ਕਸ਼ਮੀਰ ਬਾਰੇ ….. ਲਾਈਕ ਭਾਂਵੇ ਨਾ ਕਰੋ ਪਰ ਪੜ੍ਹੋ …..

2083

#ਲਵਪ੍ਰੀਤ_ਸਿੰਘ_ਫੇਰੋਕੇ

ਬਜ਼ੁਰਗਾਂ ਤੋਂ ਸੁਣਦਾ ਸਾਂ ਕਿ ਜਦ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭਾਰਤੀ ਫੌਜ ਨੇ ਹਮਲਾ ਕੀਤਾ ਸੀ ਤਾਂ ਬਹੁਗਿਣਤੀ ਅਜਿਹੀ ਸੀ ਜਿੰਨ੍ਹਾਂ ਲੱਡੂ ਵੰਡ,ਭੰਗੜੇ ਪਾ ਖੁਸ਼ੀਆਂ ਮਨਾਈਆਂ ਸੀ ….

ਜਦ ਫ਼ਿਰਕੂ ਜਨੂੰਨੀਆਂ ਵੱਲੋਂ ਬਾਬਰੀ ਮਸਜਿਦ ਢਾਹੀ ਗਈ ਸੀ ਤਾਂ ਇਸੇ ਮਾਨਸਿਕਤਾ ਦੇ ਲੋਕ ਤਦ ਵੀ ਢੋਲ ਵਜਾ ਕੇ ਖੁਸ਼ੀਆਂ ਮਨਾ ਰਹੇ ਸਨ

ਅੱਜ ਕਸ਼ਮੀਰ ਬਾਰੇ ਇੱਕ ਫੈਸਲਾ ਆਇਆ ਹੈ ਕਿ ਉਥੋਂ ਦੇ ਲੋਕਤੰਤਰ ਦਾ ਬਚਿਆ-ਖੁਚਿਆ ਅਧਾਰ ਜੋ ਧਾਰਾ370 ਅਤੇ 35A ਸੀ, ਉਸਦਾ ਭੋਗ ਪਾ ਦਿੱਤਾ ਗਿਆ ਹੈ… ਹੋਰ ਤਾਂ ਹੋਰ ਭਾਰਤ ਵਿੱਚ ਹੁਣ 29 ਦੀ ਬਜਾਏ ਸਿਰਫ਼ 28 ਹੀ ਸੂਬੇ ਰਹਿ ਗਏ ਹਨ ਕਿਓਂਕਿ ਕਸ਼ਮੀਰ ਤੋਂ “ਸੂਬਾ” ਹੋਣ ਦਾ ਹੱਕ ਵੀ ਖੋਹ ਲਿਆ ਗਿਆ ਹੈ, ਨਾਲ ਹੀ ਕਸ਼ਮੀਰ ਦੇ ਵੀ ਦੋ ਟੋਟੇ ਕਰਕੇ ਲੱਦਾਖ ਨੂੰ ਵੱਖਰੀ UT ਭਾਵ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ ਅਤੇ ਜੰਮੂ-ਕਸ਼ਮੀਰ ਨੂੰ ਵੱਖਰਾ ….

ਅੱਜ ਵੀ ਬਹੁਗਿਣਤੀ ਖੁਸ਼ੀਆਂ ਮਨਾ ਰਹੀ ਹੈ …. ਬਹੁਗਿਣਤੀ ਤੋਂ ਮੇਰਾ ਭਾਵ ਮਹਿਜ਼ ਹਿੰਦੂਆਂ ਦਾ ਵਿਰੋਧ ਨਹੀਂ ਕਿਉਂਕਿ ਕੁਛ ਕੁ ਅਜਿਹੇ ਹਿੰਦੂ ਵੀ ਹਨ ਜੋ ਕਸ਼ਮੀਰੀ ਲੋਕਾਂ ਨਾਲ ਖੜਦਿਆਂ ਸਰਕਾਰ ਦਾ ਵਿਰੋਧ ਕਰ ਰਹੇ ਹਨ ਗੱਲ ਫਿਰਕਾਪ੍ਰਸਤਾਂ ਅਤੇ ਅਖੌਤੀ ਦੇਸ਼ ਭਗਤਾਂ ਦੀ ਹੈ।

ਜਿਨ੍ਹਾਂ ਨੂੰ ਅੱਜ ਚਾਅ ਚੜ੍ਹਿਆ ਹੋਇਆ ਹੈ …. ਮੈਂ ਗੱਲ ਉਹਨਾਂ ਨਾਲ ਕਰਨੀ ਹੈ …. ਬਾਹਰਲੇ ਸੂਬਿਆਂ ਆਲਿਆਂ ਨਾਲ ਨਹੀਂ ….. ਪੰਜਾਬ ਆਲਿਆਂ ਨਾਲ ….. ਜੋ ਜਾਣੇ-ਅਣਜਾਣੇ ਸਰਕਾਰ ਦੇ ਇਸ ਫੈਸਲੇ ਦੇ ਹੱਕ ‘ਚ ਖੜਕੇ ਆਪਣੇ ਲਈ ਕੰਡੇ ਬੀਜ ਰਹੇ ਨੇ …. ਪੈਰੀਂ ਕੁਹਾੜੀ ਮਾਰ ਰਹੇ ਨੇ … !!

ਓਏ ਭੋਲ਼ੇ ਪੰਛੀਓ …. ਸੋਚ ਕੇ ਵੇਖੋ …. ਮੰਨ ਲਵੋ ਕਿ ਕਿਸੇ ਇੱਕ ਰਾਤ ਨੂੰ ਅਚਾਨਕ ਸਾਰੇ ਪੰਜਾਬ ਦੇ ਹਰ ਘਰ ਦੇ ਬਾਹਰ ਫੌਜ ਹੀ ਫ਼ੌਜ ਹੋਵੇ …. ਆਪਾਂ ਸਭ ਪੰਜਾਬ ਵਾਸੀਆਂ ਨੂੰ ਘਰੋ-ਘਰੀ ਨਜ਼ਰਬੰਦ ਕਰ ਦਿੱਤਾ ਜਾਵੇ। ਸੂਬਾ ਸਰਕਾਰ ਨੂੰ ਭੰਗ ਕਰ ਦਿੱਤਾ ਜਾਵੇ ਅਤੇ ਇੰਟਰਨੈੱਟ, ਸਕੂਲ, ਕਾਲਜ, ਟੈਲੀਫ਼ੋਨ,ਅਖ਼ਬਾਰ ਸਭ ਬੰਦ ਕਰ ਦਿੱਤਾ ਜਾਵੇ। ਧਾਰਾ 144 ਐਲਾਨ ਕੇ ਕਰਫਿਊ ਦਾ ਐਲਾਨ ਹੋ ਜਾਵੇ ਅਤੇ ਘਰੋਂ ਬਾਹਰ ਨਿਕਲਣ ‘ਤੇ ਸਿੱਧੀ ਗੋਲ਼ੀ ਵੱਜਣੀ ਹੋਵੇ …. ਤੜਕੇ ਨੂੰ ਐਲਾਨ ਹੋ ਜਾਵੇ ਕਿ ਪੰਜਾਬ ਨਾਮ ਦਾ ਇਹ ਸੂਬਾ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਇਸਦੀ ਪੁਲਿਸ ਅਤੇ ਪ੍ਰਸ਼ਾਸਨ ਸਿੱਧਾ ਦਿੱਲ੍ਹੀ ਦੀ ਕੇਂਦਰ ਸਰਕਾਰ ਅਧੀਨ ਹੋਵੇਗਾ। …. ਕਿਸੇ ਸੂਬੇ ਦੇ ਵਾਸੀਆਂ ਦੀ ਹੋਣੀ ਦਾ ਇਓਂ ਫੈਸਲਾ ਹੋ ਗਿਆ ਹੋਵੇ ਪਰ ਓਥੋਂ ਦੇ ਲੋਕਾਂ ਦੀ ਮਰਜ਼ੀ ਤਾਂ ਛੱਡੋ ਉਹਨਾਂ ਨੂੰ ਜਾਣਕਾਰੀ ਤੱਕ ਨਾ ਹੋਵੇ ਕਿ ਹੋ ਕੀ ਗਿਆ ਅਚਾਨਕ ਸਾਡੇ ਨਾਲ ਕਿਉਂਕਿ ਖ਼ਬਰ ਪੁੱਜਣ ਦੇ ਸਭ ਸਾਧਨ ਬੰਦ ਹੋਣ ….. ਪਰ ਦੇਸ਼ ਇਸਦੇ ਜਸ਼ਨ ਮਨਾ ਰਿਹਾ ਹੋਵੇ ਤਾਂ ਸੋਚਿਓ ਕਿ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਵੇਗਾ ….. !!!???? ਫਿਰ ਹੁਣ ਕਸ਼ਮੀਰ ਦੇ ਲੋਕਾਂ ਦੀ ਹਾਲਤ ਬਾਰੇ ਸੋਚ ਕੇ ਵੇਖੋ ….. !!!!

