ਭਾਰਤੀ ਹਵਾਈ ਸੈਨਾ ਦੇ ਹਲਵਾਰਾ ਹਵਾਈ ਅੱਡੇ ਦੀ ਹਵਾਈ ਪੱਟੀ ਲਾਗੇ ਪਾਕਿਸਤਾਨੀ ਝੰਡੇ ਵਾਲਾ ਗ਼ੁਬਾਰਾ ਮਿਲਣ ਕਾਰਨ ਭੈਅ ਦਾ ਮਾਹੌਲ

1058

ਹਵਾਈ ਸੈਨਾ ਅਧਿਕਾਰੀਆਂ ਵੱਲੋਂ ਅਧਿਕਾਰਤ ਜਾਣਕਾਰੀ ਨਹੀਂ, ਪੁਲਿਸ ਅਧਿਕਾਰੀ ਵੀ ਖ਼ਾਮੋਸ਼

ਗੁਰੂਸਰ ਸੁਧਾਰ, ਸੰਤੋਖ ਗਿੱਲ

ਭਾਰਤੀ ਹਵਾਈ ਸੈਨਾ ਦੇ ਹਲਵਾਰਾ ਕੇਂਦਰ ਜੋ ਉੱਤਰੀ ਭਾਰਤ ਦੇ ਸਭ ਤੋਂ ਮਹੱਤਵ ਪੂਰਨ ਅਤੇ ਅਤਿ ਸੁਰੱਖਿਅਤ ਹਵਾਈ ਕੇਂਦਰਾਂ ਵਿਚ ਸ਼ੁਮਾਰ ਹੈ ਦੇ ਅੰਦਰ ਅੱਜ ਹਵਾਈ ਪੱਟੀ ਦੇ ਐਨ ਲਾਗੇ ਹੀ ਸਰਵਿਸ ਲੇਨ ਉੱਪਰ ਪਾਕਿਸਤਾਨੀ ਝੰਡੇ ਵਾਲਾ ਹਰੇ ਰੰਗ ਦਾ ਗ਼ੁਬਾਰਾ ਮਿਲਣ ਕਾਰਨ ਭੈਅ ਦਾ ਮਾਹੌਲ ਬਣ ਗਿਆ ਹੈ ਅਤੇ ਇਸ ਕੇਂਦਰ ਦੀ ਸੁਰੱਖਿਆ ਉੱਪਰ ਕਈ ਸਵਾਲ ਖੜ੍ਹੇ ਹੋ ਗਏ ਹਨ। ਕੇਂਦਰੀ ਅਤੇ ਰਾਜ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਇਸ ਭੇਦ-ਭਰੀ ਘਟਨਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੱਬਾਂ ਭਾਰ ਹੋ ਗਈਆਂ ਹਨ। ਪਰ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਵੀ ਇਸ ਸਾਰੇ ਮਾਮਲੇ ਬਾਰੇ ਹਾਲ ਦੀ ਘੜੀ ਪੂਰੀ ਤਰ੍ਹਾਂ ਚੁੱਪ ਧਾਰ ਰੱਖੀ ਹੈ।ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ਾਂ ਵਿਚ ਆਜ਼ਾਦੀ ਦਿਵਸ ਦੇ ਜਸ਼ਨਾਂ ਦੀਆਂ ਤਿਆਰੀਆਂ ਅਰੰਭ ਹੋ ਚੁੱਕੀਆਂ ਹਨ ਅਤੇ ਸਭ ਤੋਂ ਸੁਰੱਖਿਅਤ ਸਮਝੇ ਜਾਂਦੇ ਭਾਰਤੀ ਹਵਾਈ ਸੈਨਾ ਦੇ ਹਲਵਾਰਾ ਕੇਂਦਰ ਦੇ ਧੁਰ ਅੰਦਰ ਪਾਕਿਸਤਾਨੀ ਝੰਡੇ ਵਾਲਾ ਹਰੇ ਰੰਗ ਦਾ ਗ਼ੁਬਾਰਾ ਜਿਸ ਉੱਪਰ ਉਰਦੂ ਵਿਚ “ਯੌਮ ਆਜ਼ਾਦੀ ਮੁਬਾਰਕ” ਲਿਖਿਆ ਮਿਲਣ ਕਾਰਨ ਕਈ ਸਵਾਲ ਖੜ੍ਹੇ ਹੋ ਗਏ ਹਨ। ਇਸ ਸਬੰਧੀ ਥਾਣਾ ਸੁਧਾਰ ਦੇ ਐਸ।ਐਚ।ਓ ਇੰਸਪੈਕਟਰ ਅਜਾਇਬ ਸਿੰਘ ਨੇ ਸੰਪਰਕ ਕਰਨ ‘ਤੇ ਇਹ ਤਾਂ ਮੰਨਿਆ ਕਿ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਵਾਈ ਅੱਡੇ ਦੇ ਤਕਨੀਕੀ ਏਰੀਏ ਵਿਚ ਬੁਲਾਇਆ ਸੀ। ਪਰ ਉਨ੍ਹਾਂ ਕਿਹਾ ਕਿ ਸੁਰੱਖਿਆ ਕਾਰਨਾਂ ਕਰ ਕੇ ਇਸ ਬਾਰੇ ਹੋਰ ਕੋਈ ਖ਼ੁਲਾਸਾ ਨਹੀਂ ਕਰ ਸਕਦੇ। ਜਦੋਂ ਉਨ੍ਹਾਂ ਨੂੰ ਪਾਕਿਸਤਾਨੀ ਝੰਡੇ ਵਾਲਾ ਹਰੇ ਰੰਗ ਦਾ ਗ਼ੁਬਾਰਾ ਮਿਲਣ ਬਾਰੇ ਪੁੱਛਿਆ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਮੈਂ ਇਸ ਸਬੰਧੀ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਅਤੇ ਜਦੋਂ ਵੀ ਕੋਈ ਮੁਨਾਸਬ ਹਦਾਇਤਾਂ ਜਾਰੀ ਹੋਣਗੀਆਂ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਡੀ।ਐਸ।ਪੀ ਦਾਖਾ ਗੁਰਬੰਸ ਸਿੰਘ ਬੈਂਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਸਰਕਾਰੀ ਅਤੇ ਨਿੱਜੀ ਨੰਬਰ ਬੰਦ ਮਿਲੇ। ਇਸ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਤੋਂ ਬਾਹਰ ਗਏ ਹਨ ਅਤੇ ਉਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਜ਼ਿਲ੍ਹੇ ਦੇ ਐਸ।ਪੀ (ਜਾਂਚ) ਰੁਪਿੰਦਰ ਭਾਰਦਵਾਜ ਨਾਲ ਸੰਪਰਕ ਕਰਨ ‘ਤੇ ਕਿਹਾ ਕਿ ਡੀ।ਐਸ।ਪੀ ਗੁਰਬੰਸ ਸਿੰਘ ਬੈਂਸ ਅਨੁਸਾਰ ਹਵਾਈ ਸੈਨਾ ਦੇ ਅਧਿਕਾਰੀਆਂ ਵੱਲੋਂ ਕੋਈ ਲਿਖਤੀ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ ਗਈ ਹੈ, ਇਸ ਲਈ ਪੁਲਿਸ ਸੈਨਾ ਦੇ ਕੰਮ ਵਿਚ ਦਖ਼ਲ ਨਹੀਂ ਦੇ ਸਕਦੀ ਹੈ।

Real Estate