ਓਰਬਿਟ ਬੱਸ ਥੱਲੇ ਆਏ ਚਾਰ ਨੌਜਵਾਨਾਂ ਦੀ ਮੌਤ

1374

ਮੁਕਤਸਰ-ਕੋਟਕਪੂਰਾ ਰੋਡ ‘ਤੇ ਸਥਿਤ ਟੋਲ ਪਲਾਜ਼ਾ ਕੋਲ ਬਾਦਲ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਓਰਬਿਟ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਅਮਨਦੀਪ ਸਿੰਘ ਪੁੱਤਰ ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ, ਜੁਗਰਾਜ ਸਿੰਘ ਪੁੱਤਰ ਮੇਜਰ ਸਿੰਘ ਤੇ ਗੁਰਮੁਖ ਸਿੰਘ ਪੁੱਤਰ ਤਾਰ ਸਿੰਘ ਵਜੋਂ ਹੋਈ ਹੈ। ਸਾਰੇ ਮ੍ਰਿਤਕ ਮੁਕਤਸਰ ਸਾਹਿਬ ਤੋਂ ਛੇ ਕੁ ਕਿਲੋਮੀਟਰ ਦੂਰ ਸਥਿਤ ਪਿੰਡ ਵੜਿੰਗ ਦੇ ਰਹਿਣ ਵਾਲੇ ਸਨ ਅਤੇ ਸ਼ਹਿਰ ਮਜ਼ਦੂਰੀ ਕਰਨ ਜਾ ਰਹੇ ਸਨ। ਬੱਸ ਅਬੋਹਰ ਤੋਂ ਲੁਧਿਆਣਾ ਜਾ ਰਹੀ ਸੀ। ਇਸ ਦੌਰਾਨ ਟੋਲ ਪਲਾਜ਼ਾ ਨੇੜੇ ਜਦੋ ਮੋਟਰਸਾਈਕਲ ਸਵਾਰ ਟਰਾਲੇ ਨੂੰ ਓਵਰਟੇਕ ਕਰ ਰਹੇ ਸਨ ਤਾਂ ਸਾਹਮਣਿਓਂ ਆ ਰਹੀ ਤੇਜ਼ ਰਫ਼ਤਾਰ ਓਰਬਿਟ ਬੱਸ ਨਾਲ ਟਕਰਾਅ ਗਏ। ਘਟਨਾ ਮਗਰੋਂ ਬੱਸ ਦੇ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇੱਕ ਹੋਰ ਹਾਦਸੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਦੇ 9ਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਨਿੱਜੀ ਸਕੂਲ ਦੀ ਵੈਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸਰਕਾਰੀ ਸਕੂਲ ‘ਚ ਗਣਿਤ ਮੇਲਾ ਲੱਗਿਆ ਹੋਇਆ ਹੈ, ਜਿਸ ‘ਚ ਪ੍ਰਾਈਵੇਟ ਸਕੂਲ ਦੀ ਇੱਕ ਵੈਨ ਵੀ ਵਿਦਿਆਰਥੀਆਂ ਨੂੰ ਲੈ ਕੇ ਪਹੁੰਚੀ ਹੋਈ ਸੀ। ਮੇਲਾ ਖ਼ਤਮ ਹੋਣ ਮਗਰੋਂ ਜਦੋਂ ਵੈਨ ਸਕੂਲ ‘ਚੋਂ ਵਾਪਸ ਜਾ ਰਹੀ ਸੀ ਤਾਂ ਸਰਕਾਰੀ ਸਕੂਲ ਦੇ ਕੁਝ ਵਿਦਿਆਰਥੀ ਸਾਈਕਲਾਂ ‘ਤੇ ਵੈਨ ਦੇ ਪਿੱਛੇ ਹੀ ਜਾ ਰਹੇ ਸਨ। ਸਕੂਲ ਦਾ ਗੇਟ ਉੱਚਾ ਹੋਣ ਕਰਕੇ ਵੈਨ ਵਾਪਸ ਪਿੱਛੇ ਆ ਗਈ ਅਤੇ ਚਾਲਕ ਕੋਲੋਂ ਬਰੇਕ ਵੀ ਨਾ ਲੱਗੀ। ਇਸ ਦੌਰਾਨ 9ਵੀਂ ਜਮਾਤ ਦਾ ਵਿਦਿਆਰਥੀ ਗੁਰਪਿਆਰ ਸਿੰਘ ਵੈਨ ਦੇ ਹੇਠਾਂ ਆ ਗਿਆ। ਹਾਦਸੇ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Real Estate