#ਹਰਪਾਲਸਿੰਘ
ਮੈਨੂੰ ਆਪਣੀ ਕਸ਼ਮੀਰ ਦੀ ਇਸ ਵਾਲੀ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਲਮ ਸੀ ਕਿ ਮੈਨੂੰ ਅੱਗੇ ਜਾ ਕੇ ਕਿਵੇਂ ਦਾ ਮਾਹੌਲ ਮਿਲਨ ਵਾਲਾ ਹੈ…ਇਸ ਕਰਕੇ ਮੈਂ ਮੈਂਟਲੀ ਖੁਦ ਨੂੰ ਤਿਆਰ ਕਰਕੇ ਜਾ ਰਿਹਾ ਸੀ….
” ਕੀ ਇਹ ਪਾਗਲਪਨ ਹੈ ? ”
ਤੁਸੀਂ ਇਹ ਸੁਆਲ ਕਰ ਸਕਦੇ ਹੋ….ਪਰ ਮੇਰੇ ਲਈ ਇਹ ਪਾਗਲਪਨ ਨਹੀਂ ਹੈ….ਕਸ਼ਮੀਰ ਦੇ ਲੋਕਾਂ ਨਾਲ ਮੋਹ ਹੈ…ਜੋ ਮੈਨੂੰ ਉਦੋਂ ਆਪਣੇ ਘਰ ਚ ਬੈਠਨ ਨਹੀਂ ਦਿੰਦਾ ਜਦੋਂ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ…ਪਰ ਇਹ ਵੀ ਨਹੀਂ ਹੈ ਕਿ ਮੈਂ ਹਰ ਵਾਰ ਹੀ ਉਥੇ ਪੁੱਜ ਜਾਂਦਾ ਹਾਂ…ਪਰ ਇਸ ਵਾਰ ਮੌਕਾ ਸੀ….ਉਥੋਂ ਦਾ ਇੰਜੀਨਿਅਰ ਨੌਕਰੀ ਛੱਡ ਗਿਆ ਸੀ ਤੇ ਮੇਰੀ ਪੋਸਟਿੰਗ ਉਧਰ ਸੀ ਇਕ ਹਫਤੇ ਲਈ…
….
ਸਫ਼ਰ ਤੇ ਨਿਕਲਣ ਤੋਂ ਬਿਲਕੁਲ ਇਕ ਦਿਨ ਪਹਿਲਾਂ ਟੀਵੀ ਨੇ ਖਬਰ ਦਿਖਾਣੀ ਸ਼ੁਰੂ ਕਰ ਦਿਤੀ ਕਿ ਕਸ਼ਮੀਰ ਚ ਗਏ ਅਮਰਨਾਥ ਯਾਤਰੀਆਂ ਨੂੰ ਵਾਪਸ ਬੁਲਾ ਲਿਆ ਗਿਆ ਹੈ…ਤੇ ਅਤਵਾਦੀ ਹਮਲੇ ਦੀ ਚੇਤਾਵਨੀ ਦਿਤੀ ਗਈ ਹੈ….ਕੁਛ ਰਫਲਾਂ ਦੀ ਬਰਾਮਦਗੀ ਵੀ ਦਿਖਾਈ ਜਾ ਰਹੀ ਸੀ….
ਕਿੰਨਾ ਹਾਸੋਹੀਣਾ ਸੀ ਇਹ ਸਭ…ਜਿੰਨਾ ਨੂੰ ਪਤਾ ਸੀ ਕਿ ਸਰਕਾਰ ਕੀ ਕਰਨ ਜਾ ਰਹੀ ਹੈ…ਉਹਨਾਂ ਨੂੰ ਇਹ ਖਬਰਾਂ ਝੂਠ ਦਾ ਪੁਲੰਦਾ ਜਾਪ ਰਹੀਆਂ ਸੀ….ਪਰ ਲੋਕ ਟੀਵੀ ਅੱਗੇ ਬੁੱਤ ਬਣੇ ਬੈਠੇ ਸਭ ਗੱਲਾਂ ਨੂੰ ਸੱਚ ਸਮਝ ਕੇ ਸਿਰ ਹਿਲਾ ਰਹੇ ਸੀ….
