸੇ ਕੀਤੇ ਤੇ ਬੈਠ ਗਿਆ….
” ਕੀ ਪੁੱਛਦਾ ਸੀ ਪੁਲਿਸ ਵਾਲਾ ? ” ਮੈਂ ਪੁੱਛਿਆ…
” ਵੋ ਬੋਲਤਾ ਥਾ ਕਿ ਬੀੜੀ ਕਮ ਪਿਆ ਕਰ…ਔਰ ਮੈਂ ਹੱਸ ਪੜ੍ਹਾ…ਬਸ ਹਮ ਨਿਕਲ ਆਏ ” ਉਹ ਹੱਸ ਕੇ ਬੋਲਿਆ…
ਮੇਰੀ ਜਾਨ ਚ ਜਾਨ ਆਈ….
” ਇੰਨਾ ਵੀ ਚੈਕ ਭਲਾ ਕਿਉਂ ਕਰਨਾ…ਹੱਦ ਹੈ ਏਨਾ ਦੀ…ਕੀ ਆਫ਼ਤ ਆਉਣੀ ਜੇ ਕੋਈ ਬਾਹਰੋਂ ਕਸ਼ਮੀਰ ਚ ਆਂਦਾ ਹੈ ਤਾਂ ” ਮੈਂ ਬੋਲਿਆ…
” ਯੇਹ ਸਰਕਾਰ ਪੱਕਾ 370 ਬਦਲਣੇ ਜਾ ਰਹੀ ਹੈ…” ਡਰਾਈਵਰ ਬੋਲਿਆ…
” ਬਦਲੇਗੀ ਤੋ ਕਿਆ ਹੋਗਾ ? ” ਮੈਂ ਪੁੱਛਿਆ…
” ਸਭ ਯਹਾਂ ਮਹਿਮਾਨ ਬਨ ਕਰ ਆਤੇ ਥੇ…ਹੱਮ ਸੁਆਗਤ ਕਰਤੇ ਥੇ…ਲੇਕਿਨ ਜੋ ਯਹਾਂ ਜ਼ਮੀਨ ਖਰੀਦਣੇ ਆਨੇ ਵਾਲੇ ਹੈਂ ਉਣਕਾ ਗੋਲੀ ਸੇ ਸੁਆਗਤ ਕਰੇਂਗੇ…” ਡਰਾਈਵਰ ਦੇ ਨਾਲ ਵਾਲਾ ਬੋਲਿਆ…
ਮੈਂ ਬਸ ਸੁਣ ਰਿਹਾ ਸੀ…
” ਵੋ ਸਮਾਂ ਥਾ ਏਕ…ਜਬ 89 ਮੇਂ ਆਰਮੀ ਆਤੀ ਥੀ ਤੋ ਲੋਗ ਗਾਓਂ ਛੋੜ ਕਰ ਭਾਗਤੇ ਥੇ…ਲੇਕਿਨ ਅਬ ਲੋਗ ਗੋਲੀ ਕੀ ਆਵਾਜ਼ ਸੁਣ ਕਰ ਬਾਹਰ ਨਿਕਲਤੇ ਹੈਂ…ਜਬ ਮਰਨਾ ਹੀ ਹੈ ਤੋ ਵਿਰੋਧ ਕਰਕੇ ਮਰੇਂਗੇ… ਅਬ ਡਰ ਖਤਮ ਹੋ ਗਿਆ ਹੈ ਮਰਨੇ ਕਾ…ਮਰਨਾ ਤੋ ਅਬ ਖਾਣਾ ਖਾਣੇ ਜੈਸਾ ਆਸਾਨ ਹੈ ਹਮਾਰੇ ਕਸ਼ਮੀਰ ਵਾਲੋਂ ਕੇ ਲੀਏ ” ਡਰਾਈਵਰ ਬੋਲਿਆ…
” ਤੁਹਾਡੀ ਪੁਲਿਸ ਤਾਂ ਇੱਥੋਂ ਕਸ਼ਮੀਰ ਦੀ ਹੀ ਹੈ…ਕੀ ਇਹ ਤੁਹਾਡਾ ਸਾਥ ਨਹੀਂ ਦਿੰਦੀ…? ” ਮੈਂ ਪੁੱਛਿਆ…
