ਕੀ ਹੈ ਲੋਕ ਸਭਾ ’ਚ ਪਾਸ ਕੀਤਾ ਜਲ੍ਹਿਆਂਵਾਲਾ ਬਾਗ਼ ਕੌਮੀ ਯਾਦਗਾਰ ਸੋਧ ਬਿੱਲ ?

1114

ਲੋਕ ਸਭਾ ਵਲੋਂ ਬੀਤੇ ਦਿਨ ਕਾਂਗਰਸ ਮੈਂਬਰਾਂ ਦੇ ਤਿੱਖੇ ਵਿਰੋਧ ਤੇ ਵਾਕਆਊਟ ਦੇ ਬਾਵਜੂਦ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ (ਸੋਧ) ਬਿੱਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ਵਿੱਚ ਕਾਂਗਰਸ ਪ੍ਰਧਾਨ ਨੂੰ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਟਰੱਸਟ ਦੇ ਸਥਾਈ ਮੈਂਬਰ ਵਜੋਂ ਹਟਾਏ ਜਾਣ ਦਾ ਪ੍ਰਸਤਾਵ ਸ਼ਾਮਲ ਹੈ।
ਬਿੱਲ ਬਾਰੇ ਚਰਚਾ ਦੀ ਸ਼ੁਰੂਆਤ ਕਰਦਿਆਂ ਸਭਿਆਚਾਰ ਬਾਰੇ ਮੰਤਰੀ ਪ੍ਰਹਿਲਾਦ ਪਟੇਲ ਨੇ ਕਿਹਾ ਕਿ ਕੌਮੀ ਯਾਦਗਾਰਾਂ ‘ਸਿਆਸੀ ਯਾਦਗਾਰਾਂ’ ਨਹੀਂ ਹੋ ਸਕਦੀਆਂ ਅਤੇ ਇਨ੍ਹਾਂ ਨੂੰ ਸਿਆਸਤ ਤੋਂ ਪਰ੍ਹੇ ਰੱਖਿਆ ਜਾਣਾ ਚਾਹੀਦਾ ਹੈ। ਇਹ ਬਿੱਲ ਜ਼ੁਬਾਨੀ ਵੋਟ ਨਾਲ ਪਾਸ ਕੀਤੇ ਜਾਣ ਦੌਰਾਨ ਕਾਂਗਰਸ ਨੇ ਵਾਕਆਊਟ ਕਰ ਦਿੱਤਾ। ਵਿਰੋਧੀ ਪਾਰਟੀਆਂ ਦੇ ਸੋਧ ਪ੍ਰਸਤਾਵਾਂ ਨੂੰ ਵੋਟਾਂ ਘੱਟ ਮਿਲਣ ਕਾਰਨ ਖਾਰਜ ਕਰ ਦਿੱਤਾ ਗਿਆ। ਬਿੱਲ ’ਤੇ ਚਰਚਾ ਮਗਰੋਂ ਸੋਧ ਦੇ ਹੱਕ ਵਿੱਚ 214 ਵੋਟ ਭੁਗਤੇ ਜਦਕਿ ਵਿਰੋਧ ਵਿੱਚ 30 ਵੋਟਾਂ ਪਈਆਂ। ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ (ਸੋਧ) ਬਿੱਲ ਅਨੁਸਾਰ ‘ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ’ ਦਾ ਟਰੱਸਟੀ ਵਜੋਂ ਜ਼ਿਕਰ ‘ਹਟਾਇਆ’ ਜਾਵੇ।
ਦੱਸਣਯੋਗ ਹੈ ਕਿ ਇਸ ਵੇਲੇ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਟਰੱਸਟ ਦਾ ਚੇਅਰਪਰਸਨ ਪ੍ਰਧਾਨ ਮੰਤਰੀ ਹੈ ਅਤੇ ਇਸ ਦੇ ਮੈਂਬਰ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ, ਸਭਿਆਚਾਰ ਬਾਰੇ ਮੰਤਰੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ, ਪੰਜਾਬ ਦਾ ਰਾਜਪਾਲ ਅਤੇ ਪੰਜਾਬ ਦਾ ਮੁੱਖ ਮੰਤਰੀ ਹਨ। ਬਿੱਲ ’ਤੇ ਬਹਿਸ ਦੌਰਾਨ ਪਟੇਲ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਟਰੱਸਟ ਨਾਲ ਜੁੜੀ ਸਿਆਸਤ ਨੂੰ ਸਰਕਾਰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘‘ਸਾਡਾ ਮੰਨਣਾ ਹੈ ਕਿ ਕੌਮੀ ਯਾਦਗਾਰ ਨਾਲੋਂ ਸਿਆਸਤ ਨੂੰ ਵੱਖ ਕੀਤਾ ਜਾਵੇ ਅਤੇ ਇਸ ਕਰਕੇ 1951 ਦੇ ਐਕਟ ਵਿੱਚ ਸੋਧ ਦਾ ਪ੍ਰਸਤਾਵ ਲਿਆਂਦਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਯਾਦਗਾਰ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਬਲਕਿ ਰਾਸ਼ਟਰਵਾਦ ਹੋਣਾ ਚਾਹੀਦਾ ਹੈ। ਜਦੋਂ ਹੀ ਮੰਤਰੀ ਨੇ ਇਸ ਬਿੱਲ ਬਾਰੇ ਬੋਲਣਾ ਸ਼ੁਰੂ ਕੀਤਾ ਉਦੋਂ ਹੀ ਰਾਹੁਲ ਗਾਂਧੀ ਸਦਨ ਵਿੱਚ ਦਾਖ਼ਲ ਹੋਏ। ਬਿੱਲ ਦਾ ਵਿਰੋਧ ਕਰਦਿਆਂ ਕਾਂਗਰਸ ਦੇ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਟਰੱਸਟ ਵਿੱਚੋਂ ਹਟਾ ਕੇ ਸਰਕਾਰ ਮੁੜ ਇਤਿਹਾਸ ਲਿਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘‘ਸਰਕਾਰ ਇਤਿਹਾਸ ਨਾਲ ਛੇੜਛਾੜ ਕਰਨਾ ਚਾਹੁੰਦੀ ਹੈ, ਇਤਿਹਾਸ ਖ਼ਤਮ ਕਰਨਾ ਚਾਹੁੰਦੀ ਹੈ। ਤੁਸੀਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਕਾਂਗਰਸ ਦੇ ਬਲੀਦਾਨ ਨੂੰ ਨਹੀਂ ਖ਼ਤਮ ਕਰ ਸਕਦੇ।’’ ਉਨ੍ਹਾਂ ਸੱਤਾਧਾਰੀ ਭਾਜਪਾ ’ਤੇ ਵਰ੍ਹਦਿਆਂ ਦੋਸ਼ ਲਾਇਆ, ‘‘ਤੁਹਾਡਾ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਕੋਈ ਯੋਗਦਾਨ ਨਹੀਂ ਹੈ। ਹੁਣ ਤੁਸੀਂ ਯਾਦਗਾਰ ’ਤੇ ਕਿਉਂ ਕਬਜ਼ਾ ਕਰਨਾ ਚਾਹੁੰਦੇ ਹੋ?’’ ਬਹਿਸ ਵਿੱਚ ਹਿੱਸਾ ਲੈਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਕਾਂਗਰਸ ਦੇ ਮੈਂਬਰ ਹੀ ਸਨ, ਜਿਨ੍ਹਾਂ ਦੀ ’84 ਦੇ ਦੰਗਿਆਂ ਵਿੱਚ ਸ਼ਮੂਲੀਅਤ ਸੀ। ਹਰਸਿਮਰਤ ਨੇ ਦੋਸ਼ ਲਾਇਆ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਸ਼ਮੂਲੀਅਤ ਵਾਲਾ ਇੱਕ ਵਿਅਕਤੀ ਤਾਂ ਮੁੱਖ ਮੰਤਰੀ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਪੁਰਖੇ ਨੇ ਜਲ੍ਹਿਆਂਵਾਲਾ ਬਾਗ ਸਾਕੇ ਨੂੰ ਅੰਜਾਮ ਦਿੱਤੇ ਜਾਣ ’ਤੇ ਜਨਰਲ ਡਾਇਰ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ, ‘‘ਇਹ ਇਤਿਹਾਸ ਵਿੱਚ ਦਰਜ ਹੈ ਅਤੇ ਤੁਸੀਂ ਇਸ ਨੂੰ ਭੁੱਲ ਨਹੀਂ ਸਕਦੇ।’’ ਇਸ ’ਤੇ ਕਾਂਗਰਸ ਨੇ ਨਾਅਰੇਬਾਜ਼ੀ ਕੀਤੀ ਅਤੇ ਹਰਸਿਮਰਤ ’ਤੇ ਜਵਾਬੀ ਦੋਸ਼ ਲਾਏ। ਇੱਕ ਵਾਰ ਤਾਂ ਕਾਂਗਰਸ ਦੇ ਕੁਝ ਮੈਂਬਰਾਂ ਨੇ ਪੰਜਾਬ ਦੇ ‘ਡਰੱਗ ਮਾਫੀਆ’ ਬਾਰੇ ਬੈਨਰ ਵੀ ਦਿਖਾਏ। ਪੰਜਾਬ ਦੇ ਮੈਂਬਰਾਂ ਦੇ ਇਸ ਰੌਲੇ-ਰੱਪੇ ਦੌਰਾਨ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਸਭ ਦਾ ਸਾਂਝਾ ਹੈ। ਇਸ ਦੌਰਾਨ ਹੋਰ ਪਾਰਟੀਆਂ ਵਿਚੋਂ ਬਸਪਾ, ਬੀਜੇਡੀ, ਐੱਨਸੀਪੀ, ਡੀਐੱਮਕੇ ਅਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਇਸ ਬਿੱਲ ਦਾ ਵਿਰੋਧ ਕੀਤਾ।
ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਵਿੱਚ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਵਿੱਚ ਹਜ਼ਾਰਾਂ ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਜਨਰਲ ਡਾਇਰ ਨੇ ਹਰਸਿਮਰਤ ਕੌਰ ਬਾਦਲ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਦੇ ਘਰ ਡਿਨਰ ਕੀਤਾ ਸੀ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਟਰੱਸਟ ਵਿੱਚ ਰਾਜਨੀਤਕ ਪਾਰਟੀ ਦੀ ਕੋਈ ਵੀ ਮੈਂਬਰ ਨਹੀਂ ਹੋਣਾ ਚਾਹੀਦਾ ਕਿਉਂਕਿ ਸਿਆਸੀ ਪਾਰਟੀਆਂ ਨੇ ਨਾ ਤਾਂ ਜੱਲ੍ਹਿਆਂਵਾਲਾ ਬਾਗ ਲਈ ਕੁਝ ਕੀਤਾ ਹੈ ਅਤੇ ਨਾ ਹੀ ਇਸ ਸਾਕੇ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਲਈ।

Real Estate