” ਦੇਖ ਲੈ….ਮਾਹੌਲ ਠੀਕ ਨਹੀਂ ਹੈ….ਨਾ ਜਾ ? ” ਘਰਦਿਆਂ ਨੇ ਟੀਵੀ ਤੇ ਆ ਰਹੀਆਂ ਖਬਰਾਂ ਨੂੰ ਸੁਣਦੇ ਹੋਏ ਆਖਿਆ…
ਮੈਂ ਜਾਣਦਾ ਸੀ ਕਿ ਮਾਹੌਲ ਠੀਕ ਨਹੀਂ ਰਹਿਣ ਵਾਲਾ…ਫੇਰ ਵੀ ਫੈਮਲੀ ਨੂੰ ਯਕੀਨ ਦਿਵਾਇਆ ਕਿ ਸਭ ਠੀਕ ਹੈ…ਫਿਕਰ ਨਾ ਕਰਨ…
ਸ਼ਾਮ ਤੱਕ ਦਫਤਰ ਤੋਂ ਵੀ ਬੌਸ ਦਾ ਫੋਨ ਆ ਗਿਆ…ਤੇ ਆਖਿਆ ਗਿਆ ਕਿ ਮੈਂ ਚਾਹਵਾਂ ਤਾਂ ਆਪਣਾ ਜਾਣਾ ਕੈਂਸਲ ਕੜੁ ਸਕਦਾ ਹਾਂ…ਰਾਹ ਚ ਕਿਤੇ ਵੀ ਸੇਫ ਨਾ ਫੀਲ ਹੋਏ ਤਾਂ ਘਰ ਨੂੰ ਮੁੜ ਆ ਸਕਦਾ ਹਾਂ…
ਪਰ ਮੈਂ ਜੇ ਵਾਪਸ ਹੀ ਮੁੜਨਾ ਹੁੰਦਾ ਤਾਂ ਮੈਂ ਜਾਣਾ ਹੀ ਕਿਉਂ ਸੀ…
….
ਚਾਰ ਤਰੀਕ ਨੂੰ ਸਵੇਰੇ ਮੈਂ ਅਮ੍ਰਿਤਸਰ ਤੋਂ ਜੰਮੂ ਲਈ ਨਿਕਲਿਆ…..ਤੇ ਦੁਪਹਿਰ ਤੱਕ ਜੰਮੂ ਸੀ….ਉਥੋਂ ਸ਼੍ਰੀਨਗਰ ਲਈ ਇਕ ਨਵੀਂ ਆਈ ਟਵੇਂਟੀ ਕਾਰ ਚ ਬੈਠਿਆ….ਇਹ ਬਿਲਕੁਲ ਨਵੀਂ ਕਾਰ ਸੀ ਜਿਸਦੀ ਅਜੇ ਨੰਬਰ ਪਲੇਟ ਵੀ ਨਹੀਂ ਸੀ ਲੱਗੀ….ਮੈਨੂੰ ਉਮੀਦ ਸੀ ਕਿ ਮੈਂ ਇਸ ਕਾਰ ਚ ਬੈਠਾ ਖੁਦ ਨੂੰ ਲੋਕਲ ਸ਼ੋਅ ਕਰ ਸਕਾਂਗਾ ਤੇ ਕਸ਼ਮੀਰ ਚ ਆਸਾਨੀ ਨਾਲ ਦਾਖਲ ਹੋ ਜਾਵਾਂਗਾ….ਪਰ ਏਦਾਂ ਹੋਣਾ ਨਹੀਂ ਸੀ….ਜਿੰਨਾ ਆਸਾਨ ਸਭ ਲੱਗ ਰਿਹਾ ਸੀ….ਉਹਨਾਂ ਹੀ ਸਭ ਔਖਾ ਹੋਣ ਜਾ ਰਿਹਾ ਸੀ….
……
” ਕਲ ਤੋਂ ਕਸ਼ਮੀਰ ਚ ਕਰਫਿਊ ਲਗਨ ਜਾ ਰਿਹਾ ਹੈ…”
” ਮੋਬਾਈਲ ਫੌਨ ਵੀ ਬੰਦ ਹੋਣ ਜ਼ਾ ਰਹੇ ਨੇ ”
ਡਰਾਈਵਰ ਇਹ ਸਭ ਦੱਸ ਰਿਹਾ ਸੀ…..
