ਸੜਕ ਹਾਦਸੇ ਚ ਜ਼ਖ਼ਮੀ ਹੋਈ ਉਨਾਓ ਜਬਰ-ਜਨਾਹ ਦੀ ਪੀੜਤਾ ਦੀ ਹਾਲਤ ਬਣੀ ਨਾਜੁਕ

932

ਸੜਕ ਹਾਦਸੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋਈ ਉਨਾਓ ਜਬਰ-ਜਨਾਹ ਕਾਂਡ ਦੀ ਪੀੜਤਾ ਨੂੰ ਨਮੂਨੀਆ ਹੋ ਗਿਆ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਟਰੌਮਾ ਸੈਂਟਰ ਦੇ ਇੰਚਾਰਜ ਸੰਦੀਪ ਤਿਵਾੜੀ ਨੇ ਦੱਸਿਆ ਕਿ 19 ਵਰ੍ਹਿਆਂ ਦੀ ਲੜਕੀ ਨੂੰ ਅਜੇ ਵੀ ਮਸਨੂਈ ਸਾਹ ਪ੍ਰਣਾਲੀ ’ਤੇ ਰੱਖਿਆ ਹੋਇਆ ਹੈ ਜਦਕਿ ਉਸ ਨਾਲ ਜ਼ਖ਼ਮੀ ਹੋਇਆ ਵਕੀਲ ਵੈਂਟੀਲੇਟਰ ਤੋਂ ਬਿਨਾਂ ਸਾਹ ਲੈ ਰਿਹਾ ਹੈ। ਤਿਵਾੜੀ ਨੇ ਕਿਹਾ ਕਿ ਨਮੂਨੀਆ ਹੋਣ ਕਰਕੇ ਉਸ ਨੂੰ ਬੁਖਾਰ ਹੋ ਗਿਆ ਹੈ ਅਤੇ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ’ਚ ਰੱਖਣ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਸਰੀਰ ’ਚ ਪਾਈ ਗਈ ਨਲੀ ਰਾਹੀਂ ਆਕਸੀਜਨ ਦਿੱਤੀ ਜਾ ਰਹੀ ਹੈ। ਉਂਜ ਉਸ ਦੀ ਹਾਲਤ ਸਥਿਰ ਹੈ ਪਰ ਖ਼ਤਰੇ ਤੋਂ ਬਾਹਰ ਨਹੀਂ ਹੈ। ਡਾਕਟਰ ਨੇ ਕਿਹਾ ਕਿ ਵਕੀਲ ਦੇ ਸਿਰ ’ਚ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਵੀ ਅਜੇ ਖ਼ਤਰੇ ਤੋਂ ਬਾਹਰ ਨਹੀਂ ਦੱਸਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਇਲਾਜ ਦਾ ਪੂਰਾ ਪ੍ਰਬੰਧ ਹੈ ਅਤੇ ਦੋਵੇਂ ਮਰੀਜ਼ਾਂ ਨੂੰ ਬਿਹਤਰੀਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜਬਰ-ਜਨਾਹ ਪੀੜਤਾ ਨੂੰ ਬਿਹਤਰ ਇਲਾਜ ਲਈ ਦਿੱਲੀ ਦੇ ਏਮਜ਼ ’ਚ ਤਬਦੀਲ ਕਰਨ ਬਾਰੇ ਸੁਪਰੀਮ ਕੋਰਟ ਵੱਲੋਂ ਸੋਮਵਾਰ ਨੂੰ ਫ਼ੈਸਲਾ ਸੁਣਾਇਆ ਜਾਵੇਗਾ।

Real Estate