ਸਾਬਕਾ ਮੰਤਰੀਦੀ ਅਗਵਾਈ ਹੇਠ ਖਰੜ ਦੀਆਂ ੭੦ ਪੰਚਾਇਤਾਂ ਨੇ ਸੀਚੇਵਾਲ ਮਾਡਲ ਦਾ ਕੀਤਾ ਨਿਰੀਖਣ

802

* ਸੰਤ ਸੀਚੇਵਾਲ ਨੇ ਵਰਤੇ ਪਾਣੀ ਨੂੰ ਮੁੜ ਵਰਤੋਂ ‘ਚ ਲਿਆਉਣ ‘ਤੇ ਦਿੱਤਾ ਜ਼ੋਰ
* ਖਰੜ ਹਲਕੇ ‘ਚ ਸੀਚੇਵਾਲ ਮਾਡਲ ਦੀ ਤਰਜ਼ ‘ਤੇ ਪਿੰਡਾਂ ਦੀ ਦਿੱਖ ਨੂੰ ਬਦਲਿਆ ਜਾਵੇਗਾ

ਸੁਲਤਾਨਪੁਰ ਲੋਧੀ, ੩ ਅਗਸਤ-
ਪੰਜਾਬ ਦੇ ਪਿੰਡਾਂ ‘ਚ ਸੀਚੇਵਾਲ ਮਾਡਲ ਨੂੰ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਆਪੋ ਆਪਣੇ ਹਲਕਿਆਂ ‘ਚ ਸੀਚੇਵਾਲ ਮਾਡਲ ਤਹਿਤ ਪਿੰਡਾਂ ਦੇ ਛੱਪੜਾਂ ਦੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਨੂੰ ਲਾਉਣ ਲਈ ਵਰਤੇ ਜਾਣ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਖਰੜ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ ਦੀ ਅਗਵਾਈ ਹੇਠ ੧੦੦ ਦੇ ਕਰੀਬ ਪੰਚਾਂ-ਸਰਪੰਚਾਂ, ਬਲਾਕ ਸਮਿਤੀ ਮੈਂਬਰਾਂ ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੇ ਸੀਚੇਵਾਲ ਮਾਡਲ ਦਾ ਨਿਰੀਖਣ ਕੀਤਾ।
ਇਸ ਮੌਕੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡਾਂ ਦੇ ਸਰਪੰਚਾਂ ਨੂੰ ਦੱਸਿਆ ਕਿ ਕਿਵੇਂ ਪਿੰਡ ਦੇ ਛੱਪੜ ਦੇ ਗੰਦੇ ਪਾਣੀ ਨੂੰ ਦੇਸੀ ਤਕਨੀਕ ਨਾਲ ਸੋਧ ਕੇ ਉਸ ਨੂੰ ਖੇਤੀ ਲਈ ਵਰਤਿਆ ਜਾ ਸਕਦਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਥੇ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਉਸ ਨੂੰ ਬਚਾਉਣ ਦਾ ਸਭ ਤੋਂ ਸੌਖਾ ਤਰੀਕਾ ਇਹੋ ਹੀ ਹੈ ਕਿ ਇਕ ਵਾਰ ਵਰਤੇ ਹੋਏ ਪਾਣੀ ਨੂੰ ਸੋਧ ਕੇ ਉਸ ਨੂੰ ਖੇਤੀ ਲਈ ਵਰਤਿਆ ਜਾਵੇ ਤਾਂ ਇਹ ਫਸਲਾਂ ਲਈ ਵਰਦਾਨ ਸਾਬਤ ਹੁੰਦਾ ਹੈ।
ਸੰਤ ਸੀਚੇਵਾਲ ਨੇ ਆਪਣੇ ਪਿੰਡ ਦੇ ਛੱਪੜ ਦੇ ਸੋਧੇ ਹੋਏ ਪਾਣੀ ਦਾ ਟੀਡੀਐਸ ਵੀ ਚੈੱਕ ਕਰਕੇ ਜਗਮੋਹਣ ਸਿੰਘ ਕੰਗ ਨੂੰ ਦਿਖਾਇਆ ਕਿ ਇਹ ਪਾਣੀ ਖੇਤੀ ਲਈ ਕਿਵੇਂ ਲਾਹੇਵੰਦ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ੧੫੦ ਪਿੰਡਾਂ ਵਿਚ ਇਸ ਮਾਡਲ ਨੂੰ ਅਪਣਾਇਆ ਜਾ ਚੁੱਕਾ ਹੈ। ਇਸ ਸੋਧੇ ਹੋਏ ਪਾਣੀ ਦੇ ਟੈਸਟ ਖੇਤੀ ਮਾਹਿਰ ਕਰ ਚੁੱਕੇ ਹਨ। ਸੁਲਤਾਨਪੁਰ ਲੋਧੀ ਅਤੇ ਦਸੂਹਾ ਕਸਬਿਆਂ ਵਿਚ ਵੀ ਪਾਣੀ ਟਰੀਟ ਕਰਕੇ ਖੇਤੀ ਲਈ ਵਰਤਿਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਦਾ ਪਾਣੀ ੧੩ ਕਿਲੋਮੀਟਰ ਤੱਕ ਦੋ ਪਾਈਪ ਲਾਈਨਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ ਜਦਕਿ ਦਸੂਹੇ ਦਾ ਪੰਜ ਕਿਲੋਮੀਟਰ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ।
ਸੀਚੇਵਾਲ ਮਾਡਲ ਤਹਿਤ ਖਰੜ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਆਏ ਸਾਬਕਾ ਕਾਂਗਰਸੀ ਮੰਤਰੀ ਜਗਮੋਹਣ ਸਿੰਘ ਕੰਗ ਨੇ ਦੱਸਿਆ ਕਿ ਪੰਜਾਬ ਵਿਚ ਲੋਕ ਪਾਣੀ ਦੀ ਬਰਬਾਦੀ ਬੜੀ ਬੇਦਰਦੀ ਨਾਲ ਕਰ ਰਹੇ ਹਨ। ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੰਜਾਂ ਸ਼ਹਿਰਾਂ ਨੂੰ ਤਾਂ ਨੀਤੀ ਆਯੋਗ ਨੇ ਵੀ ੨੦੨੦ ਤੱਕ ਧਰਤੀ ਹੇਠਲੇ ਪਾਣੀ ਮੁੱਕ ਜਾਣ ਦਾ ਸੰਕੇਤ ਦਿੱਤਾ ਹੈ। ਉਹ ਆਪਣੇ ਹਲਕੇ ਵਿਚ ਸੀਚੇਵਾਲ ਮਾਡਲ ਤਹਿਤ ਹੀ ਪਿੰਡਾਂ ਦਾ ਮੂੰਹ ਮੱਥਾ ਸੰਵਾਰਨਾ ਚਾਹੁੰਦੇ ਹਨ ਜਿਵੇਂ ਸੀਚੇਵਾਲ ਪਿੰਡ ਵਿਚ ਇਥੋਂ ਦੀ ਹਰ ਗਲੀ ਹਰੀ ਭਰੀ ਹੈ ਤੇ ਕਿਤੇ ਵੀ ਮੱਖੀ ਮੱਛਰ ਨਹੀਂ ਹੈ। ਜਗਮੋਹਣ ਸਿੰਘ ਕੰਗ ਨੇ ਸੀਚੇਵਾਲ ਮਾਡਲ ਦੇਖਣ ਤੋਂ ਬਾਅਦ ਪਿੰਡ ਹਰੀ ਵਿਚ ਬਣੇ ਮਾਡਲ ਨੂੰ ਵੀ ਦੇਖਿਆ ਤੇ ਉਨ੍ਹਾਂ ਨੇ ਮੁੜ ਸਾਫ ਵਗਦੀ ਪਵਿੱਤਰ ਕਾਲੀ ਵੇਈਂ ਵੀ ਦੇਖੀ ਜਿਸ ਦੀ ਕਾਰ ਸੇਵਾ ਪਿਛਲੇ ੧੯ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ।
ਸੀਚੇਵਾਲ ਆਈਆਂ ਬੱਸਾਂ ਅਤੇ ਕਾਰਾਂ ਉੱਪਰ ਲੱਗੇ ਬੈਨਰਾਂ ‘ਚ ਇਹ ਨਾਅਰਾ ਲਿਖਿਆ ਹੋਇਆ ਸੀ ਕਿ ‘ਪਾਣੀ ਦੀ ਸਾਂਭ ਸੰਭਾਲ-ਚਲੋ ਸੀਚੇਵਾਲ’, ‘ਬੂੰਦ-ਬੂੰਦ ਨਹੀਂ ਵਰਤਾਂਗੇ ਤਾਂ ਬੂੰਦ-ਬੂੰਦ ਨੂੰ ਤਰਸਾਂਗੇ’। ਇਸ ਬੈਨਰ ‘ਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿੱਪ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਆਗੂਆਂ ਤਸਵੀਰਾਂ ਪ੍ਰਮੁੱਖਤਾ ਨਾਲ ਛਾਪੀਆਂ ਹੋਈਆਂ ਸਨ। ਇਸ ਮੌਕੇ ਖਰੜ ਦੇ ਬੀਡੀਪੀਓ ਰਣਜੀਤ ਸਿੰਘ ਬੈਂਸ, ਜੇਈ ਜਗਦੀਸ਼ ਸਿੰਘ ਅਤੇ ਪੰਚਾਂ ਸਰਪੰਚਾਂ ਵਿਚ ਕਮਲਜੀਤ ਸਿੰਘ ਅਰੋੜਾ, ਸਤੀਸ਼ ਕੁਮਾਰ, ਮਨਵੀਰ ਸਿੰਘ, ਸੁਰਿੰਦਰ ਗਿੱਲ, ਗਿਆਨ ਸਿੰਘ, ਰਣਜੀਤ ਸਿੰਘ ਖਡੂਰੀ ਤੇ ਹੋਰ ਆਗੂ ਹਾਜ਼ਰ ਸਨ।

Real Estate