” ਸਬਸੇ ਬੜੇ ਹਰਾਮਜਾਦੇ ਯਹੀ ਹੈਂ….ਕਸ਼ਮੀਰੀ ਮੇਂ ਏਕ ਕਹਾਵਤ ਹੈ..” ਡਰਾਈਵਰ ਨੇ ਕਸ਼ਮੀਰੀ ਭਾਸ਼ਾ ਚ ਇਕ ਕਹਾਵਤ ਬੋਲੀ…
” ਇਸਦਾ ਕੀ ਮਤਲਬ ਹੈ ? ” ਮੈਂ ਪੁੱਛਿਆ…
” ਜਬ ਕੋਈ ਬੜਾ ਪੇੜ ਕਾਟਾ ਨਹੀਂ ਜਾਤਾ…ਤਬ ਉਸਮੇ ਓਸੀ ਪੇੜ ਸੇ ਕਟੀ ਛੋਟੀ ਛੋਟੀ ਲਕੜੀਓਂ ਕੋ ਅੰਦਰ ਠੋਕਾ ਜਾਤਾ ਹੈ…ਔਰ ਯਹੀ ਲੱਕੜੀਆਂ ਪੇੜ ਕੋ ਫਾੜ ਕੇ ਰੱਖ ਦੇਤੀ ਹੈਂ…ਐਸੇ ਹੀ ਹਮਾਰੇ ਹੀ ਲੜਕੇ ਪੁਲਿਸ ਮੇਂ ਜਾ ਕਰ ਹਮਾਰੇ ਹੀ ਲੜਕੋਂ ਕੋ ਮਾਰਤੇ ਹੈਂ ” ਡਰਾਈਵਰ ਗੁੱਸੇ ਚ ਸੀ….
” ਤੁਸੀਂ ਮੈਨੂੰ ਏਦਾਂ ਮੁਸੀਬਤ ਚੋਂ ਬਾਹਰ ਕੱਢਿਆ…ਮਦਦ ਕੀਤੀ…ਚੰਗਾ ਨਹੀਂ ਲਗਦਾ ਕਿ ਇਸਦੇ ਬਦਲੇ ਮੈਂ ਤੁਹਾਨੂੰ ਕੋਈ ਪੈਸੇ ਦਵਾਂ…ਪਰ ਜੇ ਤੁਸੀਂ ਲੈ ਲਵੋਗੇ ਤਾਂ ਮੈਨੂੰ ਚੰਗਾ ਲਗੇਗਾ…” ਮੈਂ ਬਟੂਏ ਚੋਂ ਪੰਜ ਸੌ ਦਾ ਇਕ ਨੋਟ ਕੱਢਿਆ…
” ਨਹੀਂ ਨਹੀਂ…ਯੇਹ ਗੁਨਾਹ ਹੈ…ਕੈਸੀ ਬਾਤ ਕਰਦੀ ਯਾਰ ਤੁਮਨੇ…ਇਸਕੋ ਵਾਪਸ ਜੇਬ ਮੇਂ ਰੱਖੋ…” ਡਰਾਈਵਰ ਨੇ ਕੰਨਾਂ ਨੂੰ ਹੱਥ ਲਗਾ ਕੇ ਤੌਬਾ ਕੀਤੀ…
ਮੈਨੂੰ ਆਪਣੇ ਆਪ ਉਪਰ ਹੀ ਸ਼ਰਮ ਆਈ ਤੇ ਮੈਂ ਨੋਟ ਵਾਪਸ ਬਟੂਏ ਚ ਪਾਇਆ….ਤੇ ਬਟੂਏ ਨੂੰ ਜੇਬ ਚ ਰੱਖ ਲਿਆ…
” ਮੈਨੂੰ ਕਾਜ਼ੀਗੁੰਡ ਅੱਡੇ ਚ ਉਤਾਰ ਦਿਓ…” ਮੈਂ ਆਖਿਆ..
