ਪੰਜਾਬੀ ਬੋਲੀ ਦਾ ਵਿਗਾੜਿਆ ਰੂਪ

2227

ਲੂਣ ਤੋਂ ਬਣਿਆ ਨਮਕ, ਸਾਉਣ ਤੋ ਸਾਵਨ ਤੇ ਮੀਂਹ ਬਣਿਆ ਬਰਸਾਤ

ਦਲਜੀਤ ਸਿੰਘ ਇੰਡਿਆਨਾ

ਸਾਲ 1966 ਵਿੱਚ ਪੰਜਾਬੀ ਸੂਬੇ ਦਾ ਗਠਨ ਪੰਜਾਬੀ ਬੋਲੀ ਦੇ ਆਧਾਰ ‘ਤੇ ਹੋਇਆ ਸੀ। ਬਹੁਤੇ ਪੰਜਾਬੀ ਬੋਲਦੇ ਇਲਾਕੇ ਇਸ ਵਿੱਚ ਸ਼ਾਮਲ ਕਰ ਦਿੱਤੇ ਗਏ, ਪਰ ਕਈ ਇਲਾਕੇ ਇਸ ਵਿੱਚ ਇਹ ਕਹਿ ਕੇ ਸ਼ਾਮਲ ਨਾ ਕੀਤੇ ਗਏ ਕਿ ਇੱਥੇ ਪੰਜਾਬੀ ਨਹੀਂ ਬੋਲੀ ਜਾਂਦੀ। ਬੋਲੀ ਦੇ ਆਧਾਰ ਉੱਤੇ ਬਣਾਏ ਮੌਜੂਦਾ ਪੰਜਾਬ ਵਿੱਚ ਅੱਧੀ ਸਦੀ ਬਾਅਦ ਵੀ ਪੰਜਾਬੀ ਬੋਲੀ ਬੇਆਸਰੀ ਹੈ। ਅੱਜ ਬਹੁਗਿਣਤੀ ਨਿੱਜੀ ਸਕੂਲਾਂ ਵਿੱਚ ਪੰਜਾਬੀ ਦੀ ਥਾਂ ਤੇ ਹਿੰਦੀ ਅੰਗ੍ਰੇਜੀ ਨੂੰ ਪਹਿਲ ਦਿੱਤੀ ਜਾਂਦੀ ਹੈ। ਘਰਾਂ ਵਿਚ ਬੋਲੀ ਜਾਂਦੀ ਪੰਜਾਬੀ ਦੇ ਵੀ ਬਹੁੱਤੇ ਸ਼ਬਦ ਹਿੰਦੀ ਦੇ ਰਲ ਗਏ ਹਨ, ਇਸ ਦੇ ਮੁੱਖ ਤੌਰ ਤੇ ਦੋ ਕਾਰਨ ਹਨ। ਪਹਿਲਾਂ ਟੈਲੀਵਿਜਨ ਤੇ ਚਲਦੇ ਹਿੰਦੀ ਨਾਟਕ ਜਿਹਨਾਂ ਨੇ ਘਰ ਦੀਆਂ ਔਰਤਾਂ ਅਤੇ ਬੱਚਿਆਂ ਦੀ ਪੰਜਾਬੀ ਵਿਚ ਹਿੰਦੀ ਰਲਾ ਦਿੱਤੀ ਹੈ। ਦੂਸਰਾ ਵੱਡਾ ਨੁਕਸਾਨ ਆਹ ਵੈਬ ਚੈਨਲਾਂ ਦੇ ਕੱਚ-ਘਰੜ ਪਤੱਰਕਾਰਾਂ ਨੇ ਕਰ ਦਿੱਤਾ। ਪਹਿਲੇ ਸਮੇਂ ਵਿੱਚ ਸਿਰਫ ਪੰਜਾਬੀ ਦੂਰਦਰਸ਼ਨ ਹੁੰਦਾ ਸੀ ਤੇ ਉੱਥੇ ਪੰਜਾਬੀ ਦੀ ਯੋਗਤਾ ਵਾਲੇ ਪੱਤਰਕਾਰ ਰੱਖੇ ਜਾਂਦੇ ਸਨ ਪਰ ਅੱਜ ਕਲ ਤਾਂ ਆਵਾ ਹੀ ਉਤਿਆ ਹੋਇਆ ਹੈ।ਹਰ ਅਖਬਾਰ ਵਾਲਿਆਂ ਨੇ ਆਪਣਾ ਵੈਬ ਚੈਨਲ ਸ਼ੁਰੂ ਕੀਤਾ ਹੈ, ਜਿਸ ਤੇ ਬਹੁੱਤੇ ਪਤੱਰਕਾਰਾਂ ਵਲੋ ਪ੍ਰੋਗ੍ਰਾਮ ਪੇਸ਼ ਕਰਨ ਵੇਲੇ ਪੰਜਾਬੀ ਭਾਸ਼ਾ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਜਿਸ ਨੂੰ ਸੁਣ ਕੇ ਬਹੁਤ ਗੁੱਸਾ ਆਉਂਦਾ ਹੈ।