ਤੁਸੀਂ ਆਖੋਗੇ ਕਿ ਉਹ ਤਾਂ ਫ਼ੌਜ ਨੂੰ ਪੱਥਰ ਮਾਰਦੇ ਹਨ,ਭਾਰਤ ਨੂੰ ਨਫ਼ਰਤ ਕਰਦੇ ਹਨ ਇਸ ਲਈ ਉਹਨਾਂ ਨਾਲ ਇਹ ਹੋਇਆ ….. ਪਰ ਸੋਚੋ ਕਿ ਜਦ ਪਤਾ ਹੋਵੇ ਕਿ ਪੱਥਰ ਦਾ ਜਵਾਬ ਨਿਸ਼ਚਿਤ ਰੂਪ ਵਿੱਚ ਗੋਲ਼ੀ ਹੋਵੇਗਾ ਪਰ ਫਿਰ ਵੀ ਲੋਕ ਇਹ ਕਰਨ ਲਈ ਮਜ਼ਬੂਰ ਹਨ ਤਾਂ ਕੋਈ ਤਾਂ ਕਾਰਨ ਹੋਣਗੇ ਹੀ ਨਾ …… ਕਸ਼ਮੀਰ ਵਿੱਚ ਹੁਣ ਤੱਕ ਲੱਖਾਂ ਕਸ਼ਮੀਰੀਆਂ ਦਾ ਕਤਲੇਆਮ ਹੋ ਚੁੱਕਾ ਹੈ ਪਰ ਸਰਕਾਰ ਲਈ ਵਿਰੋਧ ਨੂੰ ਦਬਾਉਣਾ ਅਜੇ ਵੀ ਬਹੁਤ ਔਖਾ ਹੈ ….. ਕਾਰਨ ਜਾਂਣਨ ਲੱਗੋਗੇ ਤਾਂ ਦੰਗ ਰਹਿ ਜਾਵੋਗੇ ….