” ਪਰ ਏਦਾਂ ਦਾ ਕੀ ਹੋਣ ਜਾ ਰਿਹਾ ਹੈ ਉਥੇ ? ” ਮੈਂ ਸੁਆਲ ਕੀਤਾ….
ਇਸ ਸੁਆਲ ਦਾ ਜੁਆਬ ਅਜੇ ਡਰਾਈਵਰ ਕੋਲ ਨਹੀਂ ਸੀ…..
ਮੈਂ ਸ਼੍ਰੀਨਗਰ ਚ ਮੌਜੂਦ ਆਪਣੇ ਹੋਟਲ ਦੀ ਰੈਸਪਸ਼ਨ ਤੇ ਫੋਨ ਲਗਾਇਆ….ਤੇ ਆਪਣੀ ਬੁਕਿੰਗ ਬਾਰੇ ਪੁੱਛਿਆ…
” ਆਪ ਆਓ ਸਰ….ਸਭ ਠੀਕ ਹੈ….ਹੋਟਲ ਮੇਂ ਆਪ ਸੇਫ ਰਹੋਗੇ ” ਹੋਟਲ ਵਾਲਾ ਬੋਲਿਆ…
ਉਸਦੀਆਂ ਗੱਲਾਂ ਸੁਣ ਕੇ ਮੈਨੂੰ ਚੈਨ ਮਹਿਸੂਸ ਹੋਇਆ ਕਿ ਚਲੋ ਕੁਛ ਹੋਰ ਨਾ ਸਹੀ….ਪਰ ਰਹਿਣ ਨੂੰ ਟਿਕਾਣਾ ਤਾਂ ਹੈਗਾ ਹੀ ਏ….ਪਰ ਹੋਟਲ ਵਾਲੇ ਨੇ ਜੋ ਆਖਿਆ ਸੀ…ਜੋ ਸੇਫਟੀ ਦਾ ਯਕੀਨ ਦਿਵਾਇਆ ਸੀ….ਇਹ ਸਭ ਬਸ ਗੱਲਾਂ ਤਕ ਹੀ ਸੀਮਤ ਰਹਿਣ ਵਾਲਾ ਸੀ….ਤੇ ਅੱਗੇ ਜਾ ਕੇ ਸਭ ਕੁਛ ਉਸਦੇ ਕਹੇ ਦੇ ਉਲਟ ਹੋਣ ਵਾਲਾ ਸੀ…..
…..
ਰਾਮਬਨ ਨਾਮ ਦੀ ਥਾਂ ਤੇ ਇਕ ਵੱਡਾ ਪੁਲਿਸ ਦਾ ਨਾਕਾ ਆਉਂਦਾ ਹੈ…..ਉਥੇ ਮੈਨੂੰ ਰੋਕਿਆ ਜਾ ਸਕਦਾ ਸੀ….ਉਸ ਨਾਕੇ ਤੋਂ ਕਾਫੀ ਮਗਰ ਹੀ ਕਾਰ ਵਾਲ਼ੇ ਨੇ ਮੈਨੂੰ ਉਤਾਰਿਆ….ਤੇ ਪੈਦਲ ਇਹ ਨਾਕਾ ਪਾਰ ਕਰਨ ਨੂੰ ਆਖਿਆ….ਪੈਦਲ ਨੂੰ ਪੁੱਛਗਿੱਛ ਨਹੀਂ ਹੋਵੇਗੀ ਏਦਾਂ ਦੀ ਉਮੀਦ ਸੀ….
ਮੈਂ ਉਥੇ ਪੈਦਲ ਚਲਿਆ….ਤੇ ਨਾਕੇ ਤੋਂ ਅਰਾਮ ਨਾਲ ਨਿਕਲ ਗਿਆ…..ਮੈਨੂੰ ਜਾਪਿਆ ਕਿ ਹੁਣ ਤਾਂ ਕਸ਼ਮੀਰ ਚ ਮੈਨੂੰ ਦਾਖਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ….
ਮੈਂ ਦੁਬਾਰਾ ਕਾਰ ਚ ਸੀ ਹੁਣ…..ਤੇ ਜਲਦੀ ਤੋਂ ਜਲਦੀ ਕਸ਼ਮੀਰ ਚ ਦਾਖਲ ਹੋ ਜਾਣ ਨੂੰ ਕਾਹਲਾ ਸੀ…
…..
ਰਾਤ ਦੇ ਅੱਠ ਕੁ ਵਜੇ ਦੇ ਨੇੜੇ ਸਾਡੀ ਕਾਰ ਜਵਾਹਰ ਸੁਰੰਗ ਦੇ ਅੱਗੇ ਜਾ ਪੁੱਜੀ….ਅਸਲ ਚ ਇਹ ਸੁਰੰਗ ਹੀ ਕਸ਼ਮੀਰ ਦਾ ਬਾਰਡਰ ਹੈ….ਅਸਲੀ ਕਸ਼ਮੀਰ ਸੁਰੰਗ ਦੇ ਦੂਜੇ ਪਾਸੇ ਹੈ….
ਸਾਡੀ ਕਾਰ ਹੁਣ ਸੁਰੰਗ ਦੇ ਅੰਦਰ ਦਾਖਲ ਹੋ ਗਈ ਸੀ….ਸਾਡੇ ਅੱਗੇ ਵੀ ਇਕ ਟੈਕਸੀ ਸੀ….ਤੇ ਮਗਰ ਵੀ…..
ਮੇਰੇ ਦਿਲ ਦੀ ਧੜਕਣ ਤੇਜ਼ ਸੀ….ਕਿਉਂਕਿ ਅਗਲੇ ਕੁਛ ਹੀ ਪੱਲਾਂ ਚ ਮੈਂ ਕਸ਼ਮੀਰ ਅੰਦਰ ਦਾਖਲ ਹੋਣ ਜਾ ਰਿਹਾ ਸੀ….
ਸੁਰੰਗ ਪਾਰ ਕਰਦਿਆਂ ਹੀ ਸਾਡੇ ਅੱਗੇ ਖੜੀ ਗੱਡੀ ਨੂੰ ਪੁਲਿਸ ਨੇ ਰੋਕ ਲਿਆ….ਉਹਨਾਂ ਨੂੰ ਕੁਛ ਪੁੱਛਣ ਤੋਂ ਬਾਦ ਵਾਪਸ ਜਾਨ ਦਾ ਇਸ਼ਾਰਾ ਕੀਤਾ ਗਿਆ….
” ਆਪ ਬੋਲਣਾ ਕਿ ਆਪ ਯਹੀਂ ਕੇ ਲੋਕਲ ਹੋ….ਬਾਰਾਮੂਲਾ ਜਾਣਾ ਹੈ…ਵਹੀਂ ਰਹਿਤੇ ਹੋ…” ਡਰਾਈਵਰ ਨੇ ਮੈਨੂੰ ਸਮਝਾਇਆ….
” ਹਾਂ ਏਦਾਂ ਹੀ ਬੋਲਾਂਗਾ….ਵੈਸੇ ਵੀ ਮੈਂ ਬਾਰਾਮੂਲਾ ਸੱਚ ਚ ਜਾਣਾ ਹੀ ਹੈ….ਉਥੇ ਬੈਂਕ ਚ ਲਗੀਆਂ ਮਸ਼ੀਨਾਂ ਠੀਕ ਕਰਨੀਆਂ ਨੇ….ਮੇਰੇ ਕੋਲ ਬੈਂਕ ਵਲੋਂ ਭੇਜੀ ਲੈਟਰ ਵੀ ਹੈ….ਜਿਸ ਚ ਮੇਰੀ ਵਿਜ਼ਟ ਨੂੰ ਮਨਜ਼ੂਰੀ ਦਿੱਤੀ ਗਈ ਹੈ ” ਮੈਂ ਆਖਿਆ….