” ਵੋ ਤੋ ਪੀਛੇ ਛੂਟ ਗਿਆ…”
” ਫੇਰ ਅੱਗੇ ਕਿਤੇ ਵੀ ਕੋਈ ਠੀਕ ਸੇਫ ਜੇਹੀ ਥਾਂ ਦੇਖ ਕੇ ਉਤਾਰ ਦਵੋ ” ਮੈਂ ਜਲਦੀ ਨਾਲ ਕਿਹਾ…
” ਆਗੇ ਮੀਰਪੁਰ ਪਟਰੋਲ ਪੰਪ ਪੇ ਉਤਰਨਾ…”
ਮੈਂ ਕਾਰ ਵਾਲੇ ਨੂੰ ਫੋਨ ਕਰਕੇ ਦਸਿਆ ਕਿ ਮੈਂ ਅੱਗੇ ਫਲਾਣੀ ਥਾਂ ਤੇ ਪੈਟਰੋਲ ਪੰਪ ਉਪਰ ਰੁਕ ਰਿਹਾ ਹਾਂ….ਤੇ ਉਹ ਓਥੇ ਹੀ ਆ ਜਾਵੇ…
” ਤੁਹਾਡਾ ਨਾਮ ? ” ਮੈਂ ਟਰੱਕ ਵਾਲੇ ਨੂੰ ਪੁੱਛਿਆ..
” ਹੱਮ ਦੋਨੋਂ ਹੀ ਉਮਰ ਹੈਂ….ਆਪ ਹਮਾਰੇ ਸਾਥ ਹੀ ਰਹੋ…ਵੈਸੇ ਭੀ ਕਲ ਕਰਫਿਊ ਹੈ….ਕਹਾਂ ਭਟਕੋਗੇ…” ਡਰਾਈਵਰ ਬੋਲਿਆ…
” ਸ਼ੁਕਰੀਆ….ਕੋਈ ਨਾ…ਮੈਂ ਸ਼੍ਰੀਨਗਰ ਜਰੂਰੀ ਜਾਣਾ ਹੈ…” ਮੈਂ ਆਖਿਆ…
ਅੱਗੇ ਜਾ ਕੇ ਇਕ ਪੰਪ ਤੇ ਟਰੱਕ ਰੁੱਕਿਆ…ਤੇ ਮੈਂ ਦੋਵਾਂ ਨੂੰ ਜੱਫੀ ਪਾ ਕੇ ਮਿਲਿਆ…ਤੇ ਅਲਵਿਦਾ ਆਖਿਆ…..ਟਰੱਕ ਅੱਗੇ ਚਲਾ ਗਿਆ…ਤੇ ਮੈਂ ਪੰਪ ਤੋਂ ਥੋੜ੍ਹਾ ਪਰੇ ਜਾ ਕੇ ਹਨੇਰੇ ਚ ਖੜਾ ਹੋ ਗਿਆ….
ਪੰਜਾਂ ਮਿੰਟਾਂ ਤਕ ਹੀ ਕਾਰ ਵੀ ਆ ਗਈ….ਤੇ ਮੈਂ ਕਾਰ ਚ ਸਵਾਰ ਹੋ ਗਿਆ…
…..
ਕਾਰ ਚ ਬੈਠਦੇ ਹੀ ਦਿਲ ਇਕ ਵਾਰ ਖੁਸ਼ ਹੋ ਗਿਆ ਸੀ….ਤੇ ਏਦਾਂ ਲਗਿਆ ਸੀ ਕਿ ਮੈਂ ਮੰਜ਼ਲ ਤੇ ਪੁੱਜ ਗਿਆ ਹਾਂ…ਭਾਵੇਂ ਅਜੇ ਸ਼੍ਰੀਨਗਰ ਦਾ ਰਾਹ ਅੱਧੇ ਕੁ ਘੰਟੇ ਦਾ ਬਾਕੀ ਸੀ….
” ਚਾਏ ਪਿਓਗੇ ? ” ਡਰਾਈਵਰ ਨੇ ਮੇਰੇ ਵੱਲ ਦੇਖਿਆ…
” ਜਰੂਰ ਯਾਰ….ਹੁਣ ਤਾਂ ਭੁੱਖ ਵੀ ਲੱਗੀ ਹੈ…ਪਰ ਅਜੇ ਸਿਰਫ ਚਾਹ ਠੀਕ ਹੈ…ਕਰਫਿਊ ਲਗਣ ਤੋਂ ਪਹਿਲਾਂ ਸ਼੍ਰੀਨਗਰ ਪੁੱਜਣਾ ਹੈ ” ਮੈਂ ਘੜੀ ਵੱਲ ਦੇਖਿਆ…
ਦੱਸ ਜਾਂ ਸਵਾ ਦੱਸ ਦਾ ਸਮਾਂ ਸੀ….
