ਨਸ਼ਿਆਂ ਦੀ ਕਹਾਣੀ ਪੁਲਸ ਅਫਸਰ ਦੀ ਜ਼ੁਬਾਨੀ

1816

ਕੁਲਵੰਤ ਸਿੰਘ ਢੇਸੀ

ਕੋਈ ਦੋ ਕੁ ਮਹੀਨੇ ਪਹਿਲਾਂ ਮੈਂ ਆਪਣੇ ਪਿੰਡ ਪੰਜਾਬ ਵਿਚ ਸਾਂ ਕਿ ਸਾਡੇ ਸ਼ਰੀਕੇ ਭਾਈਚਾਰੇ ਵਿਚ ਇੱਕ ਨੌਜਵਾਨ ਮੁੰਡੇ ਦੀ ਅਣਆਈ ਮੌਤ ਦੇ ਚਰਚੇ ਸੁਣਨ ਵਿਚ ਆਏ ਜੋ ਕਿ ਨਸ਼ੇ ਦੀ ਓਵਰਡੋਜ਼ ਦਾ ਟੀਕਾ ਲੱਗਣ ਨਾਲ ਹੋਈ ਦੱਸੀ ਜਾਂਦੀ ਸੀ। ਦੇਖਣ ਚਾਖਣ ਨੂੰ ਇਹ ਮੁੰਡਾ ਆਮ ਮੁੰਡਿਆਂ ਵਰਗਾ ਹੀ ਮੁੰਡਾ ਲੱਗਦਾ ਸੀ ਪਰ ਅੰਦਰ ਹੀ ਅੰਦਰ ਉਹ ਕਿਸ ਹੱਦ ਤਕ ਨਸ਼ੇ ਦੀ ਲੱਤ ਕਾਰਨ ਬਰਬਾਦ ਹੋ ਚੁੱਕਾ ਸੀ ਕੋਈ ਨਹੀਂ ਸੀ ਜਾਣਦਾ। ਕਿਸੇ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਸ ਨੇ ਕਿਸ ਹੱਦ ਤਕ ਆਪਣੀ ਸਿਹਤ ਅਤੇ ਧੰਨ ਦੀ ਬਰਬਾਦੀ ਕਰ ਲਈ ਸੀ। ਬਹੁਤ ਸਾਰੇ ਲੋਕ ਉਸ ਨੂੰ ਦੋਸ਼ ਦਿੰਦੇ ਸੁਣੇ ਗਏ ਸਨ ਕਿ ਉਸ ਨੇ ਹੋਰ ਵੀ ਮੁੰਡਿਆਂ ਨੂੰ ਇਸ ਕੋਹੜ ਵਿਚ ਧੱਕਿਆ ਸੀ। ਇਹ ਵੀ ਕਿਹਾ ਜਾਂਦਾ ਸੀ ਕਿ ਜਿਸ ਵੇਲੇ ਇਹਨਾ ਅਮਲੀਆਂ ਦੇ ਬਾਹਾਂ ਅਤੇ ਪੁੜਿਆਂ ਵਿਚ ਲਾਏ ਟੀਕੇ ਦਾ ਅਸਰ ਘੱਟ ਜਾਂਦਾ ਹੈ ਤਾਂ ਇਹ ਅਮਲ ਦੇ ਟੀਕੇ ਆਪਣੇ ਨਲ੍ਹਾਂ ਵਿਚ ਲਾਉਣ ਲੱਗ ਪੈਂਦੇ ਹਨ। ਇਸ ਮੁੰਡੇ ਬਾਰੇ ਇਹ ਵੀ ਕਿਹਾ ਜਾਂਦਾ ਸੀ ਕਿ ਨਲ੍ਹਾਂ ਦੀ ਗਲਤ ਨਾੜ ਵਿਚ ਟੀਕਾ ਲੱਗਣ ਨਾਲ ਉਸ ਦਾ ਖੂਨ ਵਗ ਤੁਰਿਆ ਸੀ ਅਤੇ ਥਾਂਏਂ ਮੌਤ ਹੋ ਗਈ ਸੀ। ਜਿੰਨੇ ਮੂੰਹ ਓਨੀਆਂ ਹੀ ਕਹਾਣੀਆਂ। ਪਰ ਹਰ ਪਾਸੇ ਡਰ ਦਾ ਮਹੌਲ ਸੀ। ਪਿੰਡ ਵਿਚ ਸਾਡੇ ਪਾਸੇ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀ ਇਹ ਦੂਸਰੀ ਮੌਤ ਸੀ। ਸਾਡੇ ਆਂਢ ਗੁਆਂਢ ਨਸ਼ੇ ਦੀ ਲੱਤ ਵਿਚ ਫਸੇ ਕੁਝ ਮੁੰਡਿਆਂ ਦਾ ਘਰ ਵਾਲਿਆਂ ਨੇ ਇਲਾਜ ਕਰਵਾ ਕੇ ਬਾਹਰ ਕੱਢ ਦਿੱਤੇ ਸਨ ਅਤੇ ਉਹਨਾ ਦਾ ਬਚ ਬਚਾ ਹੋ ਗਿਆ ਕਿਹਾ ਜਾਂਦਾ ਸੀ ਪਰ ਅਸਲ ਵਿਚ ਬਾਹਰਲੇ ਦੇਸ਼ਾਂ ਵਿਚ ਉਹ ਸੱਚੀਂ ਹੀ ਨਸ਼ੇ ਤੋਂ ਮੁਕਤ ਹੋ ਗਏ ਸਨ ਜਾਂ ਨਹੀਂ ਕੋਈ ਨਹੀਂ ਕਹਿ ਸਕਦਾ ਕਿਓਂਕਿ ਸਿੰਥੈਟਿਕ ਨਸ਼ਿਆਂ ਦੀ ਲੱਤ ਇਸ ਹੱਦ ਤਕ ਮਾਰੂ ਹੈ ਕਿ ਇੱਕ ਵਾਰ ਇਸ ਲੱਤ ਵਿਚ ਪਿਆ ਵਿਅਕਤੀ ਜਿੰਦਗੀ ਭਰ ਲਈ ਫਸ ਜਾਂਦਾ ਹੈ ਅਤੇ ਇਹਨਾ ਮਰੀਜ਼ਾਂ ਦੀ ਜਾਂ ਅਮਲੀਆਂ ਦੀ ਜ਼ਿੰਦਗੀ ਵੀ ਕੋਈ ਲੰਮੀ ਨਹੀਂ ਹੁੰਦੀ। ਇਹਨਾ ਮੁੰਡਿਆਂ ਵਿਚ ਇੱਕ ਐਸਾ ਨੌਜਵਾਨ ਵੀ ਫਸ ਗਿਆ ਸੀ ਜਿਸ ਨੂੰ ਮਾਪਿਆਂ ਨੇ ਪਹਿਲਵਾਨ ਬਨਾਉਣ ਦੇ ਸੁਫਨੇ ਦੇਖੇ ਸਨ।
ਪੰਜਾਬ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਵੋਟਾਂ ਵਟੋਰਨ ਲਈ ਗੁਰਬਾਣੀ ਦਾ ਗੁਟਕਾ ਹੱਥ ਵਿਚ ਫੜ ਕੇ ਕਸਮ ਖਾਧੀ ਸੀ ਕਿ ਉਹ ਬੜੀ ਹੀ ਤੇਜ਼ੀ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵੇਗਾ ਪਰ ਪੰਜਾਬ ਕਿਸ ਹੱਦ ਤਕ ਨਸ਼ਾ ਮੁਕਤ ਹੋਇਆ ਹੈ ਜਾਂ ਨਸ਼ਾ ਯੁਕਤ ਹੋਇਆ ਹੈ ਕੋਈ ਸਹੀ ਸਹੀ ਅੰਕੜੇ ਨਹੀਂ ਮਿਲਦੇ। ਕੈਪਟਨ ਦੇ ਵਿਰੁਧ ਬਾਦਲ ਅਕਾਲੀ ਦਲ ਆਪਣੇ ਪ੍ਰਚਾਰ ਮੀਡੀਏ ਰਾਹੀਂ ਲਗਾਤਾਰ ਇਹ ਹੀ ਪ੍ਰਚਾਰ ਕਰਦਾ ਆ ਰਿਹਾ ਹੈ ਕਿ ਕੈਪਟਨ ਨੇ ਨਾ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਕਸਮ ਨਿਭਾਈ ਅਤੇ ਨਾ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ। ਅਫਸੋਸ ਵਾਲੀ ਗੱਲ ਇਹ ਹੈ ਕਿ ਹੁਣ ਤਕ ਘੱਟੋ ਘੱਟ ਦੋ ਵਾਰ ਕੈਪਟਨ ਦੀਆਂ ਦੋ ਐਸੀਆਂ ਵੀਡੀਓ ਸੋਸ਼ਲ ਮੀਡੀਏ ‘ਤੇ ਦੇਖਣ ਨੂੰ ਮਿਲੀਆਂ ਹਨ ਜਿਹਨਾ ਵਿਚ ਉਹ ਆਪ ਹੀ ਟੱਲੀ ਹੋਇਆ ਪ੍ਰਤੀਤ ਹੁੰਦਾ ਹੈ। ਬਾਦਲਾਂ ਦੇ ਰਾਜਭਾਗ ਵਾਲੇ ਸਮੇਂ ਤੋਂ ਲੋਕ ਸੁਖਬੀਰ ਬਾਦਲ ਨੂੰ ਵੀ ‘ਸੁੱਖਾ’ ਅਮਲੀ ਕਹਿੰਦੇ ਆ ਰਹੇ ਹਨ ਜੋ ਕਿ ਆਪਣੇ ਹਾਸੋ ਹੀਣੇ ਬਿਆਨਾ ਕਾਰਨ ਕਿਸੇ ਅਮਲੀ ਦੀ ਹੀ ਝਲਕ ਦਿੰਦਾ ਹੈ। ਜਿਸ ਪ੍ਰਾਂਤ ਦੇ ਆਗੂ ਹੀ ਨਸ਼ਾ ਗ੍ਰਸਤ ਹੋਣ ਉਹਨਾ ਤੋਂ ਨਸ਼ਾ ਰੋਕ ਥਾਮ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ।