1947 ਵਿੱਚ ਕਸ਼ਮੀਰ ਇੱਕ ਅਜ਼ਾਦ ਰਿਆਸਤ ਸੀ ਅਤੇ ਇੱਥੋਂ ਦਾ ਰਾਜਾ ਹਰੀ ਸਿੰਘ ਸੀ। ਅੰਗਰੇਜ਼ ਭਾਰਤ ਛੱਡ ਕੇ ਗਏ ਪਰ ਉਹਨਾਂ ਕੁਛ ਰਿਆਸਤਾਂ ਜੋ ਰਾਜਿਆਂ ਅਧੀਨ ਸੀ,ਨੂੰ ਫ਼ੈਸਲੇ ਦਾ ਅਧਿਕਾਰ ਦੇ ਦਿੱਤਾ ਕਿ ਉਹ ਭਾਰਤ,ਪਾਕਿਸਤਾਨ ਜਾਂ ਅਲੱਗ ਮੁਲਕ ਜਿਵੇਂ ਚਾਹੁਣ ਰਹਿ ਸਕਦੀਆਂ ਹਨ। ਕਸ਼ਮੀਰ ਨੇ ਆਜ਼ਾਦ ਰਹਿਣ ਦਾ ਫੈਸਲਾ ਕੀਤਾ ਪਰ 1948 ‘ਚ ਹੀ ਪਾਕਿਸਤਾਨ ਸਰਕਾਰ ਨੇ ਕਸ਼ਮੀਰ ਨੂੰ ਹਥਿਆਉਣ ਲਈ ਬਦਮਾਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ,ਕੁਛ ਕੁ ਹਿੱਸੇ ‘ਤੇ ਪਾਕਿਸਤਾਨ ਨੇ ਕਬਜ਼ਾ ਵੀ ਕਰ ਲਿਆ ਜਿਸਨੂੰ ਅੱਜ POK ਆਖਦੇ ਹਨ ਅਤੇ ਸਮੁੱਚੇ ਕਸ਼ਮੀਰ ‘ਤੇ ਪਾਕਿ ਦੇ ਕਬਜ਼ੇ ਦੇ ਡਰੋਂ ਕਸ਼ਮੀਰ ਦੇ ਰਾਜਾ ਹਰੀ ਸਿੰਘ ਨੇ ਭਾਰਤੀ ਪ੍ਰਧਾਨ ਮੰਤਰੀ ਨਹਿਰੂ ਨੂੰ ਸਹਾਇਤਾ ਲਈ ਬੇਨਤੀ ਕੀਤੀ ਪਰ ਨਹਿਰੂ ਹੁਰਾਂ ਇਸ ਸ਼ਰਤ ‘ਤੇ ਸਹਾਇਤਾ ਦਿੱਤੀ ਕਿ ਕਸ਼ਮੀਰ ਨੂੰ ਭਾਰਤ ਵਿੱਚ ਮਿਲਾ ਦਿਓ ਪਰ ਇਸਨੂੰ ਮੰਨਣਾ ਸਿਰਫ਼ ਓਥੋਂ ਦੇ ਰਾਜਾ ਦਾ ਫ਼ੈਸਲਾ ਸੀ। ਹਾਲਾਂਕਿ ਇਹ ਗੱਲ ਯਾਦ ਰੱਖਣ ਯੋਗ ਹੈ ਕਿ ਰਾਜਾ ਹਰੀ ਸਿੰਘ ਹਿੰਦੂ ਸੀ ਪਰ ਕਸ਼ਮੀਰ ਦੀ ਬਹੁਗਿਣਤੀ ਪਰਜਾ ਮੁਸਲਮਾਨ। ਤਾਂ ਭਾਰਤ ਵਿੱਚ ਕਸ਼ਮੀਰ ਰਿਆਸਤ ਨੂੰ ਮਿਲਾਉਣ ਦੇ ਨਾਲ ਹੀ ਇਹ ਫ਼ੈਸਲਾ ਲਿਆ ਗਿਆ ਕਿ ਮਗਰਲੇ (10) ਸਾਲਾਂ ਵਿੱਚ ਲੋਕਾਂ ਦੀ ਰਾਏ ਸ਼ੁਮਾਰੀ ਕਰਵਾ ਕੇ ਫੈਸਲਾ ਲਿਆ ਜਾਵੇਗਾ ਕਿ ਉਹ ਕਿਸ ਨਾਲ ਰਹਿਣਾ ਚਾਹੁੰਦੇ ਹਨ ਪਰ ਭਾਰਤ ਸਰਕਾਰ ਟਲਦਿਆਂ-ਟਲਦਿਆਂ ਇਸ ਰਾਏ ਸ਼ੁਮਾਰੀ ਦੇ ਆਪਣੇ ਹੀ ਫ਼ੈਸਲੇ ਤੋਂ ਮੁੱਕਰ ਗਈ।

