ਪੰਜਾਬ ‘ਚ ਵੀ ਭੀੜ ਵੱਲੋਂ ਕਾਨੂੰਨ ਹੱਥ ‘ਚ ਲੈਣ ਦੇ ਮਾਮਲੇ ਵਧਣ ਲੱਗੇ, ਪੁਲਿਸ ਤਮਾਸ਼ਬੀਨ ਬਣੀ

1324

ਰਾਏਕੋਟ / ਗਿੱਲ
ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਵਿਚ ਭੀੜ ਵੱਲੋਂ ਕਾਨੂੰਨ ਹੱਥ ‘ਚ ਲੈਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ ਪਰ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਪਿੰਡ ਨੱਥੋਵਾਲ ਵਿਚ ਇੱਕ ਔਰਤ ਸਮੇਤ ਪੰਜ ਵਿਅਕਤੀਆਂ ਨੂੰ ਪਿੰਡ ਵਾਸੀਆਂ ਵੱਲੋਂ ਬੁਰੀ ਤਰ੍ਹਾਂ ਕੁਟਾਪਾ ਚਾੜ੍ਹਨ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਗਿਆ, ਰਾਏਕੋਟ ਬੱਸ ਸਟੈਂਡ ਲਾਗੇ ਇੱਕ ਮੰਦਬੁੱਧੀ ਲੜਕੇ ਨੂੰ ਬੱਚਾ ਚੋਰ ਸਮਝ ਕੇ ਲੋਕਾਂ ਨੇ ਬੁਰੀ ਤਰ੍ਹਾਂ ਕੁਟਾਪਾ ਚਾੜ੍ਹ ਦਿੱਤਾ। ਪਿਛਲੇ ਹਫ਼ਤੇ ਕਸਬਾ ਸੁਧਾਰ ਵਿਚ ਤਿੰਨ ਮੋਟਰ ਸਾਈਕਲ ਸਵਾਰ ਸ਼ਟਰ ਮੁਰੰਮਤ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਵੀ ਮੁਡੀਹਰ ਦੀ ਗਿੱਦੜ ਕੁੱਟ ਦਾ ਸ਼ਿਕਾਰ ਬਣ ਗਏ। ਇਸੇ ਤਰ੍ਹਾਂ ਪਿੰਡ ਪੱਖੋਵਾਲ ਵਿਚ ਵੀ ਇੱਕ ਮੰਦਬੁੱਧੀ ਪ੍ਰਵਾਸੀ ਮਜ਼ਦੂਰ ਬੱਚਾ ਚੋਰ ਗਿਰੋਹ ਦੇ ਸ਼ੱਕ ਵਿਚ ਲੋਕਾਂ ਨੇ ਸੱਥ ਵਿਚ ਬੰਨ੍ਹ ਕੇ ਬੁਰੀ ਤਰਾਂ ਕੁੱਟ ਸੁੱਟਿਆ।
ਇਸੇ ਤਰ੍ਹਾਂ ਪਿੰਡ ਨਾਰੰਗਵਾਲ ਨੇੜੇ ਦੋ ਧੜਿਆਂ ਦੀ ਲੜਾਈ ਦੌਰਾਨ ਜਦੋਂ ਇੱਕ ਧਿਰ ਦੇ ਨੌਜਵਾਨ ਮੋਟਰ ਸਾਈਕਲ ਸਵਾਰ ਆਂਗਣਵਾੜੀ ਵਿਚ ਵੜ ਗਏ ਸਨ ਤਾਂ ਦੂਜੀ ਧਿਰ ਦੇ ਲੋਕ ਵੀ ਪਿੱਛਾ ਕਰਦੇ ਆਂਗਣਵਾੜੀ ਵਿਚ ਦਾਖਲ ਹੋ ਗਏ ਸਨ। ਅਫ਼ਵਾਹਾਂ ਦੇ ਦੌਰ ‘ਚ ਬੱਚੇ ਚੁੱਕੇ ਜਾਣ ਦੇ ਸਹਿਮ ਕਾਰਨ ਇਕੱਠੇ ਹੋਏ ਲੋਕਾਂ ਨੇ ਮੋਟਰ ਸਾਈਕਲ ਸਵਾਰਾਂ ਦਾ ਕਰੀਬ 15 ਕਿੱਲੋਮੀਟਰ ਤੱਕ ਪਿੱਛਾ ਕੀਤਾ ਪਰ ਉਹ ਬੱਚ ਕੇ ਨਿਕਲ ਗਏ। ਇਨ੍ਹਾਂ ਵਿਚੋਂ ਇੱਕ ਨੂੰ ਛੱਡ ਕੇ ਸਾਰੀਆਂ ਘਟਨਾਵਾਂ ਵਿਚ ਪੁਲਿਸ ਨੇ ਦਖ਼ਲ ਤਾਂ ਦਿੱਤਾ ਪਰ ਭੂਮਿਕਾ ਮੂਕ ਦਰਸ਼ਕ ਵਾਲੀ ਹੀ ਰਹੀ। ਭੀੜ ਵੱਲੋਂ ਕੀਤੀ ਗਿੱਦੜ ਕੁੱਟ ਵਿਚ ਸ਼ਿਕਾਰ ਬਣਨ ਵਾਲੇ ਲੋਕਾਂ ਨੂੰ ਪੁਲਿਸ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਗਈ, ਉਲਟਾ ਕੁੱਟਮਾਰ ਕਰਨ ਵਾਲਿਆਂ ਦੀ ਤਸੱਲੀ ਕਰਾਉਣ ਤੱਕ ਹੀ ਪੁਲਿਸ ਕਾਰਵਾਈ ਸੀਮਤ ਰਹੀ। ਦੇਸ਼ ਦੀ ਸਰਬਉੱਚ ਅਦਾਲਤ ਵੱਲੋਂ ਅਜਿਹੇ ਮਾਮਲਿਆਂ ਵਿਚ ਸਖ਼ਤ ਕਾਰਵਾਈ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਨੂੰ ਸਿੱਕੇ ਟੰਗ ਕੇ ਪੁਲਿਸ ਨੇ ਪੀੜਤਾਂ ਨੂੰ ਸਮਝਾ ਬੁਝਾ ਕੇ ਹੀ ਤੋਰ ਦਿੱਤਾ।
ਬੀਤੀ ਰਾਤ ਲੁਧਿਆਣਾ ਸ਼ਹੀਦ ਭਗਤ ਸਿੰਘ ਨਗਰ ਲਾਗੇ ਇੱਕ ਧਾਰਮਿਕ ਸਥਾਨ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਭੰਨਤੋੜ ਕਾਰਨ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਅਜਿਹੇ ਹਾਲਾਤ ਵਿਚ ਦੂਜੇ ਰਾਜਾਂ ਵਿਚ ਜੇਕਰ ਬਦਲਾਖੋਰੀ ਤਹਿਤ ਕੋਈ ਵੀ ਘਟਨਾ ਵਾਪਰੀ ਤਾਂ ਹਾਲਾਤ ਵਿਗੜਨ ਨੂੰ ਬਹੁਤੀ ਦੇਰ ਨਹੀਂ ਲੱਗਣੀ। ਕੁੱਝ ਦੇਸ਼ ਵਿਰੋਧੀ ਸ਼ਕਤੀਆਂ ਇਸ ਵੇਲੇ ਬਲਦੀ ਉੱਤੇ ਤੇਲ ਪਾਉਣ ਲਈ ਤਾਕ ਵਿਚ ਹਨ।
ਪੁਲਿਸ ਵੱਲੋਂ ਕਾਨੂੰਨ ਨੂੰ ਹੱਥ ‘ਚ ਲੈਣ ਵਾਲੀ ਭੀੜ ਨੂੰ ਕਾਬੂ ਕਰਨ ਲਈ ਕੋਈ ਕਦਮ ਚੁੱਕੇ ਜਾਣ ਬਾਰੇ ਹਾਲੇ ਤੱਕ ਕੋਈ ਰਣਨੀਤੀ ਨਹੀਂ ਬਣਾਈ ਗਈ ਹੈ ਸਗੋਂ ਪੁਲਿਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਡੀ।ਐਸ।ਪੀ ਰਾਏਕੋਟ ਗੁਰਮੀਤ ਸਿੰਘ ਨੇ ਅੱਜ ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਮੀਟਿੰਗ ਵਿਚ ਲੋਕਾਂ ਤੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਹਿਯੋਗ ਦੀ ਮੰਗ ਕੀਤੀ ਅਤੇ ਨਾਲ ਹੀ ਪੁਲਿਸ ਦੀ ਘੱਟ ਨਫ਼ਰੀ ਦਾ ਵੀ ਵਾਸਤਾ ਪਾਇਆ।

Real Estate