ਮੈਂ ਮਨਜ਼ੂਰੀ ਵਾਲੀ ਚਿੱਠੀ ਜੋ ਕਿ ਟੈਬ ਚ ਸੀ…ਓਸਨੂ ਖੋਲ ਲਿਆ….ਤਾਂ ਕਿ ਪੁਲਿਸ ਨੂੰ ਦਿਖਾ ਸਕਾਂ…
ਸਾਡੀ ਗੱਡੀ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ…
” ਲੋਕਲ ” ਡਰਾਈਵਰ ਨੇ ਬੋਲਿਆ…
ਪੁਲਿਸ ਨੇ ਲੰਘ ਜਾਣ ਦਾ ਇਸ਼ਾਰਾ ਕੀਤਾ….ਅਚਾਨਕ ਦੂਜੇ ਸਿਪਾਹੀ ਦੀ ਨਜ਼ਰ ਮੇਰੇ ਉਪਰ ਪਈ…
” ਆਪ ਭੀ ਲੋਕਲ ਹੋ ਕਿਆ ? ” ਉਸਨੇ ਮੇਰੇ ਵੱਲ ਦੇਖਿਆ…
” ਜੀ ” ਮੈਂ ਆਖਿਆ…
” ਕਹਾਂ ਰਹਿਤੇ ਹੋ ? ” ਉਹਨਾਂ ਨੇ ਗੱਡੀ ਨੂੰ ਰੋਕ ਲਿਆ ਸੀ…
” ਬਾਰਾਮੂਲਾ ”
” ਆਈ ਡੀ ਦੋ ”
” ਆਈ ਡੀ ਤੋ ਮੇਰਾ ਬਾਰਾਮੂਲਾ ਮੇਂ ਹੈ…” ਮੈਂ ਝੂਠ ਬੋਲਿਆ…
” ਫ਼ਿਰ ਵਾਪਸ ਜਾਓ….ਆਗੇ ਨਹੀਂ ਜ਼ਾ ਸਕਤੇ ” ਉਹਨਾਂ ਨੇ ਕਾਰ ਨੂੰ ਵਾਪਸ ਮੁੜਨ ਦਾ ਇਸ਼ਾਰਾ ਕੀਤਾ….
” ਸਰ…ਮੇਰੀ ਨੌਕਰੀ ਹੈ ਉਧਰ….ਜਿਵੇਂ ਤੁਹਾਡੀ ਨੌਕਰੀ….ਉਦਾਂ ਮੇਰੀ….ਪਲੀਜ਼….ਮੈਨੂੰ ਜਾਣ ਦਵੋ…” ਮੈਂ ਬੇਨਤੀ ਕੀਤੀ…
” ਸੱਚ ਬੋਲੋ ਕਹਾਂ ਕੇ ਹੋ…? ” ਉਹ ਗੁੱਸੇ ਚ ਬੋਲਿਆ…
” ਅਮ੍ਰਿਤਸਰ ਦਾ ਹਾਂ….”
” ਆਈ ਡੀ ਦੋ ਜਲਦੀ..”
ਮੈਂ ਅਧਾਰ ਕਾਰਡ ਕੱਢ ਕੇ ਉਸਨੂੰ ਦਿੱਤਾ…
” ਵਾਪਸ ਮੋੜੋ ਗਾੜੀ….ਨਿਕਲੋ ਯਹਾਂ ਸੇ….ਕੋਈ ਬਾਹਰ ਕਾ ਬੰਦਾ ਆਗੇ ਨਹੀਂ ਜਾ ਸਕਤਾ….ਚਲੋ ਵਾਪਸ ”
” ਸਰ….ਪਲੀਜ਼ ” ਡਰਾਈਵਰ ਨੇ ਬੇਨਤੀ ਕੀਤੀ…
” ਸਰ….ਮੇਰੀ ਫੈਮਲੀ ਅੱਗੇ ਫਸੀ ਹੋਈ ਹੈ….ਮੈਂ ਉਹਨਾਂ ਨੂੰ ਲੈ ਕੇ ਕੱਲ ਹੀ ਵਾਪਸ ਮੁੜ ਆਉਣਾ ਹੈ…” ਮੈਂ ਆਖਿਆ…
” ਯਾਰ ਤੂੰ ਜਾਏਗਾ ਵਾਪਸ ਜਾ ਧੱਕੇ ਖਾਏਗਾ….ਚੱਲ ਨਿਕਲ….ਜਲਦੀ ਕਰ….ਸੁਣਾ ? ” ਪੁਲਿਸ ਦਾ ਇਕ ਅਫਸਰ ਗਰਜਿਆ….
ਡਰਾਈਵਰ ਨੇ ਮੇਰੇ ਵੱਲ ਦੇਖ ਕੇ ਮਜ਼ਬੂਰੀ ਚ ਮੋਢੇ ਚੁੱਕੇ….ਤੇ ਕਾਰ ਚ ਬੈਠ ਗਿਆ….