ਪਰ ਇਸ ਸਬੰਧੀ ਮੰਗ ਕਰਨ ਵਾਲੀਆਂ ਵਿਰੋਧੀ ਅਵਾਜ਼ਾਂ ਨੂੰ ਤਾਕਤ ਦੇ ਦਮ ‘ਤੇ ਦਬਾਉਣ ਦਾ ਕਾਲਾ ਇਤਿਹਾਸ ਸ਼ੁਰੂ ਹੋਇਆ ਜੋ ਅੱਜ ਤੱਕ ਜਾਰੀ ਹੈ। ਇਸ ਦੌਰਾਨ ਅਫਸਫਾ ਵਰਗੇ ਕਾਲੇ ਕਾਂਨੂੰਨ ਲਿਆਂਦੇ ਗਏ ਜਿਸ ਅਨੁਸਾਰ ਫੌਜ ਨੂੰ ਕਿਸੇ ਵੀ ਕਸ਼ਮੀਰੀ ਨੂੰ ਮਹਿਜ਼ ਸ਼ੱਕ ਦੇ ਅਧਾਰ ਤੇ ਗ੍ਰਿਫਤਾਰ ਕਰਨ ਅਤੇ ਕਤਲ ਕਰਨ ਤੱਕ ਦਾ ਅਧਿਕਾਰ ਸ਼ਾਮਿਲ ਹੈ। ਕਸ਼ਮੀਰੀ ਅਵਾਮ ਉੱਪਰ ਸਰਕਾਰੀ ਜ਼ਬਰ,ਔਰਤਾਂ ਦੇ ਸਮੂਹਿਕ ਬਲਾਤਕਾਰਾਂ ਅਤੇ ਲੋਕਤੰਤਰ ਦੇ ਨਾਮ ‘ਤੇ ਜਾਅਲੀ ਵੋਟਿੰਗ,ਜਾਅਲੀ ਆਗੂ,ਦਿੱਲ੍ਹੀ ਦੀਆਂ ਗਦਾਰੀਆਂ ਅਤੇ ਅਜਿਹੀਆਂ ਹੀ ਦਿਲ ਹਲੂਣ ਦੇਣ ਵਾਲੀਆਂ ਘਟਨਾਵਾਂ ਦੀ ਲੰਮੀ ਲਿਸਟ ਮੌਜੂਦ ਹੈ ਜੋ ਲਿਖਣ ਲੱਗ ਜਾਵਾਂ ਤਾਂ ਗੱਲ ਬਹੁਤ ਜ਼ਿਆਦਾ ਲੰਮੀ ਹੋ ਜਾਵੇਗੀ …… ਕਸ਼ਮੀਰ ‘ਚ ਹਰ ਤਿਉਹਾਰ ਅਤੇ 15 ਅਗਸਤ ਜਾਂ 26 ਜਨਵਰੀ ਦਾ ਮਤਲਬ ਵੀ ਕਰਫਿਊ ਹੀ ਹੁੰਦਾ ਹੈ ਜਿਸ ‘ਚ ਲੋਕਾਂ ਨੂੰ ਆਪਣੇ ਹੀ ਘਰਾਂ ‘ਚ ਨਜ਼ਰਬੰਦ ਕਰ ਲਿਆ ਜਾਂਦਾ ਹੈ ਤਾਂਕਿ ਉਹ ਸਰਕਾਰ ਦਾ ਵਿਰੋਧ ਨਾ ਕਰਨ। ਉਹਨਾਂ ਦੀਆਂ ਤਾਂ ਪੀੜੀਆਂ ਬੀਤ ਗਈਆਂ ਇਉਂ ਬੰਦੂਕਾਂ ਦੇ ਸਾਏ ਹੇਠ ਪਲ ਪਲ ,ਡਰ ਡਰ ਕੇ ਜਿਊਂਦਿਆਂ ….. ਕੋਈ ਪਤਾ ਨਹੀਂ ਕਿਧਰੋਂ ਗੋਲੀ ਆ ਵੱਜੇ …..

ਚਲੋ ਰਾਏ ਸ਼ੁਮਾਰੀ ਨਾ ਸਹੀ ਪਰ ਧਾਰਾ370 ਤੇ 35A ਅਜਿਹੀ ਧਾਰਾ ਸੀ ਜੋ ਬੇਸ਼ੱਕ ਹਕੂਮਤ ਨੇ ਕਦੇ ਵੀ ਚੱਜ ਨਾਲ ਲਾਗੂ ਨਹੀਂ ਹੋਣ ਦਿੱਤੀ ਪਰ ਫਿਰ ਵੀ ਇਹ ਜੇ ਠੀਕ ਤਰ੍ਹਾਂ ਲਾਗੂ ਹੁੰਦੀ ਤਾਂ ਕਸ਼ਮੀਰੀ ਲੋਕ ਭਾਰਤ ਵਿੱਚ ਹੀ ਆਜ਼ਾਦੀ ਦਾ ਨਿੱਘ ਮਾਣ ਸਕਦੇ ਸਨ ਕਿਉਂਕਿ ਇਸ ਅਨੁਸਾਰ ਇਸ ਖੇਤਰ ਨੂੰ ਕੁੱਛ ਵਿਸ਼ੇਸ਼ ਹੱਕ ਮਿਲੇ ਹੋਏ ਸਨ ਜਿਸ ਤਹਿਤ ਇਹ ਕੇਂਦਰ ਨੂੰ ਬਹੁਤ ਪੱਖਾਂ ਤੋਂ ਮੰਨਣ ਦਾ ਪਾਬੰਦ ਨਹੀਂ ਸੀ …… ਪਰ ਭਾਜਪਾ ਨੇ ਅੱਜ ਇਸਨੂੰ ਖ਼ਤਮ ਕਰ ਦਿੱਤਾ ਹੈ।