ਪਿਛਲੇ ਕਈ ਦਿਨਾਂ ਤੋ ਮੈ ਇਹੋ ਜਿਹੇ ਸ਼ਬਦ ਇੱਕਠੇ ਕਰ ਰਿਹਾ ਸੀ, ਜੋ ਹਿੰਦੀ ਦੇ ਸ਼ਬਦ ਨੇ ਤੇ ਜਿਹਨਾਂ ਨੂੰ ਪੰਜਾਬੀ ਵਿਚ ਧੱਕੇ ਨਾਲ ਵਾੜ ਦਿੱਤਾ ਗਿਆ ਹੈ। ਜਿਸ ਨਾਲ ਪੰਜਾਬੀ ਬੋਲੀ ਦਾ ਮੂੰਹ-ਮੁਹਾਂਦਰਾਂ ਵਿਗੜ ਰਿਹਾ ਹੈ। ਇਹ ਸ਼ਬਦ ਸ਼ੋਸ਼ਲ ਮੀਡਿਆ ਤੇ ਵੀ ਲਿੱਖੇ ਜਾਂਦੇ ਹਨ। ਇਕੱਠੇ ਕੀਤੇ ਸ਼ਬਦਾਂ ਦਾ ਸੰਗਠਨ ਤੁਹਾਡੀ ਨਜਰ ਵਿੱਚ ਪੇਸ਼ ਹੈ:
*ਗਹਿਣੇ ਤੋਂ ਗਿਰਵੀ
*ਚੋਣਾਂ ਤੋਂ ਚੁਣਾਵ
*ਦਰਖਤ ਤੋ ਪੇੜ
*ਥੱਲੇ ਤੋਂ ਨੀਚੇ
*ਚੰਗੇ ਤੋ ਅੱਛੇ
*ਖੇਡ ਤੋ ਖੇਲ
*ਕਿਸੇ ਦਾ ਤੋ ਕਿਸੀ ਕਾ
*ਉੱਚਾ ਅਹੁਦਾ ਤੋ ਪਦ ਉਨਤ
*ਤਿੱਖੀ ਤੋ ਨੁਕੀਲੀ
*ਮਤਰੇਈ ਤੋ ਸੋਤੇਲੀ
*ਖਵਾਉਣ ਤੋ ਖਿਲਾਣ
*ਕੌੜੇ ਤੋ ਕੜਵਾ
*ਪੱਧਰ ਤੋ ਸਤਰ
*ਔਕੜ ਤੋ ਦਿੱਕਤ
*ਲੂਣ ਤੋਂ ਨਮਕ
*ਸਾਂਭ-ਸੰਭਾਲ ਤੋ ਰੱਖ-ਰਖਾਵ
*ਕਰੜੀ ਤੋ ਕੜੀ
*ਵਿਚਕਾਰ ਤੋ ਅਧੂਰਾ
*ਅਥਰੂ ਤੋ ਆਸੂ
*ਬੂਟਿਆਂ ਤੋ ਪੌਦੇ
*ਤਲੇ ਚੱਟਨੇ ਤੋ ਤਲਵੇ ਚੱਟਨੇ
*ਪਿਉਣ ਤੋ ਪਿਲਾਉਣ
*ਸਾਉਣ ਤੋ ਸਾਵਨ
*ਮੀਂਹ ਤੋ ਬਰਸਾਤ
*ਜਿਉਦਾ ਸਾੜ ਦੇਣਾ ਤੋ ਜਿੰਦਾ ਜਲਾ ਦੇਣਾ
*ਸੁਰੱਖਿਆ ਤੋ ਸੁਰਖ੍ਸਾ
*ਪਤਾ ਲੱਗਣਾ ਤੋ ਪਤਾ ਚਲਨਾ
*ਢਾਂਚਾ ਤੋ ਵਿਵਸਥਾ
*ਵੱਡਣ ਤੋ ਕੱਟਣ
*ਸਾਫ਼-ਸੁਥਰਾ ਤੋ ਸਵੱਛਤਾ
*ਵੜਨਾ ਤੋ ਘੁਸਨਾ
*ਨਿਆ ਤੋ ਇਨਸਾਫ
*ਗਵਾਚ ਗਿਆ ਤੋ ਖੋ ਗਿਆ
*ਕੰਧ ਤੋ ਦੀਵਾਰ
*ਲਗਾਤਾਰ ਤੋ ਨਿਰੰਤਰ
*ਘੜੀਸਨਾ ਤੋ ਘਟੀਸਨਾ
*ਏਲਾਨ ਕਰਨਾ ਤੋ ਘੋਸ਼ਿਤ ਕਰਨਾ
*ਗੱਭਰੂ ਤੋ ਯੁਵਾ
*ਸਹੁਲਤ ਤੋ ਸੁਭਿਦਾ
*ਚੁੰਕਣਾ ਤੋ ਸਤਰਕ
*ਦਾਖਲਾ ਤੋ ਪ੍ਰਵੇਸ਼
*ਸਾਰੀਆਂ ਤੋ ਤਮਾਮ
*ਦੁਖਿਆਰੀ ਤੋਂ ਪੀੜਿਤਾ
*ਸ਼ਹੀਦੀ ਤੋ ਬਲਿਦਾਨ
*ਪਾਖੰਡ ਤੋ ਢੋਗ
*ਜਿੱਤ ਤੋ ਵਿਜੈ
*ਉਮਰ ਤੋ ਆਯੂ
*ਇਨਾਮ ਤੋ ਖਿਤਾਬ
*ਡਿੱਗੀ ਹੋਈ ਤੋ ਗਿਰੀ ਹੋਈ
*ਹੱਲ ਤੋ ਸਮਾਧਾਨ
*ਭੈਣ ਜੀ ਤੋ ਦੀਦੀ
*ਭੂਆ ਤੋ ਬੂਆ
*ਭਾਜੀ ਤੋ ਪਾਜੀ
*ਚਾਚਾ ਜੀ ਤੋ ਚਾਚੂ