” ਪੈਸੇ ਦਵਾਂ….ਮੰਨ ਜਾਣਗੇ…? ” ਮੈਂ ਉਸਨੂੰ ਪੁੱਛਿਆ…
” ਨਹੀਂ….ਹਾਲਾਤ ਆਮ ਨਹੀਂ ਨੇ…ਨਹੀਂ ਮਨਣਗੇ…ਨਾਲ ਫੌਜ ਵੀ ਹੈ…” ਡਰਾਈਵਰ ਬੋਲਿਆ…
” ਸਰ….ਪਲੀਜ਼ ਜਾਣ ਦਵੋ….ਮੇਰੀ ਫੈਮਲੀ ਅੱਗੇ ਮੈਨੂੰ ਉਡੀਕ ਰਹੀ ਹੈ….ਪਲੀਜ਼….” ਮੈਂ ਰੋਣਹਾਕਾ ਹੋ ਕੇ ਆਖਿਆ…
” ਜਲਦੀ ਵਾਪਸ ਨਿਕਲ…..” ਪੁਲਿਸ ਵਾਲੇ ਨੇ ਖਿਝ ਕੇ ਆਖਿਆ….
ਮੈਂ ਮਨ ਹੀ ਮਨ ਖਿਝ ਕੇ ਰਹਿ ਗਿਆ….ਤੇ ਵਾਪਸ ਕਾਰ ਚ ਆ ਬੈਠਿਆ….
ਕਾਰ ਵਾਪਸ ਟਨਲ ਚ ਦਾਖਲ ਹੋ ਗਈ…..ਤੇ ਆਪਾਂ ਕਸ਼ਮੀਰ ਤੋਂ ਵਾਪਸ ਜੰਮੂ ਵੱਲ ਨੂੰ ਤੁਰ ਪਏ….
” ਅਬ ? ” ਡਰਾਈਵਰ ਨੇ ਮੇਰੇ ਵੱਲ ਦੇਖਿਆ…
” ਜੋ ਵੋ ਹੋ ਜਾਵੇ….ਮੈਂ ਕਸ਼ਮੀਰ ਚ ਜਰੂਰ ਹੀ ਦਾਖਲ ਹੋਣਾ ਹੈ….ਏਦਾਂ ਵਾਪਸ ਨਹੀਂ ਜਾਣਾ ”
ਡਰਾਈਵਰ ਮੇਰੀ ਗੱਲ ਸੁਣਦਾ ਰਿਹਾ….ਆਪਾਂ ਕੋਈ ਦੱਸ ਕੁ ਕਿਲੋਮੀਟਰ ਵਾਪਸ ਵਲ ਨੂੰ ਆ ਕੇ ਇਕ ਖਾਲੀ ਥਾਂ ਤੇ ਕਾਰ ਰੋਕ ਲਈ….
ਘੁੱਪ ਹਨੇਰਾ ਸੀ….ਤੇ ਭੁੱਖ ਵੀ ਲੱਗ ਆਈ ਸੀ….
…..
” ਦੋ ਰਾਸਤੇ ਹੈਂ….” ਡਰਾਈਵਰ ਨੇ ਆਖਿਆ…
” ਕਿਹੜੇ ? ”
” ਏਕ ਤੋ ਹਮ ਔਰ ਪਿੱਛੇ ਚਲੇ ਜਾਏਂ…ਬਨਿਹਾਲ ਨਾਮ ਕਾ ਰੇਲਵੇ ਸਟੇਸ਼ਨ ਹੈ…ਆਪ ਵਹੀਂ ਕਹੀਂ ਰੁਕ ਜਾਓ ਰਾਤ ਕੇ ਲੀਏ….ਔਰ ਵਹਾਂ ਸੇ ਸੁਬਹ ਛੇ ਬਜੇ ਸ਼੍ਰੀਨਗਰ ਕੇ ਲੀਏ ਟਰੇਨ ਨਿਕਲੇਗੀ….ਉਸਮੇ ਆਪ ਜਾ ਸਕੋਗੇ…”
” ਦੂਜਾ ਰਾਹ ? ” ਮੈਂ ਪੁੱਛਿਆ…