ਬਹੁਤੇ ਲੋਕਾਂ ਨੂੰ ਸਾਰੇ ਮਸਲੇ ਦੀ ਜਾਣਕਾਰੀ ਹੀ ਨਹੀਂ ਹੈ ਪਰ ਓਹਨਾ ਨੂੰ ਲੱਗਦਾ ਹੈ ਕਿ ਇਸ ਫੈਸਲੇ ਦੀ ਹਮਾਇਤ ਨਾਲ ਉਹ ਆਪਣੀ ਦੇਸ਼ ਭਗਤੀ ਸਾਬਿਤ ਕਰ ਰਹੇ ਹਨ ਪਰ ਅਜਿਹਾ ਨਹੀਂ ਹੈ ਕਿਉਂਕਿ ਇਸ ਮਸਲੇ ਨੂੰ ਦੇਸ਼ ਭਗਤੀ ਅਤੇ ਰਾਸ਼ਟਰਵਾਦ ਨਾਲ ਜੋੜਨਾ ਭਾਜਪਾ RSS ਦਾ ਪ੍ਰਾਪੇਗੰਡਾ ਹੈ ਜੋ ਭਿਗਿਣਤੀ ਨੂੰ ਭੜਕਾ ਕੇ ਸਿਰਫ਼ ਵੋਟਾਂ ਹਥਿਆਉਣ ਅਤੇ ਸੱਤਾ ਨੂੰ ਸਲਾਮਤ ਰੱਖਣ ਲਈ ਹੈ।

ਜਦਕਿ ਅਸਲੀਅਤ ਵਿੱਚ ਇਹ ਫ਼ੈਸਲਾ ਲੋਕਤੰਤਰ ਅਤੇ ਭਾਰਤੀ ਸੰਵਿਧਾਨ ਦੇ ਹੀ ਵਿਰੋਧੀ ਹੈ। ਇਸ ਨਾਲ ਕਸ਼ਮੀਰ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਸਗੋਂ ਸਮੱਸਿਆ ਹੋਰ ਵਧੇਗੀ ਕਿਉਂਕਿ ਜਿੱਥੇ ਜਿੱਥੇ ਵੀ ਲੋਕਾਂ ਨੂੰ ਜ਼ਬਰ ਨਾਲ ਦਬਾਇਆ ਜਾਂਦਾ ਹੈ,ਉੱਥੇ ਉੱਥੇ ਹੀ ਉਹ ਸਪਰਿੰਗ ਵਾਂਗ ਉੱਪਰ ਨੂੰ ਉੱਠਦੇ ਹਨ।

ਫਿਰ ਕਸ਼ਮੀਰ ਮਹਿਜ਼ ਇੱਕ ਧਰਤੀ ਦਾ ਟੁਕੜਾ ਨਹੀਂ ਹੈ ਸਗੋਂ ਉਥੇ ਹੱਡ ਮਾਸ ਦੇ ਲੋਕ ਵਸਦੇ ਹਨ। ਇਸ ਲਈ ਭਾਰਤ ਨੂੰ ਜੇਕਰ ਕਸ਼ਮੀਰ ਚਾਹੀਦਾ ਹੈ ਤਾਂ ਸਭ ਤੋਂ ਪਹਿਲਾਂ ਕਸ਼ਮੀਰੀਆਂ ਦਾ ਦਿਲ ਜਿੱਤਣ ਦੀ ਲੋੜ ਸੀ ਨਾਂ ਕਿ ਉਹਨਾਂ ਨੂੰ ਇਓਂ ਤਾਕਤ ਦੇ ਜ਼ੋਰ ਨਾਲ ਦਬਾਉਣ ਦੀ …. !!!

ਇਸ ਫੈਸਲੇ ਨਾਲ ਜਿੱਥੇ ਕਸ਼ਮੀਰੀਆਂ ਵਿੱਚ ਭਾਰਤ ਪ੍ਰਤੀ ਨਫ਼ਰਤ ਹੋਰ ਵਧੇਗੀ,ਉਥੇ ਹੀ ਪਾਕਿਸਤਾਨ ਹਕੂਮਤ ਅਤੇ ਓਧਰਲੇ ਦਹਿਸ਼ਤਗਰਦਾਂ ਨੂੰ ਵੀ ਆਪਣੀਆਂ ਕਾਰਵਾਈਆਂ ਕਰਨ ਦਾ ਮੌਕਾ ਮਿਲੇਗਾ ਜਿਸ ਦੀ ਜ਼ਿੰਮੇਵਾਰ ਇਹ ਮੋਦੀ ਸਰਕਾਰ ਹੀ ਹੋਵੇਗੀ।