ਡਰਾਈਵਰ ਨੇ ਇਕ ਢਾਬੇ ਤੇ ਲਿਆ ਕੇ ਕਾਰ ਨੂੰ ਬਰੇਕ ਮਾਰੀ….ਜਿਥੇ ਵਾਹਵਾ ਸਾਰੇ ਟਰੱਕਾਂ ਵਾਲੇ ਪੰਜਾਬੀ ਵੀਰ ਰੋਟੀ ਪਾਣੀ ਛਕ ਰਹੇ ਸੀ…
ਕੁਛ ਇਕ ਜਣਿਆਂ ਨਾਲ ਸਤਿ ਸ੍ਰੀ ਅਕਾਲ ਦੀ ਸਾਂਝ ਪਾਈ….ਤੇ ਇਕ ਚਾਹ ਦਾ ਕੱਪ ਆਰਡਰ ਕੀਤਾ….
ਮੂੰਹ ਹੱਥ ਧੋਤਾ….ਤੇ ਘਰ ਫੋਨ ਲਾਇਆ….ਤੇ ਘਰਦਿਆਂ ਨੂੰ ਆਖਿਆ ਕਿ ਜੇ ਕਲ੍ਹ ਨੂੰ ਫੋਨ ਬੰਦ ਰਹੇ ਤਾਂ ਫਿਕਰ ਨਾ ਕਰਿਓ…ਮੈਂ ਸੇਫ ਹੋਵਾਂਗਾ….ਤੇ ਜੇ ਕਰਫਿਊ ਹੋਇਆ ਤਾਂ ਹੋਟਲ ਚ ਹੀ ਰਵਾਂਗਾ….ਬਾਹਰ ਨਹੀਂ ਜਾਊਂਗਾ…
ਚਾਹ ਪੀਤੀ….ਤੇ ਕੋਲਡ ਡਰਿੰਕ…ਤੇ ਕੁਛ ਬਿਸਕੁਟ ਖਰੀਦ ਕੜੁ ਬੈਗ ਚ ਰੱਖ ਲਏ….
ਡਰਾਈਵਰ ਨੇ ਕੁਛ ਦੇਰ ਰੈਸਟ ਕੀਤੀ…ਤੇ ਅੱਧੇ ਕੁ ਘੰਟੇ ਬਾਅਦ ਅਸੀਂ ਅੱਗੇ ਸ਼੍ਰੀਨਗਰ ਲਈ ਤੁਰ ਪਏ….
” ਕਾਰ ਦੇ ਸਟੀਰੀਓ ਦਾ ਬਲੂਟੂਥ ਓਨ ਕਰੀਂ….ਮੈਂ ਆਪਣੇ ਮੋਬਾਈਲ ਨੂੰ ਕਨੈਕਟ ਕਰਨਾ ਹੈ ” ਮੈਂ ਆਖਿਆ…
ਮੇਰਾ ਮੋਬਾਇਲ ਹੁਣ ਕਾਰ ਦੇ ਮਿਊਜ਼ਿਕ ਸਿਸਟਮ ਨਾਲ ਜੁੜ ਗਿਆ ਸੀ…
ਮੀਂਹ ਵੀ ਸ਼ੁਰੂ ਹੋ ਗਿਆ ਸੀ….ਤੇ ਸੁਨਸਾਨ ਖਾਲੀ ਸੜਕਾਂ ਉਪਰ ਕਾਰ ਦੌੜਦੀ ਜਾ ਰਹੀ ਸੀ…..ਵਿਚ ਵਿਚ ਹਾਈਵੇ ਤੇ ਕੋਈ ਆਰਮੀ ਅਤੇ ਪੁਲਿਸ ਦਾ ਨਾਕਾ ਨਜ਼ਰ ਆ ਜਾਂਦਾ ਸੀ….
” ਪਿੰਡ ਸਾਰਾ ਗੈਂਗਲੈਂਡ ਬਣਿਆ…” ਇਹ ਗੀਤ ਪੂਰੀ ਉੱਚੀ ਆਵਾਜ਼ ਚ ਗੂੰਜ ਰਿਹਾ ਸੀ…
…..