” ਯਹੀਂ ਸੇ ਕਿਸੀ ਟਰੱਕ ਮੇਂ ਬੈਠੋ….ਕਿਸੀ ਸਰਦਾਰ ਕੇ ਟਰੱਕ ਮੇਂ….ਟਰੱਕ ਕੀ ਚੈਕਿੰਗ ਨਹੀਂ ਹੋਤੀ….ਸੁਰੰਗ ਕਰਾਸ ਕਰਕੇ ਆਗੇ ਜ਼ਾ ਕੇ ਉਤਰਨਾ ਕਹੀਂ…ਔਰ ਮੈਂ ਆਪਕੋ ਵਹੀਂ ਸੇ ਗਾੜੀ ਮੇਂ ਬਿਠਾਉਂਗਾ…”
” ਪਰ ਟਰੱਕ ਵਾਲੇ ਏਦਾਂ ਮੈਨੂੰ ਕਿਵੇਂ ਬਿਠਾ ਲੈਣਗੇ…ਉਹ ਵੀ ਅਜਿਹੇ ਸਵੇਂਦਨਸ਼ੀਲ ਮਾਹੌਲ ਚ…? ” ਮੈਂ ਬੋਲਿਆ…
” ਪਰ ਯੇਹ ਕਰਨਾ ਤੋ ਪੜ੍ਹੇਗਾ ਹੀ….ਔਰ ਕੋਈ ਰਾਸਤਾ ਨਹੀਂ ਹੈ…”
ਮੈਂ ਸੋਚ ਰਿਹਾ ਸੀ….ਕਿ ਅੱਗੇ ਹੁਣ ਕੀ ਕੀਤਾ ਜਾਵੇ…..
ਸਾਡੇ ਅੱਗੋਂ ਹੋਰ ਵੀ ਕਈ ਗੱਡੀਆਂ ਲੰਘ ਰਹੀਆਂ ਸੀ….ਜਿੰਨਾ ਨੂੰ ਵਾਪਸ ਭੇਜ ਦਿੱਤਾ ਗਿਆ ਸੀ…..ਇਕ ਵੀ ਬਾਹਰੀ ਬੰਦੇ ਨੂੰ ਕਸ਼ਮੀਰ ਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ…..
” ਮੈਂ ਉਥੇ ਜਾ ਕੇ ਕੀ ਕਰ ਲੈਣਾ ਹੈ ? ” ਮੈਂ ਖੁਦ ਨੂੰ ਸੁਆਲ ਕੀਤਾ….
” ਪਤਾ ਨਹੀਂ….ਪਰ ਮੈਂ ਜਰੂਰ ਜਾਣਾ ਹੈ….” ਮੈਂ ਹੀ ਆਪਣੇ ਆਪ ਨੂੰ ਜੁਆਬ ਦਿੱਤਾ….
….
ਆਪਾਂ ਕਾਰ ਨੂੰ ਥੋੜਾ ਹੋਰ ਮਗਰ ਲੈ ਆਏ….ਤੇ ਇਕ ਥਾਂ ਕੁਛ ਆਰਮੀ ਵਾਲੇ ਖੜੇ ਸੀ….ਜਿੰਨਾ ਦੇ ਕੋਲ ਖਾਲੀ ਥਾਂ ਤੇ ਆਪਾਂ ਕਾਰ ਨੂੰ ਰੋਕਿਆ…
” ਸਰ….ਮੇਰੀ ਨੌਕਰੀ ਹੈ ਅੱਗੇ….ਮੈਨੂੰ ਜਰੂਰੀ ਜਾਣਾ ਹੈ ਸ਼੍ਰੀਨਗਰ….ਕੋਈ ਮਦਦ ਹੋ ਸਕਦੀ ? ” ਮੈਂ ਇਕ ਆਰਮੀ ਵਾਲੇ ਨੂੰ ਆਖਿਆ…
” ਵਹਾਂ ਅਬ ਕੌਨ ਸੀ ਨੌਕਰੀ ਕਰੋਗੇ…? ” ਆਰਮੀ ਵਾਲਾ ਬੋਲਿਆ…
” ਮੇਰਾ ਸਮਾਨ ਹੈ ਉਧਰ….ਉਸ ਚ ਪੈਸੇ ਨੇ….ਮੈਂ ਜਰੂਰੀ ਸਭ ਲੈਣਾ ਹੈ….” ਮੈਂ ਬਹਾਨਾ ਬਣਾਇਆ…