ਇਸ ਫ਼ੈਸਲੇ ਨਾਲ ਉੱਥੋਂ ਦੇ ਸਥਾਨਕ ਲੋਕਾਂ ਉੱਪਰ ਜ਼ਬਰ ਵੀ ਵਧੇਗਾ ਜਿਸ ਕਾਰਣ ਹੋਰ ਅਸ਼ਾਂਤੀ ਫ਼ੈਲੇਗੀ ….. ਬਾਕੀ ਅੱਜ ਚਾਅ ਕਰਨ ਵਾਲਿਓ ਮੋਦੀ ਦੀ ਨੋਟਬੰਦੀ ਵਾਂਗ ਇਹ ਨੀਤੀ ਵੀ ਲੋਕ ਵਿਰੋਧੀ ਹੀ ਹੈ ਪਰ ਤੁਹਾਨੂੰ ਸ਼ਾਇਦ ਅਜੇ ਸਮਝ ਨਹੀਂ ਅਵੇਗੀ।

ਬਹੁਤੇ ਵਿਰੋਧੀ ਦਲ ਭੀੜ ਅਤੇ ਵੋਟਾਂ ਦੇ ਲਾਲਚ ਮਾਰੇ ਲੋਕ ਵਿਰੋਧ ਤੋੰ ਡਰਦਿਆਂ ਸਰਕਾਰ ਦੇ ਹੱਕ ‘ਚ ਖੜ ਗਏ ਹਨ ਪਰ ਤਾਮਿਲਨਾਡੂ ਦੀ ਡੀ. ਐੱਮ.ਕੇ.,ਕੁਛ ਖੱਬਿਆਂ ਅਤੇ ਯੋਗੇਂਦਰ ਯਾਦਵ ਦੀ ਸਵਰਾਜ ਇੰਡੀਆ ਪਾਰਟੀ ਜਾਂ ਹੋਰ ਜਿੰਨ੍ਹਾਂ ਨੇ ਵੀ ਵੋਟਾਂ ਅਤੇ ਲੋਕ ਵਿਰੋਧ ਦਾ ਡਰ ਪਾਸੇ ਕਰਦਿਆਂ ਵਗਦੇ ਪਾਣੀਆਂ ਦੇ ਉਲਟ ਚੱਲ ਕੇ ਅੱਜ ਕਸ਼ਮੀਰੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ,ਉਹਨਾਂ ਸਭ ਨੂੰ ਸਲਾਮ ਕਿਉਂਕਿ ਕੇਂਦਰ ਜੇ ਇਉਂ ਈ ਬੇਲਗਾਮ ਹੋ ਜਾਵੇਗਾ ਤਾਂ ਇੱਥੇ ਮਹਿਜ਼ ਨਾਮ ਦਾ ਲੋਕਤੰਤਰ ਵੀ ਨਹੀਂ ਬਚੇਗਾ ਅਤੇ ਰਾਜ ਵੀ ਕੇਂਦਰ ਦੀਆਂ ਕਠਪੁਤਲੀਆਂ ਬਣ ਕੇ ਹੀ ਰਹਿ ਜਾਣਗੇ ……

ਇਹ ਗੱਲ ਵੀ ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਬਹੁਤੇ ਲੋਕਲ ਆਗੂਆਂ ਨੇ ਵੀ ਕਸ਼ਮੀਰ ਦੀ ਭੋਲੀ ਭਾਲੀ ਅਵਾਮ ਨਾਲ ਧੋਖਾ ਹੀ ਕੀਤਾ ਹੈ ਅਤੇ ਉਹਨਾਂ ‘ਚੋਂ ਬਹੁਤਿਆਂ ਦੇ ਆਵਦੇ ਜਵਾਕ ਚੰਗੀਆਂ ਨੌਕਰੀਆਂ ‘ਤੇ ਸੈੱਟ ਹਨ ਪਰ ਉਹ ਲੋਕਾਂ ਨੂੰ ਵਰਗਲਾ ਕੇ ਮਰਵਾਉਂਦੇ ਰਹੇ ਅਤੇ ਮਸਲਾ ਹੱਲ ਕਰਨ ਲਈ ਕਦੇ ਵੀ ਗੰਭੀਰ ਨਹੀਂ ਹੋਏ। ਹੋਏ ਹੁੰਦੇ ਤਾਂ ਅੱਜ ਹਾਲਾਤ ਇੱਥੋਂ ਤੱਕ ਨਾ ਪਹੁੰਚਦੇ … ਪਰ ਜਨਤਾ ਹਰ ਪਾਸੇ ਮਰ ਰਹੀ ਹੈ …. ਆਉਣ ਵਾਲੇ ਦਿਨਾਂ ਵਿੱਚ ਮੁੜ ਵੱਡੇ ਪੱਧਰ ‘ਤੇ ਕਸ਼ਮੀਰੀਆਂ ਦਾ ਘਾਣ ਹੋਣ ਜਾ ਰਿਹਾ ਹੈ ….