ਗਿਆਰਾਂ ਵਜੇ ਆਪਾਂ ਸ਼੍ਰੀਨਗਰ ਹੋਟਲ ਦੇ ਅੱਗੇ ਜਾ ਪੁੱਜੇ….ਹੋਟਲ ਦੇ ਗੇਟ ਬੰਦ ਸੀ…..ਬਾਹਰ ਕ੍ਰਿਸ਼ਨਾ ਢਾਬੇ ਵਾਲੀ ਹਮੇਸ਼ਾਂ ਰੌਣਕ ਵਾਲੀ ਸੜਕ ਪੁਰੀ ਸੁਨਸਾਨ ਸੀ…
ਗੱਡੀ ਨੇ ਦੋ ਵਾਰ ਹਾਰਨ ਵਜਾਇਆ….ਤਾਂ ਹੋਟਲ ਵਾਲਿਆਂ ਨੇ ਲੋਹੇ ਦੇ ਆਪਣੇ ਸਲਾਈਡ ਗੇਟਾਂ ਨੂੰ ਇਕ ਪਾਸੇ ਕੀਤਾ….
ਮੈਂ ਡਰਾਈਵਰ ਨੂੰ ਪੈਸੇ ਦਿੱਤੇ….ਤੇ ਸ਼ੁਕਰੀਆ ਕਿਹਾ….ਕਿਉਂਕਿ ਉਹ ਚਾਹੰਦਾ ਤਾਂ ਟਨਲ ਤੇ ਮਨਾਹੀ ਤੋਂ ਬਾਦ ਮੈਨੂੰ ਛੱਡ ਕੇ ਜ਼ਾ ਸਕਦਾ ਸੀ….ਪਰ ਉਸਨੇ ਮੇਰਾ ਸਾਥ ਨਹੀਂ ਸੀ ਛੱਡਿਆ….ਮੈਂ ਉਸਦਾ ਨੰਬਰ ਲਿਆ….ਤੇ ਉਸਨੂੰ ਵਿਦਾ ਕਰਕੇ ਹੋਟਲ ਅੰਦਰ ਆ ਗਿਆ….
…..
” ਹੈਲੋ ਸਰ….ਕਿਵੇ ਨੇ ਹਾਲਾਤ ? ” ਮੈਂ ਹੋਟਲ ਦੀ ਰੈਸਪਸ਼ਨ ਤੇ ਜਾਂਦੇ ਹੀ ਸੁਆਲ ਕੀਤਾ…
” ਕੁਛ ਨਹੀਂ ਪਤਾ ਸਰ ਅਭੀ ਤੱਕ….” ਰਿਸੈਪਸ਼ਨ ਤੇ ਖੜਾ ਨੌਜਵਾਨ ਬੋਲਿਆ…
” ਕੀ ਹੋਣ ਵਾਲਾ ਹੈ…ਕੀ 370 ਹਟਾਉਣ ਜ਼ਾ ਰਹੇ ਨੇ ? ”
” 370 ਕੇ ਲੀਏ ਇਤਨਾ ਸਭ ਸਮਝ ਸੇ ਬਾਹਰ ਹੈ…ਅੰਤਕਵਾਦੀ ਹਮਲੇ ਕਾ ਝੂਠ ਬੋਲ ਕਰ ਪਹਿਲੇ ਯਾਤਰਿਓਂ ਕੋ ਬਾਹਰ ਨਿਕਾਲਾ…ਔਰ ਅਬ ਯੇਹ ਕਰਫਿਊ ਕਾ ਚੱਕਰ ”
” ਮੈਂ ਬਾਰਾਮੂਲਾ ਜਾਣਾ ਸੀ…ਮਤਲਬ ਕਿ ਕਲ ਨਾ ਹੀ ਜਾਵਾਂ ? ”
” ਕਲ੍ਹ ਅੱਗਰ ਮਾਹੌਲ ਠੀਕ ਰਹਾ…ਤਬ ਭੀ ਆਪ ਲੋਕਲ ਕੋਈ ਕਾਮ ਕਰ ਲੇਣਾ…ਬਾਰਾਮੂਲਾ ਕਾ ਪਰਸੋਂ ਕਾ ਰਖੀਏ…ਵੈਸੇ ਆਪ ਕੱਬ ਤਕ ਰੁਕੋਗੇ ? ” ਰੈਸਪਸ਼ਨ ਵਾਲਾ ਬੋਲਿਆ…