” ਉਧਰ ਆਗੇ ਜਾਓ….ਪੁਲਿਸ ਵਾਲੇ ਆਫ਼ਿਸਰ ਕੋ ਸਭ ਬਤਾਓ….ਵਹੀ ਕੁਛ ਕਰ ਸਕਤਾ ਹੈ…ਹਮਾਰੇ ਹਾਥ ਮੇਂ ਕੁਛ ਨਹੀਂ…” ਆਰਮੀ ਵਾਲਾ ਬੋਲਿਆ…
” ਪਰ ਇਹ ਸਭ ਹੋ ਕੀ ਰਿਹਾ ਹੈ….ਕਿਉਂ ਕਿਸੇ ਵੀ ਬਾਹਰੋਂ ਆਏ ਨੂੰ ਅੰਦਰ ਕਸ਼ਮੀਰ ਚ ਨਹੀਂ ਜਾਣ ਦੇ ਰਹੇ…ਤੇ ਜਿਹੜੇ ਉਧਰ ਨੇ ਉਹਨਾਂ ਨੂੰ ਬਾਹਰ ਕੱਢ ਰਹੇ ਨੇ ? ” ਮੈਂ ਸੁਆਲ ਕੀਤਾ…
” ਬਹੁਤ ਕੁਝ ਹੋਨੇ ਵਾਲਾ ਹੈ….ਬਸ ਦੇਖਤੇ ਜਾਓ…ਮੇਰੀ ਮਾਨੋ ਤੋ ਤੁਮ ਵਾਪਸ ਚਲੇ ਜਾਓ….ਆਗੇ ਮਤ ਜਾਓ…” ਆਰਮੀ ਵਾਲਾ ਬੋਲਿਆ….
” ਜਾਣਾ ਜਰੂਰੀ ਹੈ….ਨਹੀਂ ਤੋ ਕਿਉਂ ਆਤਾ…” ਮੈਂ ਮਜ਼ਬੂਰੀ ਦੱਸੀ…
” ਸਰ….ਆਪ ਇਸਕੋ ਕਿਸੀ ਟਰੱਕ ਮੇਂ ਬਿਠਾ ਦੋ…ਮੇਹਰਬਾਨੀ ਹੋਗੀ….” ਡਰਾਈਵਰ ਬੋਲਿਆ…
ਫੌਜੀ ਕੁਛ ਦੇਰ ਸੋਚਦਾ ਰਿਹਾ…..
” ਟਰੱਕ ਮੇਂ ਭੀ ਤੋ ਚੈਕ ਕਰੇਂਗੇ….” ਫੌਜੀ ਬੋਲਿਆ…
” ਨਹੀਂ ਕਰੇਂਗੇ ” ਡਰਾਈਵਰ ਨੇ ਯਕੀਨ ਨਾਲ ਕਿਹਾ….
” ਠੀਕ ਹੈ…ਟਰੱਕ ਮੇਂ ਬਿਠਾ ਤੋ ਦੇਤਾ ਹੁੰ…ਆਗੇ ਆਪ ਜਾਣੋ…”
ਏਨਾ ਬੋਲ ਕੇ ਫੌਜੀ ਸੜਕ ਤੇ ਆ ਕੇ ਖੜਾ ਹੋ ਗਿਆ….ਤੇ ਇਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ….
ਮੈਂ ਆਪਣਾ ਸਾਰਾ ਸਮਾਨ ਡਰਾਈਵਰ ਕੋਲ ਹੀ ਛਡਿਆ….ਤੇ ਖਾਲੀ ਹੱਥ ਟਰੱਕ ਵੱਲ ਵੱਧ ਗਿਆ….
” ਅੱਗਰ ਸੁਰੰਗ ਪਾਰ ਹੋ ਜਾਏਗੀ…ਤੋ ਉਧਰ ਜਾ ਕਰ ਮੁਝੇ ਫੋਨ ਕਰਨਾ….ਮੈਂ ਆਊਂਗਾ ” ਡਰਾਈਵਰ ਬੋਲਿਆ…
ਮੈਂ ਸਹਿਮਤੀ ਚ ਸਿਰ ਹਿਲਾਉਂਦੇ ਹੋਏ ਅੱਗੇ ਵਧ ਗਿਆ….ਤੇ ਟਰੱਕ ਚ ਜਾ ਚੜਿਆ……