ਭਾਰਤ ਪਾਕਿਸਤਾਨ ਵਪਾਰ ਕੀਤਾ ਗਿਆ ਮੁਅੱਤਲ

1146

ਜੰਮੂ-ਕਸ਼ਮੀਰ ‘ਤੇ ਭਾਰਤ ਦੇ ਫੈਸਲੇ ਤੋਂ ਮਗਰੋਂ ਪਾਕਿਸਤਾਨ ਨੇ ਭਾਰਤ ਨਾਲ ਕੂਟਨੀਤਕ ਸੰਬੰਧਾਂ ਨੂੰ ਵੀ ਘਟਾ ਲਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਭਾਰਤ ਦੇ ਨਾਲ ਦੁਵੱਲੇ ਵਪਾਰ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਉਹ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਲੈ ਕੇ ਜਾਵੇਗਾ।ਇਹ ਫੈਸਲਾ ਪਾਕਿ ਨੈਸ਼ਨਲ ਸਕਿਓਰਟੀ ਕਮੇਟੀ ਨੇ ਲਿਆ ਹੈ। ਦੱਸ ਦਈਏ ਕਿ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਦੀ ਧਾਰਾ 370 ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਨੂੰ ਮਿਲਿਆ ਖ਼ਾਸ ਸੂਬੇ ਦਾ ਦਰਜਾ ਵੀ ਖਤਮ ਹੋ ਗਿਆ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਵਿਚ ਵੰਡ ਦਿੱਤਾ ਗਿਆ ਹੈ। ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਜਾਣਗੇ।ਇਹ ਐਲਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਉਸ ਚੇਤਾਵਨੀ ਤੋਂ ਬਾਅਦ ਹੋਇਆ ਹੈ, ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ‘ਤੇ ਭਾਰਤ ਦੇ ਚੁੱਕੇ ਗਏ ਕਦਮ ਦੇ ਗੰਭੀਰ ਨਤੀਜੇ ਹੋਣਗੇ। ਨਿਊਜ਼ ਏਜੰਸੀ ਮੁਤਾਬਕ ਇਸਲਾਮਾਬਾਦ ਵਿਚ ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਇਮਰਾਨ ਖ਼ਾਨ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਅਹਿਮ ਫ਼ੈਸਲੇ ਲਏ ਗਏ।
ਪਹਿਲਾ ਫੈਸਲਾ ਇਹ ਕਿ ਭਾਰਤ ਦੇ ਨਾਲ ਕੂਟਨੀਤਕ ਸਬੰਧਾਂ ਨੂੰ ਘਟਾਇਆ ਜਾਵੇਗਾ। ਦੂਜਾ ਫੈਸਲਾ ਭਾਰਤ ਦੇ ਨਾਲ ਦੁਵੱਲੇ ਵਪਾਰ ਨੂੰ ਮੁਅੱਤਲ ਕਰਨ ਦਾ ਹੈ। ਤੀਜਾ ਫੈਸਲਾ ਭਾਰਤ ਦੇ ਨਾਲ ਦੁਵੱਲੇ ਰਿਸ਼ਤਿਆਂ ਅਤੇ ਸਮਝੌਤਿਆਂ ਦੀ ਸਮੀਖਿਆ ਕਰਨ ਦਾ ਹੈ। ਚੌਥਾ ਫੈਸਲਾ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਲਿਜਾਉਣ ਦਾ ਹੈ ਅਤੇ ਪੰਜਵਾਂ 14 ਅਗਸਤ ਨੂੰ ‘ਕਸ਼ਮੀਰੀਆਂ ਦੇ ਨਾਲ ਇੱਕਜੁੱਟਤਾ’ ਜ਼ਾਹਿਰ ਕਰਨੇ ਦਾ ਲਿਆ ਗਿਆ ਹੈ।

Real Estate