” ਅਜ ਚਾਰ ਤਰੀਕ ਹੈ…ਅੱਠ ਜਾਂ ਨੌ ਅਗਸਤ ਤੱਕ ਰੁਕਾਂਗਾ ”
” ਸੋਰੀ ਸਰ…ਅਭੀ ਆਪਕੋ ਬਸ ਏਕ ਰਾਤ ਕਾ ਹੀ ਰੂਮ ਦੇ ਸਕਤੇ ਹੈਂ….ਕਲ੍ਹ ਭੀ ਰੂਮ ਅਵੇਲਬਲ ਰਹੇਗਾ ਕਿ ਨਹੀਂ…ਯੇਹ ਕਲ ਹੀ ਬਤਾਏਂਗੇ…”
” ਪਹਿਲਾਂ ਤਾਂ ਤੁਸੀ ਕਿਹਾ ਸੀ…ਕਿ ਰੂਮ ਚ ਸੇਫਟੀ ਰਹੇਗੀ…ਹੁਣ ਇਹ ਸਭ ਬੋਲ ਰਹੇ ਹੋ…” ਮੈਂ ਥੋੜਾ ਗੁੱਸਾ ਦਿਖਾਇਆ…
” ਕਿਆ ਕਰੇਂਗੇ….ਉਪਰ ਸੇ ਜੈਸੇ ਆਰਡਰ ਆਏਂਗੇ…ਵੈਸੇ ਕਰਨਾ ਪੜ੍ਹੇਗਾ…”
” ਨਾਸ਼ਤਾ ਮੇਰਾ ਰੂਮ ਦੇ ਨਾਲ ਹੀ ਸੀ…ਉਹ ਤਾਂ ਕਰਵਾਓਗੇ ਕਿ ਨਹੀਂ ? ”
” ਹਾਂ ਸਰ…ਅਪਕਾ ਨਾਸ਼ਤਾ ਮਿਲੇਗਾ…ਸੁਬਹ ਸਾਢੇ ਸਾਤ ਸੇ ਨੌ ਬਜ਼ੇ ਤੱਕ…”
ਮੈਂ ਉਥੇ ਜਰੂਰੀ ਫਾਰਮੇਲਟੀ ਖਤਮ ਕੀਤੀਆਂ….ਤੇ ਜਲਦੀ ਨਾਲ ਰੂਮ ਦੀ ਚਾਬੀ ਆਪਣੇ ਕਾਬੂ ਚ ਕੀਤੀ…
” ਇਸ ਟਾਈਮ ਕੁਛ ਖਾਣ ਨੂੰ ਮਿਲੇਗਾ ? ” ਮੈਂ ਪੁੱਛਿਆ…
” ਅਬ ਤੋ ਕੁਛ ਨਹੀਂ ਹੈ…”
” ਕੁਛ ਵੀ…ਥੋੜਾ ਬਹੁਤ…” ਮੈਂ ਤੜਫ ਕੇ ਆਖਿਆ….ਕਿਉਂਕਿ ਦੁਪਹਿਰ ਤਿੰਨ ਕੁ ਵਜੇ ਰਾਜਮਾ ਚੋਲ ਖਾਦੇ ਸੀ ਆਖਰੀ ਵਾਰ….
” ਸੋਰੀ ਸਰ…ਕੁਛ ਭੀ ਨਹੀਂ ਹੈ…”
” ਕੌਫੀ ਹੀ ਦੇ ਦੋ…ਕੁਛ ਤਾਂ ਕਰੋ…”
” ਹਾਂ…ਕੌਫੀ ਕਾ ਕਰਤਾ ਹੂ ਕੁਛ…ਆਪ ਜਾਈਏ…ਮੈਂ ਕੋੱਫੀ ਭਿਜਵਾਤਾ ਹੁ ”
ਮੈਂ ਲਿਫਟ ਚ ਸਵਾਰ ਹੋਇਆ…ਤੇ ਆਪਣੇ ਕਮਰੇ ਚ ਆ ਗਿਆ….
ਟੀਵੀ ਚਾਲੂ ਕੀਤਾ….ਤੇ ਨਾਲ ਨਾਲ ਫਬ ਚ ਪੋਸਟ ਅੱਪਡੇਟ ਕੀਤੀ….ਘਰ ਇਕ ਵਾਰ ਫੇਰ ਗੱਲ ਕੀਤੀ…ਕੁਛ ਫਬ ਦੋਸਤਾਂ ਨਾਲ ਹਾਏ ਹੈਲੋ ਹੋਈ….
