ਅਸਤੀਫ਼ੇ ਮਗਰੋਂ ਪਹਿਲੀ ਆਪਣੇ ਹਲਕੇ ਦੇ ਲੋਕਾਂ ‘ਚ ਗਏ ਸਿੱਧੂ

847

ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਪਹਿਲੀ ਵਾਰ ਆਪਣੇ ਵਿਧਾਨ ਸਭਾ ਹਲਕਾ ਪੂਰਬੀ ਦਾ ਦੌਰਾ ਕਰਦਿਆਂ ਸਮਾਰਟ ਸਿਟੀ ਯੋਜਨਾ ਹੇਠ ਐੱਲਈਡੀ ਸਟਰੀਟ ਲਾਈਟਾਂ ਲਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਗੁਰਦੁਆਰਾ ਨਾਨਕਸਰ ਵਿੱਚ ਵੀ ਮੱਥਾ ਟੇਕਿਆ ਪਰ ਮੀਡੀਆ ਤੋਂ ਪਹਿਲਾਂ ਵਾਂਗ ਹੀ ਦੂਰੀ ਕਾਇਮ ਰੱਖੀ।
ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਖਾਲੀ ਕਰਨ ਮਗਰੋਂ ਅੰਮ੍ਰਿਤਸਰ ਆਪਣੇ ਘਰ ਪਰਤੇ ਸਿੱਧੂ ਵੱਲੋਂ ਪਹਿਲਾਂ ਆਪਣੇ ਹਲਕੇ ਦੇ ਕੌਂਸਲਰਾਂ ਨਾਲ ਅਤੇ ਮਗਰੋਂ ਪਤਵੰਤੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਉਨ੍ਹਾਂ ਆਪਣੇ ਹਲਕੇ ਨਾਲ ਸਬੰਧਤ ਸਮੱਸਿਆਵਾਂ, ਚਲ ਰਹੇ ਪ੍ਰਾਜੈਕਟਾਂ ਦੀ ਸਥਿਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਚਰਚਾ ਕੀਤੀ ਸੀ। ਅੱਜ ਪਹਿਲੀ ਵਾਰ ਉਨ੍ਹਾਂ ਆਪਣੇ ਹਲਕੇ ਦਾ ਦੌਰਾ ਕੀਤਾ ਹੈ। ਸਿੱਧੂ ਜਦੋਂ ਤੋਂ ਚੰਡੀਗੜ੍ਹ ਤੋਂ ਪਰਤੇ ਹਨ, ਉਨ੍ਹਾਂ ਉਦੋਂ ਤੋਂ ਹੀ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਮੀਡੀਆ ਕਰਮੀਆਂ ਨੂੰ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਣ ਦੀ ਆਗਿਆ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਹੁਣ ਤੱਕ ਮੀਡੀਆ ਨਾਲ ਗੱਲਬਾਤ ਕੀਤੀ ਹੈ।
ਜਦੋਂ ਉਹ ਆਪਣੇ ਹਲਕੇ ਦਾ ਦੌਰਾ ਕਰਨ ਗਏ ਤਾਂ ਕੁਝ ਸਮਰਥਕ ਵੀ ਉਨ੍ਹਾਂ ਦੇ ਨਾਲ ਸਨ। ਗੁਰਦੁਆਰਾ ਨਾਨਕਸਰ ਦੇ ਨੇੜੇ ਉਨ੍ਹਾਂ ਸਟਰੀਟ ਲਾਈਟ ਪ੍ਰਾਜੈਕਟ ਦਾ ਉਦਘਾਟਨ ਕੀਤਾ ਅਤੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਿਆ ਜਿਥੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾ ਦਿੱਤਾ ਗਿਆ। ਉਹ ਲਗਪਗ 15 ਮਿੰਟ ਹੀ ਉੱਥੇ ਠਹਿਰੇ। ਉਨ੍ਹਾਂ ਨੇ ਇਸ ਪ੍ਰਾਜੈਕਟ ਬਾਰੇ ਵੀ ਮੀਡੀਆ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ। ਸਮਾਰਟ ਸਿਟੀ ਯੋਜਨਾ ਦੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਵੇਲੇ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਸਮਾਗਮ ਵਿੱਚ ਨਹੀਂ ਸਨ। ਸਮਾਗਮ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਗ਼ੈਰਹਾਜ਼ਰ ਸਨ।

Real Estate