ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਇਆ ਜਾ ਰਿਹੈ ਜ਼ਮੀਨੀ ਰਿਕਾਰਡ,ਵੈਬਸਾਇਟ ’ਤੇ ਵੀ ਵੇਖਿਆ ਜਾ ਸਕਦਾ-ਡਿਪਟੀ ਕਮਿਸ਼ਨਰ

ਬਠਿੰਡਾ/ 1 ਅਗਸਤ /ਬਲਵਿੰਦਰ ਸਿੰਘ ਭੁੱਲਰ

ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ’ਚ ਚੱਲ ਰਹੇ ਫਰਦ ਕੇਂਦਰ ਸਮੇਂ ਸਿਰ ਤੇ ਪਾਰਦਰਸ਼ੀ ਢੰਗ ਨਾਲ ਜ਼ਮੀਨੀ ਰਿਕਾਰਡ ਮੁਹੱਈਆ ਕਰਵਾਉਣ ’ਚ ਆਮ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੇ ਹਨ। ਜ਼ਿਲ੍ਹੇ ਦੇ 9 ਫਰਦ ਕੇਂਦਰਾਂ ਤੋਂ
ਮਹੀਨਾ ਜੂਨ ਤੇ ਜੁਲਾਈ ਦੌਰਾਨ 31787 ਬਿਨੈਕਾਰਾਂ ਨੂੰ ਜ਼ਮੀਨੀ ਰਿਕਾਰਡ ਦੀਆਂ ਤਸਦੀਕਸ਼ੁਦਾ ਨਕਲਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸਮੂਹ ਫ਼ਰਦ ਕੇਂਦਰਾਂ ਤੋਂ ਲਗਭਗ 45,70,640 ਲੱਖ ਰੁਪਏ ਦੀ ਆਮਦਨ ਵੀ ਹੋ ਚੁੱਕੀ ਹੈ।
ਸ਼੍ਰੀ ਬੀ.ਸ੍ਰੀਨਿਵਾਸਨ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 292 ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚੋਂ 291ਪਿੰਡਾਂ ਦਾ ਜ਼ਮੀਨੀ ਰਿਕਾਰਡ ਆਨਲਾਈਨ ਹੋ ਚੁੱਕਾ ਹੈ। ਜਦਕਿ ਬਾਕੀ ਰਹਿੰਦੇ ਬਠਿੰਡਾ ਸ਼ਹਿਰੀ ਖੇਤਰ ਦਾ ਕੰਮ ਪ੍ਰਗਤੀ ਅਧੀਨ ਚੱਲ ਰਿਹਾ ਹੈ, ਜੋ ਕਿ ਬਹੁਤ ਜਲਦ ਆਨ ਲਾਇਨ ਕੀਤਾ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਇਨ੍ਹਾਂ ਫ਼ਰਦ ਕੇਂਦਰਾਂ ਤੋਂ ਤਸਦੀਕਸ਼ੁਦਾ ਨਕਲਾਂ ਹਾਸਲ ਕਰਨ ਵਿੱਚ ਕੇਵਲ 10 ਤੋਂ 15 ਮਿੰਟਾਂ ਦਾ ਸਮਾਂ ਹੀ ਲਗਦਾ ਹੈ। ਉਨ੍ਹਾਂ ਦੱਸਿਆ ਕਿ ਜਿਥੇ ਕੇਵਲ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਫੀਸ ਅਦਾ ਕਰਕੇ ਜ਼ਮੀਨੀ ਰਿਕਾਰਡ ਦੀ ਨਕਲ ਪ੍ਰਾਪਤ ਹੋ ਜਾਂਦੀ ਹੈ ਉਥੇ ਇਸ ਨਾਲ ਲੋਕਾਂ ਦੇ ਕੀਮਤੀ ਸਮੇਂ ਦੀ ਵੀ ਬਚਤ ਹੁੰਦੀ ਹੈ। ਜ਼ਿਲ੍ਹੇ ਅੰਦਰ ਚੱਲ ਰਹੇ ਫ਼ਰਦ ਕੇਂਦਰਾਂ ਦੀ ਪ੍ਰਗਤੀ ਬਾਰੇ ਡਿਪਟੀ
ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱ੍ਯਸਿਆ ਕਿ ਫ਼ਰਦ ਕੇਂਦਰ ਬਠਿੰਡਾ ਵਿਖੇ ਜੂਨ ਤੇ ਜੁਲਾਈ ਮਹੀਨੇ ਦੌਰਾਨ 5524 ਬਿਨੈਕਾਰਾਂ ਨੂੰ 50633 ਪੰਨੇ, ਰਾਮਪੁਰਾ ਵਿਖੇ 4837 ਲੋਕਾਂ ਨੂੰ 29072 ਪੰਨੇ, ਤਲਵੰਡੀ ਸਾਬੋ 5305 ਬਿਨੈਕਾਰਾਂ ਨੂੰ 39943 ਪੰਨੇ, ਭਗਤਾ
ਭਾਈਕਾ 1949 ਵਿਅਕਤੀਆਂ ਨੂੰ 9561 ਪੰਨੇ, ਸੰਗਤ 2450 ਬਿਨੈਕਾਰਾਂ ਨੂੰ 18287 ਪੰਨੇ, ਨਥਾਣਾ ਵਿਖੇ 4202 ਵਿਅਕਤੀਆਂ ਨੂੰ 22118 ਪੰਨੇ, ਗੋਨਿਆਣਾ ਮੰਡੀ 2526 ਵਿਅਕਤੀਆਂ ਨੂੰ 21723 ਪੰਨੇ, ਬਾਲਿਆਂਵਾਲੀ 2349 ਵਿਕਅਤੀਆਂ ਨੂੰ 17407 ਪੰਨੇ ਅਤੇ ਇਸੇ ਤਰ੍ਹਾਂ ਮੌੜ ਵਿਖੇ 2645 ਵਿਅਕਤੀਆਂ ਨੂੰ 19788 ਪੰਨਿਆਂ ਦੀਆਂ ਨਕਲਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਨ੍ਹਾਂ ਕੁੱਲ 228532 ਪੰਨਿਆਂ ਦੀਆਂ ਨਕਲਾਂ ਤੋਂ 4570640 ਰੁਪਏ ਦੀ ਸਰਕਾਰ ਨੂੰ ਆਮਦਨ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਅੱਗੇ ਦੱਸਿਆ ਕਿ ਇਨ੍ਹਾਂ ਫ਼ਰਦ ਕੇਂਦਰਾਂ ਵਿਖੇ ਜਿੱਥੇ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਨਹੀਂ ਹੁੰਦਾ, ਉਥੇ ਹੀ ਪਾਰਦਰਸ਼ੀ ਢੰਗ ਨਾਲ ਲੋਕਾਂ ਦੇ ਜ਼ਮੀਨੀ ਰਿਕਾਰਡ ਦੀ ਕਾਪੀ ਹਾਸਲ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵੈਬਸਾਈਟ www.plrs.org.in ਅਤੇ revenue.punjab.gov.in ’ਤੇ ਕੋਈ ਵੀ ਜ਼ਮੀਨ ਮਾਲਕ ਆਪਣੀ ਜ਼ਮੀਨ ਦਾ ਰਿਕਾਰਡ ਆਨਲਾਈਨ ਵੇਖ ਸਕਦਾ ਹੈ ਅਤੇ ਇਸ ਦਾ ਪ੍ਰਿੰਟ ਆਊਟ ਵੀ ਪ੍ਰਾਪਤ ਕਰ ਸਕਦਾ ਹੈ।

Real Estate