ਕਸ਼ਮੀਰੀ ਕੁੜੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਤੇ ਖੱਟਰ ਨੂੰ ਪੈ ਰਹੀਆਂ ਲਾਹਨਤਾ

942

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਸ਼ਮੀਰੀ ਕੁੜੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਦੀ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖ਼ਤ ਨਿਖੇਧੀ ਕੀਤੀ ਹੈ। ਰੰਧਾਵਾ ਨੇ ਖੱਟਰ ਤੋਂ ਮੁਆਫ਼ੀ ਮੰਗਣ ਦੀ ਗੱਲ ਵੀ ਕਹੀ ਹੈ। ਰੰਧਾਵਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਆਪਣੇ ਬਿਆਨ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਸਾਰਿਆਂ ਦੀਆਂ ਧੀਆਂ ਬਰਾਬਰ ਹੁੰਦੀਆਂ ਹਨ ਅਤੇ ਮੁੱਖ ਮੰਤਰੀ ਦਾ ਕਸ਼ਮੀਰੀ ਬਹੂਆਂ ਲਿਆਉਣ ਵਾਲਾ ਬਿਆਨ ਗ਼ੈਰਜ਼ਿੰਮੇਵਾਰਾਨਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਸ਼ਮੀਰੀ ਧੀਆਂ-ਭੈਣਾਂ ਬਾਰੇ ਅਜਿਹੇ ਬਿਆਨ ਦੇਣ ਵਾਲਿਆਂ ਦੀ ਕਰੜੀ ਅਲੋਚਨਾ ਕੀਤੀ ਸੀ ਤੇ ਸਿੱਖਾਂ ਨੂੰ ਅਜਿਹਾ ਹੋਣੋਂ ਰੋਕਣ ਦੀ ਗੱਲ ਵੀ ਕਹੀ ਸੀ। ਖੱਟਰ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਵਿਧਾਇਕ ਵੀ ਪਾਰਟੀ ਦੇ ਕੁਆਰੇ ਵਰਕਰਾਂ ਨੂੰ ਕਸ਼ਮੀਰ ਵਿੱਚ ਵਿਆਹ ਕਰਵਾਉਣ ਦੀ ਸਲਾਹ ਦੇ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਕਸ਼ਮੀਰ ਵਿੱਚ ਧਾਰਾ 370 ਮਨਸੂਖ਼ ਕਰਨ ਤੋਂ ਬਾਅਦ ਕਸ਼ਮੀਰੀ ਔਰਤਾਂ ਨੂੰ ਕਾਨੂੰਨੀ ਤੌਰ ‘ਤੇ ਬਾਹਰਲੇ ਸੂਬੇ ਵਿੱਚ ਵਿਆਹ ਕਰਵਾਉਣ ‘ਤੇ ਜੰਮੂ-ਕਸ਼ਮੀਰ ਵਿਚਲੀ ਜਾਇਦਾਦ ‘ਤੇ ਹੱਕ ਹਾਸਲ ਹੋ ਗਏ ਹਨ। ਪਹਿਲਾਂ ਉਨ੍ਹਾਂ ਨੂੰ ਇਹ ਹੱਕ ਨਹੀਂ ਸੀ।
ਕੌਮੀ ਮਹਿਲਾ ਕਮਿਸ਼ਨ ਨੇ ਦੀ ਚੇਅਰਮੈਨ ਰੇਖਾ ਸ਼ਰਮਾ ਨੇ ਟਵਿਟ ਕਰਦਿਆਂ ਕਿਹਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਔਰਤਾਂ ਦੇ ਸੰਬੰਧ ‘ਚ ਉਨ੍ਹਾਂ ਦੇ ਵਿਵਾਦਿਤ ਬਿਆਨ ‘ਤੇ ਯਕੀਨੀ ਤੌਰ ‘ਤੇ ਸਪਸ਼ਟੀਕਰਨ ਮੰਗਿਆ ਜਾਵੇਗਾ। ਰੇਖਾ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਲਪਨਾ ਔਰਤਾਂ ਦੇ ਰੰਗ-ਰੂਪ ਅਤੇ ਚਿਹਰੇ ‘ਤੇ ਆ ਕੇ ਕਿਉਂ ਸਿਮਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਔਰਤਾਂ ਦੇ ਬਾਰੇ ‘ਚ ਅਜਿਹਾ ਕਿਵੇਂ ਬੋਲ ਸਕਦੇ ਹਨ? ਸ਼ਰਮਾ ਨੇ ਕਿਹਾ ਕਿ ਉਹ ਉਨ੍ਹਾਂ ਤੋਂ ਯਕੀਨੀ ਤੌਰ ‘ਤੇ ਸਪਸ਼ਟੀਕਰਨ ਦੇਣ ਲਈ ਕਹਿਣਗੇ।

Real Estate