ਉਨਾਉ ਬਲਾਤਕਾਰ ਪੀੜਤਾ ਨਾਲ ਹਾਦਸੇ ਮਗਰੋਂ CBI ਵੱਲੋਂ ਭਾਜਪਾ ਵਿਧਾਇਕ ਦੇ ਟਿਕਾਣਿਆਂ ‘ਤੇ ਛਾਪੇਮਾਰੀ

778

ਉਨਾਉ ਬਲਾਤਕਾਰ ਪੀੜਤਾ ਨਾਲ ਹੋਏ ਹਾਦਸੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਐਤਵਾਰ ਨੂੰ ਮੁਲਜ਼ਮ ਕੁਲਦੀਪ ਸਿੰਘ ਸੇਂਗਰ ਅਤੇ ਉਸ ਦੇ ਸਾਥੀਆਂ ਦੇ ਲਗਭਗ 15 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਜਾਂਚ ਏਜੰਸੀ ਨੇ ਲਖਨਊ, ਉਨਾਵ, ਬਾਂਦਾ ਅਤੇ ਫ਼ਤਿਹਪੁਰ ‘ਚ ਇਕੋ ਸਮੇਂ ਕਾਰਵਾਈ ਕੀਤੀ। ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਸੀਬੀਆਈ ਨੇ ਸੀਤਾਪੁਰ ਜੇਲ ‘ਚ ਉਸ ਤੋਂ ਲਗਭਗ 6 ਘੰਟੇ ਪੁਛਗਿਛ ਕੀਤੀ ਸੀ। ਇਸ ਦੌਰਾਨ ਕੁਲਦੀਪ ਨੂੰ ਮਿਲਣ ਵਾਲੇ ਲੋਕਾਂ ਦੀ ਸੂਚੀ ਵੀ ਖੰਗਾਲੀ ਗਈ। ਸੀਬੀਆਈ ਟੀਮ ਸਨਿਚਰਵਾਰ ਨੂੰ ਤੀਜੀ ਵਾਰ ਹਾਦਸੇ ਵਾਲੀ ਥਾਂ ਦੀ ਜਾਂਚ ਕਰਨ ਪੁੱਜੀ ਸੀ। ਹਾਸਦੇ ਵਾਲੀ ਥਾਂ ਨੇੜੇ ਮੌਜੂਦ ਦੁਕਾਨਦਾਰਾਂ ਦੇ ਬਿਆਨ ਦਰਜ ਕੀਤੇ ਗਏ। ਪੀੜਤਾ ਦੀ ਕਾਰ ਨੂੰ ਟੱਕਰ ਮਾਰਨ ਵਾਲੇ ਟਰੱਕ ਡਰਾਈਵਰ ਅਤੇ ਕਲੀਨਰ ਤਿੰਨ ਦਿਨ ਦੀ ਰਿਮਾਂਡ ‘ਤੇ ਹਨ। ਟਰੱਕ ਮਾਲਕ ਦਵਿੰਦਰ ਕਿਸ਼ੋਰ ਪਾਲ ਵੀ ਐਤਵਾਰ ਸਵੇਰੇ ਲਖਨਊ ਸਥਿਤ ਸੀਬੀਆਈ ਦਫ਼ਤਰ ਪੁੱਜਾ। ਉਸ ਨੂੰ ਸੀਬੀਆਈ ਨੇ ਪੁਛਗਿਛ ਲਈ ਤਲਬ ਕੀਤਾ ਸੀ। ਦਵਿੰਦਰ ਦਾ ਕਹਿਣਾ ਹੈ ਕਿ ਉਹ ਬੇਕਸੂਰ ਹੈ। ਕੁਲਦੀਪ ਸੇਂਗਰ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ।
ਬੀਤੀ 28 ਜੁਲਾਈ ਨੂੰ ਪੀੜਤਾ ਦਾ ਪਰਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ‘ਚ ਪੀੜਤਾ ਦੀ ਮਾਸੀ ਅਤੇ ਚਾਚੀ ਦੀ ਮੌਤ ਹੋ ਗਈ ਸੀ, ਜਦਕਿ ਪੀੜਤਾ ਅਤੇ ਉਸ ਦਾ ਵਕੀਲ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਸੀ। ਪੀੜਤਾ ਲਖਨਊ ਦੇ ਮੈਡੀਕਲ ਕਾਲਜ ‘ਚ ਵੈਂਟੀਲੇਟਰ ‘ਤੇ ਹੈ। ਕੁਲਦੀਪ ਪਹਿਲੀ ਵਾਰ ਸਾਲ 2002 ‘ਚ ਬਸਪਾ ਦੀ ਟਿਕਟ ‘ਤੇ ਉਨਾਉ ਸਦਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ 2007 ‘ਚ ਇਸੇ ਜ਼ਿਲ੍ਹੇ ਦੀ ਬਾਂਗਰਮਊ ਅਤੇ 2012 ‘ਚ ਭਗਵੰਤਨਗਰ ਸੀਟ ਤੋਂ ਸਪਾ ਦਾ ਵਿਧਾਇਕ ਰਿਹਾ। 2017 ‘ਚ ਵਿਧਾਨ ਸਭਾ ਚੋਣ ਤੋਂ ਠੀਕ ਪਹਿਲਾਂ ਕੁਲਦੀਪ ਸੇਂਗਰ ਭਾਜਪਾ ‘ਚ ਸ਼ਾਮਲ ਹੋ ਗਏ ਸਨ।

Real Estate