ਕੌਫੀ ਆਈ….ਤੇ ਮੈਂ ਉਸਦੇ ਨਾਲ ਰਾਹ ਚੋ ਲਏ ਬਿਸਕੁਟ ਖਾਦੇ….ਵੱਡਾ ਆਸਰਾ ਮਹਿਸੂਸ ਹੋਇਆ ਸੀ….
ਮੈਂ ਪਾਣੀ ਗਰਮ ਕੀਤਾ….ਤੇ ਨਹਾ ਧੋ ਕੇ ਟੀਵੀ ਅੱਗੇ ਆ ਬੈਠਿਆ….
ਨਾਲ ਨਾਲ ਫਬ ਦੇਖਦਾ ਰਿਹਾ….ਸੋਣ ਦਾ ਮਨ ਨਹੀਂ ਸੀ…ਪਰ ਦਿਲ ਆਖਦਾ ਸੀ ਕਿ ਕੱਲ੍ਹ ਨੂੰ ਸ਼ਰੀਰ ਚੁਸਤ ਰਹਿਣਾ ਜਰੂਰੀ ਹੈ….ਇਸ ਕਰਕੇ ਨੀਂਦ ਵੀ ਜਰੂਰੀ ਹੈ….
ਮੈਂ ਬੱਤੀ ਬੰਦ ਕੀਤੀ….ਤੇ ਫੇਰ ਅੱਖਾਂ ਆਪੀ ਬੰਦ ਹੋ ਗਈਆਂ….
…..
ਸਵੇਰ ਦੇ ਤੜਕੇ ਦੇ ਤਿੰਨ ਕੁ ਵੱਜੇ ਸੀ ਕਿ ਮੇਰੀ ਅੱਖ ਖੁਲ ਗਈ….ਆਦਤ ਮੁਤਾਬਕ ਮੋਬਾਈਲ ਚੁੱਕਿਆ…ਤੇ ਦੇਖਿਆ…ਨੈਟਵਰਕ ਨਹੀਂ ਸੀ ਆ ਰਿਹਾ….
ਮੈਂ ਹੋਟਲ ਦਾ ਵਾਈ ਫਾਈ ਕਨੇਕਟ ਕੀਤਾ…ਪਰ ਉਸ ਚ ਵੀ ਇੰਟਰਨੇਟ ਨਾਟ ਅਵੇਲਬਲ ਆ ਰਿਹਾ ਸੀ…
ਮੈਂ ਫਤਾਫਟ ਫੋਨ ਚ ਕੰਟੈਕਟ ਲਿਸਟ ਕੱਢੀ…ਤੇ ਆਪਣੇ ਹੀ ਦੂਜੇ ਨੰਬਰ ਨੂੰ ਡਾਇਲ ਕੀਤਾ…
ਨੈਟਵਰਕ ਨੋਟ ਰਜਿਸਟਰਡ ਆ ਰਿਹਾ ਸੀ….ਮੈਂ ਜਲਦੀ ਨਾਲ ਉਠਿਆ…ਰੂਮ ਦੀਆਂ ਬਤੀਆਂ ਜਗਾਈਆਂ…ਤੇ ਟੀਵੀ ਓਨ ਕੀਤਾ….ਪਰ ਟੀਵੀ ਚ ਵੀ ਕਾਲੀ ਸਕਰੀਨ ਤੋਂ ਬਿੰਨਾ ਕੁਛ ਨਹੀਂ ਸੀ ਆ ਰਿਹਾ….
ਮੈਂ ਕਮਰੇ ਦੀ ਬਾਰੀ ਚ ਖੜੇ ਹੋ ਕੇ ਬਾਹਰ ਦੇਖਣ ਦੀ ਅਸਫਲ ਜੇਹੀ ਕੋਸ਼ਿਸ਼ ਕੀਤੀ….ਪਰ ਹਨੇਰੇ ਚ ਕੁਛ ਦਿਖਣਾ ਵੀ ਕੀ ਸੀ….
ਮੈਂ ਬਿਸਤਰੇ ਚ ਲੰਮੇ ਪੈ ਗਿਆ….ਨਹੀਂ ਸੀ ਪਤਾ ਕਿ ਅੱਗੇ ਕੀ ਹੋਣਾ ਹੈ….