ਇਹ ਸਾਰੇ ਉਹ ਸ਼ਬਦ ਹਨ,ਜਿਹੜੇ ਹਰ ਰੋਜ ਕੱਚ ਘਰੜ ਪੱਤਰਕਾਰ ਰੇਡੀਉ ਤੇ ਟੀ ਵੀ  ਉੱਤੇ ਪ੍ਰੋਗਰਾਮ ਪੇਸ਼ ਕਰਨ ਵੇਲੇ,ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿਚ ਖਬਰ ਲਿੱਖਣ ਵੇਲੇ ਵਰਤਦੇ ਹਨ।ਮੈ ਇਹ ਛੋਟੀ ਜਿਹੀ ਕੋਸ਼ਿਸ਼ ਇਸ ਲਈ ਕੀਤੀ ਹੈ ਕਿ ਅਸੀ ਲਿੱਖਣ-ਬੋਲਣ ਵੇਲੇ ਆਪਣੀ ਜੁਬਾਨ ਪੰਜਾਬੀ ਵਿਚ ਨਿਖਾਰ ਲੈਕੇ ਆਈਏ। ਜੇਕਰ ਹਿੰਦੀ ਬੋਲਣੀ ਹੈ,ਉਹ ਸ਼ੁਧ ਬੋਲੋ ਜੇਕਰ ਪੰਜਾਬੀ ਬੋਲਣੀ ਹੈ ਤਾਂ ਉਹ ਵੀ ਸ਼ੁਧ ਬੋਲੀਏ ਅਤੇ ਲਿਖੀਏ।

Real Estate