ਮਹਿਬੂਬਾ ਮੁਫਤੀ ਤੇ ਉਮਰ ਨੂੰ ਰਾਜ ਸਭਾ ‘ਚ ਬਿਲ ਪਾਸ ਹੁੰਦਿਆਂ ਹੀ ਕੀਤਾ ਗਿਆ ਗ੍ਰਿਫਤਾਰ

1145

ਮੋਦੀ ਸਰਕਾਰ ਵੱਲੋਂ ਰਾਜ ਸਭਾ ਵਿਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪਾਸ ਕਰਾਉਣ ਦੇ ਕੁਝ ਹੀ ਦੇਰ ਬਾਅਦ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਉਮਰ ਅਬਦੁਲਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।ਹੁਣ ਤੱਕ ਜੰਮੂ ਕਸ਼ਮੀਰ ਦੇ ਦੋਵੇਂ ਮੁੱਖ ਮੰਤਰੀਆਂ ਨੂੰ ਨਜ਼ਰ ਬੰਦ ਕੀਤਾ ਗਿਆ ਸੀ, ਪ੍ਰੰਤੂ ਰਾਜ ਸਭਾ ਵਿਚ ਕਾਰਵਾਈ ਖਤਮ ਹੁੰਦਿਆਂ ਹੀ ਮਹਿਬੂਬਾ ਮੁਫਤੀ ਅਤੇ ਉਮਰ ਅਬਦੁਲਾ ਸਮੇਤ ਦੋ ਹਰ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ। ਮਹਿਬੂਬਾ ਮੁਫਤੀ ਅਤੇ ਉਮਰ ਅਬਦੁਲਾ ਤੋਂ ਇਲਾਵਾ ਜੰਮੂ ਅਤੇ ਕਸ਼ਮੀਰ ਪੀਪਲਜ਼ ਕਾਨਫਰੰਸ ਦੇ ਆਗੂ ਸਜਾਦ ਲੋਨ ਅਤੇ ਇਮਰਾਨ ਅੰਸਾਰੀ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਪੀਡੀਪੀ ਆਗੂ ਮਹਿਬੂਬਾ ਮੁਫਤੀ ਨੂੰ ਦਿੱਤੇ ਗਏ ਇਕ ਨੋਟਿਸ ਵਿਚ ਸ੍ਰੀਨਗਰ ਦੇ ਕਾਰਜਕਾਰੀ ਮੈਜਿਸਟ੍ਰੇਟ ਨੇ ਕਿਹਾ ਕਿ ਉਨ੍ਹਾਂ ਨੂੰ ਹਿਰਾਸਤ ਵਿਚ ਇਸ ਲਈ ਲਿਆ ਗਿਆ ਹੈ ਕਿਉਂਕਿ ਉਨ੍ਹਾਂ ਦੀਆਂ ਗਤੀਵਿਧੀਆਂ ਨਾਲ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ।
ਮੋਦੀ ਸਰਕਾਰ ਵੱਲੋਂ ਆਰਟੀਕਲ 370 ਨੂੰ ਖਤਮ ਕਰਨ ਬਾਅਦ ਮਹਿਬੂਬਾ ਮੁਫਤੀ ਨੇ ਟਵੀਟ ਕਰਕੇ ਕਿਹਾ ਸੀ ਕਿ ਅੱਜ ਦਾ ਦਿਨ ਭਾਰਤੀ ਲੋਕਤੰਤਰ ਦਾ ਕਾਲਾ ਦਿਨ ਹੈ। ਨਾਲ ਹੀ ਉਨ੍ਹਾਂ ਸਰਕਾਰ ਦੇ ਇਸ ਕਦਮ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਸੀ।

Real Estate