ਅੱਜ ਕਸ਼ਮੀਰ ਮਸਲੇ ਦਾ ਹੱਲ ਸਿਰਫ਼ ਗੱਲਬਾਤ ਨਾਲ ਹੀ ਸੰਭਵ ਸੀ ਜਿਸ ‘ਚ “ਕਸ਼ਮੀਰੀਅਤ-ਇਨਸਾਨੀਅਤ-ਜਮਹੂਰੀਅਤ” ਤਿੰਨ ਨੁਕਤਿਆਂ ਨੂੰ ਤਰਜੀਹ ਦਿੱਤੀ ਜਾਂਦੀ। ਕਸ਼ਮੀਰੀਅਤ ਵਿੱਚ ਹਰ ਕਸ਼ਮੀਰੀ ਸ਼ਾਮਿਲ ਹੈ,ਭਾਵ ਕਸ਼ਮੀਰੀ ਪੰਡਿਤ ਵੀ। ਕਸ਼ਮੀਰੀਆਂ ਨੂੰ ਜੇ ਭਾਰਤ ਵਿੱਚ ਹੀ ਆਜ਼ਾਦੀ ਦਾ ਅਹਿਸਾਸ ਕਰਵਾਇਆ ਜਾਵੇ ਤਾਂ ਉਹਨਾਂ ਨੂੰ ਭਾਰਤ ਤੋਂ ਆਜ਼ਾਦੀ ਦੀ ਲੋੜ ਹੀ ਮਹਿਸੂਸ ਨਾ ਹੋਵੇ ਪਰ ਅਜਿਹਾ ਕਸ਼ਮੀਰ ਤੋਂ ਪਹਿਲਾਂ ਕਸ਼ਮੀਰੀਆਂ ਨੂੰ ਆਪਣਾ ਮੰਨਕੇ ਗਲੇ ਲਗਾਉਣ ਨਾਲ ਹੋਵੇਗਾ ਪਰ ਕੇਂਦਰ ਹਕੂਮਤ ਗਲੇ ਲਗਾਉਣ ਦੀ ਬਜਾਏ ਕਸ਼ਮੀਰੀਆਂ ਦੇ ਗਲੇ ਦਬਾ ਰਹੀ ਹੈ ਜੋ ਸ਼ਰਮਨਾਕ ਕਾਰਵਾਈ ਹੈ।

ਹੋਰ ਵੀ ਬਹੁਤ ਕੁਝ ਹੈ ਬੋਲਣ ਨੂੰ ਪਰ ਗੱਲ ਪਹਿਲਾਂ ਈ ਲੰਮੀ ਹੋ ਰਹੀ ਹੈ ਪਰ ਆਖ਼ਿਰ ‘ਚ ਆਹੀ ਬੇਨਤੀ ਕਰਦਾ ਹਾਂ ਕਿ ਕਦੇ ਵੀ ਸਿੱਕੇ ਦਾ ਇੱਕੋ ਪਾਸਾ ਵੇਖ ਕੇ ਫ਼ੈਸਲਾ ਨਹੀਂ ਲਈਦਾ ਹੁੰਦਾ …. ਕਸ਼ਮੀਰ ਮਸਲੇ ਦੇ ਵੀ ਸਭ ਪੱਖਾਂ ਨੂੰ ਖੁਦ ਪੜ੍ਹੋ,ਜਾਣੋ, ਸਮਝੋ …… ਫਿਰ ਸੋਚ ਕੇ ਫ਼ੈਸਲਾ ਕਰੋ।

ਨੋਟ :- ਉਸਾਰੂ ਸੰਵਾਦ ਦਾ ਸਵਾਗਤ ਹੈ ਪਰ ਨਫ਼ਰਤ ਭਰੀ ਅਖੌਤੀ ਦੇਸ਼ ਭਗਤੀ ਅਤੇ ਦੇਸ਼ ਦੇ ਨਾਮ ਤੇ ਕਤਲੇਆਮ ਨੂੰ ਜਾਇਜ਼ ਠਹਿਰਾਉਣ ਜਹੇ ਕੁਤਰਕ ਜਾਂ ਭੱਦੀ ਸ਼ਬਦਾਵਲੀ, ਗਾਲੀ ਗਲੋਚ ਦਾ ਜਵਾਬ ਨਹੀਂ ਦਿੱਤਾ ਜਾਵੇਗਾ।

 

Real Estate