ਡਾ. ਗਾਂਧੀ ਨੇ ਕੀਤੀ 370 ਹਟਾਉਣ ਦੀ ਨਿਖੇਧੀ

ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਬਿਆਨ ਜਾਰੀ ਕਰਦੇ ਹੋਏ ਭਾਜਪਾ ਸਰਕਾਰ ਵਲੋਂ ਧਾਰਾ 370 ਅਤੇ 35ਏ ਨੂੰ ਰੱਦ ਕਰਨ ਅਤੇ ਜੰਮੂ ਕਸ਼ਮੀਰ ਰਾਜ ਦੇ ਦੋ ਟੋਟੇ ਕਰਨ ਦੇ ਫੈਸਲੈ ਦੀ ਸਖਤ ਅਲੋਚਨਾ ਅਤੇ ਨਿਖੇਧੀ ਕੀਤੀ ਹੈ, ਜਿਸਨੂੰ ਉਹਨਾਂ ਨੇ ਜੰਮੂ ਕਸ਼ਮੀਰ ਰਾਜ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਫੈਡਰਲਿਜਮ ਦਾ ਵਿਰੋਧੀ ਅਤੇ ਜਮਹੂਰੀਅਤ ਵਿਰੋਧੀ ਕਦਮ ਕਰਾਰ ਦਿੱਤਾ ਹੈ ਜਿਸ ਨੇ ਸੂਬੇ ਦੇ ਲੋਕਾਂ ਨੂੰ ਲੋਕਤੰਤਰ ਵਿੱਚ ਸਿੱਧੀ ਸ਼ਮੂਲੀਅਤ ਤੋਂ ਵਾਂਝੇ ਕਰ ਦਿੱਤਾ ਹੈ।
ਆਪਣੀ ਵੱਡੀ ਬਹੁਗਿਣਤੀ ਦਾ ਲਾਹਾ ਲੈੱਦੇ ਹੋਏ ਭਾਜਪਾ ਸਰਕਾਰ ਉਹਨਾਂ ਸਾਰੀਆਂ ਸੰਸਥਾਵਾਂ ਅਤੇ ਕਦਰਾਂ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ ਜਿਸ ਲਈ ਭਾਰਤੀ ਜਮਹੂਰੀਅਤ ਇਸਦੇ ਹੋੰਦ ਵਿੱਚ ਆਉਣ ਤੋਂ ਲੈਕੇ ਹੁਣ ਤਕ ਜਾਣੀ ਜਾਂਦੀ ਰਹੀ ਹੈ। ਕਸ਼ਮੀਰੀ ਲੋਕਾਂ ਦੇ ਦਿਲ ਜਿੱਤਣ ਦੀ ਨੀਤੀ ਅਪਨਾਉਣ ਦੀ ਬਜਾਏ ਮਹਿਜ ਕਬਜਾ ਧਾਰੀ ਨੀਤੀ ਧਾਰਨ ਕਰਕੇ ਕੇੰਦਰ ਸਰਕਾਰ ਨੇ, ਆਪਣੇ ‘ਰਾਸ਼ਟਰਵਾਦੀ’ ਏਜੰਡੇ ਨੂੰ ਲਾਗੂ ਕਰਨ ਲਈ, ਜਾਬਰ ਅਤੇ ਅਨਿਆਈ ਕਦਮ ਚੁੱਕਿਆ ਹੈ। ਡਾਕਟਰ ਗਾਂਧੀ ਨੇ ਦਾਅਵਾ ਕੀਤਾ ਕਿ ਕੇਵਲ ਸ਼ਕਤੀਆਂ ਦਾ ਵਿਕੇੰਦਰੀਕਰਨ ਅਤੇ ਫੈਡਰਲਿਜਮ ਹੀ ਭਾਰਤੀ ਲੋਕਾਂ ਦੀ ਏਕਤਾ ਦੀ ਜਾਮਨੀ ਦੇ ਸਕਦਾ ਹੈ।
ਇਸ ਗੱਲ ਦੀ ਚਿੰਤਾ ਜਾਹਰ ਕਰਦੇ ਹੋਏ ਕਿ ਕੇੰਦਰ ਸਰਕਾਰ ਦੇ ਇਸਦੇ ਕਦਮ ਦੇ ਪੰਜਾਬ ਅਤੇ ਉੱਤਰ-ਪੂਰਬ ਸਮੇਤ ਦੂਜੇ ਰਾਜਾਂ ਲਈ ਭਿਆਨਕ ਸਿੱਟੇ ਨਿਕਲਣ ਦੀਆਂ ਸੰਭਾਵਨਾਵਾਂ ਦੇ ਮੱਦੇ ਨਜ਼ਰ, ਡਾਕਟਰ ਗਾਂਧੀ ਨੇ ਸਾਰੀਆਂ ਜਮਹੂਰੀ, ਫੈਡਰਲ ਅਤੇ ਧਰਮ ਨਿਰਪੱਖ ਸ਼ਕਤੀਆਂ ਨੂੰ ਇਸ ਸੰਕਟ ਦੀ ਘੜੀ ਵਿੱਚ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਇਸ ਸੰਕਟ ਦੀ ਘੜੀ ਵਿਚ ਖੜਨ ਦਾ ਸੱਦਾ ਦਿੱਤਾ ਹੈ ਜੱਦੋ ਕੁੱਢਰ ਕਦਮ ਨਾਲ ਉਹਨਾਂ ਦੀ ਪਹਿਚਾਣ, ਸੱਭਿਆਚਾਰ ਅਤੇ ਕਸ਼ਮੀਰੀਅਤ ਨੂੰ ਨੇਸਤਾ-ਨਾਬੂਤ ਕੀਤਾ ਜਾ ਰਿਹਾ ਹੈ।
ਕਸ਼ਮੀਰੀਅਤ ਦੀ ਵਿਆਖਿਆ ਕਰਦੇ ਹੋਏ ਡਾਕਟਰ ਗਾਂਧੀ ਨੇ ਅੱਗੇ ਕਿਹਾ ਕਿ ਕਸ਼ਮੀਰੀ ਪੰਡਤ ਇਸਦਾ ਅਟੁੱਟ ਅੰਗ ਹਨ ਅਤੇ ਕਸ਼ਮੀਰ ਦੇ ਹਰ ਵੰਨਗੀ ਦੇ ਨੇਤਾਵਾਂ ਨੂੰ ਕਸ਼ਮੀਰੀ ਪੰਡਤਾਂ ਨੂੰ ਗਲੇ ਲਗਾਉਣ ਅਤੇ ਕਸ਼ਮੀਰ ਵਿੱਚ ਮੁੜ ਸਥਾਪਤ ਕਰਨ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ ।

Real Estate