ਏਦਾਂ ਹੀ ਸਵੇਰ ਦੇ ਚਾਰ ਵੱਜੇ ਤਕ ਕਦੀ ਅੱਖਾਂ ਬੰਦ ਕਰ ਲੈਂਦਾ ਸੀ….ਤੇ ਕਦੀ ਅੱਖਾਂ ਖੋਲ੍ਹ ਕੇ ਮੋਬਾਈਲ ਨਾਲ ਪੰਗੇ ਲੈ ਲੈਂਦਾ ਸੀ
ਸਾਢੇ ਕੁ ਚਾਰ ਵਜੇ ਤੜਕੇ ਮੈਂ ਹੋਟਲ ਦੀ ਰੈਸਪਸ਼ਨ ਤੇ ਫੋਨ ਕੀਤਾ….
ਇਹ ਫੋਨ ਹੋਟਲ ਦੇ ਅੰਦਰ ਅੰਦਰ ਕਰਨ ਲਈ ਹੀ ਹੁੰਦਾ ਹੈ…ਇਸਦਾ ਨੇਟਰਵਕ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ..
” ਹੈਲੋ…”
” ਜੀ ਸਰ ? ” ਅੱਗੋਂ ਆਵਾਜ਼ ਆਈ…
” ਟੀਵੀ ਨਹੀਂ ਚੱਲ ਰਿਹਾ…ਨਾ ਤੁਹਾਡਾ ਵਾਈ ਫਾਈ ? ”
” ਸਰ ਸਭ ਬੰਦ ਕਰ ਦਿਆ ਗਿਆ ਹੈ…”
” ਫੇਰ ਹੁਣ….ਕੋਈ ਰਾਹ ਬਾਹਰ ਦੀ ਖਬਰ ਸਾਰ ਲੈਣ ਦਾ ? ”
” ਕੋਈ ਰਾਸਤਾ ਨਹੀਂ ਸਰ ”
ਮੈਂ ਫੋਨ ਬੰਦ ਕੀਤਾ…ਤੇ ਉਠ ਕੇ ਬੈਠ ਗਿਆ….ਅਜੀਬ ਮੁਸੀਬਤ ਸੀ….ਲਗਦਾ ਸੀ ਕਾਲੇ ਪਾਣੀ ਦੇ ਕਿਸੇ ਹੋਟਲ ਚ ਹਾਂ…
ਅਜੇ ਅੱਖਾਂ ਬੰਦ ਕਰਨ ਹੀ ਲੱਗਾ ਸੀ….ਕਿ ਹੋਟਲ ਵਾਲੇ ਫੋਨ ਦੀ ਰਿੰਗ ਵੱਜੀ….
” ਹਾਂਜੀ ? ” ਮੈਂ ਫੋਨ ਚੁੱਕਿਆ…ਤੇ ਬੋਲਿਆ…
” ਸਰ…ਰੂਮ ਖਾਲੀ ਕਰਨਾ ਹੋਗਾ ਆਪਕੋ….”
” ਹੁਣੇ ? ” ਮੈਂ ਹੈਰਾਨ ਹੋ ਕੇ ਪੁੱਛਿਆ…
” ਸੁਬਹ ਸਾਤ ਬਜੇ ਤੱਕ…ਜਿਤਨੀ ਜਲਦੀ ਕਰ ਦੋ ਉਤਨਾ ਅੱਛਾ ਹੋਗਾ…”
” ਯਾਰ…ਇਹ ਕੋਈ ਤਰੀਕਾ ਹੈ…? ” ਮੈਂ ਖਿਝ ਕੇ ਬੋਲਿਆ..
” ਮਜ਼ਬੂਰੀ ਹੈ ਸਰ…ਪਲੀਜ਼…”
ਮੈਂ ਫੋਨ ਰਖਿਆ…ਤੇ ਅੱਗੇ ਕੀ ਕਰਨਾ ਹੈ ਇਹ ਸੋਚਣ ਲੱਗ ਗਿਆ….
( ਬਾਕੀ ਅਗਲੇ ਭਾਗ ਚ )
( ਸਾਰੀਆਂ ਫੋਟੋਆਂ ਚਾਰ ਅਗਸਤ ਦੀਆਂ ਨੇ…ਜਦੋਂ ਮੈਂ ਸ੍ਰੀਨਗਰ ਲਈ ਜਾ ਰਿਹਾ ਸੀ )