ਪੁਸਲ ਅਫਸਰ ਦੀ ਜ਼ੁਬਾਨੀ

ਅੱਜ ਕਲ ਇੱਕ ਐਸ ਐਸ ਪੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਬੜੇ ਹੀ ਪ੍ਰਭਾਵਸ਼ਾਲੀ ਭਾਸ਼ਣ ਵਿਚ ਨਸ਼ੇ ਦੇ ਕੋਹੜ ਦੀਆਂ ਜੋ ਕਹਾਣੀਆਂ ਦੱਸ ਰਿਹਾ ਹੈ ਉਹ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਹਨ। ਇਹ ਪਹਿਲਾ ਮੌਕਾ ਹੈ ਕਿ ਏਨੇ ਦਰਦ ਨਾਲ ਕੋਈ ਪੁਲਸ ਅਫਸਰ ਏਨੀ
ਵਿਆਖਿਆ ਨਾਲ ਇੱਸ ਮੁੱਦੇ ‘ਤੇ ਖੁਲ੍ਹ ਕੇ ਬੋਲਿਆ ਹੈ। ਅਸੀਂ ਆਮ ਤੌਰ ‘ਤੇ ਪੰਜਾਬ ਪੁਲਿਸ ਤੋਂ ਇਸ ਤਰਾਂ ਦੇ ਕਿਰਦਾਰ ਦੀ ਉਮੀਦ ਨਹੀਂ ਰੱਖਦੇ। ਦੁੱਖ ਵਾਲੀ ਗੱਲ ਇਹ ਵੀ ਹੈ ਕਿ ਆਏ ਦਿਨ ਨਸ਼ਿਆਂ ਦੀ ਤਸਕਰੀ ਦੀਆਂ ਜੋ ਖੇਪਾਂ ਸਰਹੱਦ ਤੋਂ ਫੜੀਆਂ ਜਾਂਦੀਆਂ ਹਨ ਕਿਹਾ ਜਾਂਦਾ ਹੈ ਕਿ ਉਹ ਨਸ਼ਾ ਤਸਕਰਾਂ ਤੋਂ ਬਾਅਦ ਪੁਲਿਸ ਤਸਕਰੀ ਦਾ ਹਿੱਸਾ ਬਣ ਜਾਂਦੀਆਂ ਹਨ। ਭੁੱਕੀ ਅਤੇ ਅਫੀਮ ਬਾਰੇ ਤਾਂ ਆਮ ਹੀ ਕਿਹਾ ਜਾਂਦਾ ਹੈ ਕਿ ਜੇਕਰ ਇਹ ਹੋਰ ਕਿਤੋਂ ਨਾ ਮਿਲਣ ਤਾਂ ਥਾਣਿਆਂ ਵਿਚੋਂ ਅਕਸਰ ਹੀ ਮਿਲ ਜਾਂਦੇ ਹਨ। ਭਾਰਤੀ ਪੁਲਿਸ ਨੂੰ ਜ਼ੁਰਮ ਦੀ ਦੁਨੀਆਂ ਵਿਚ ਹਮੇਸ਼ਾਂ ਇੱਕ ਧਿਰ ਵਜੋਂ ਹੀ ਸਮਝਿਆ ਜਾਂਦਾ ਹੈ ਨਾ ਕਿ ਰੋਕ ਥਾਮ ਜਾਂ ਅਮਨ ਕਨੂੰਨ ਦੀ ਧਿਰ ਵਜੋਂ ਪਰ ਇਸ ਅਫਸਰ ਦੇ ਰੁਕ ਢੰਗ ਤੋਂ ਲੱਗਦਾ ਹੈ ਕਿ ਉਹ ਇਸ ਸਬੰਧੀ ਸੰਜੀਦਾ ਵੀ ਹੈ ਅਤੇ ਪੀੜਤ ਪਰਿਵਾਰਾਂ ਦੇ ਦਰਦ ਨੂੰ ਵੀ ਮਹਿਸੂਸ ਕਰਦਾ ਹੈ।

ਕੇਸ ਨੰਬਰ ਇੱਕ

ਇਹ ਐਸ ਐਸ ਪੀ ਬੜੇ ਹੀ ਜਜ਼ਬਾਤੀ ਲਹਿਜੇ ਵਿਚ ਇਸ ਕੇਸ ਦੀ ਕਹਾਣੀ ਇਸ ਤਰਾਂ ਸ਼ੁਰੂ ਕਰਦਾ ਹੈ, ‘ਮੇਰਾ ਇੱਕ ਡਾਕਟਰ ਦੋਸਤ ਆਪਣੇ ਕਿਸੇ ਮਿੱਤਰ ਦੀ ਸਹਾਇਤਾ ਕਰਨ ਲਈ ਮੇਰੀ ਵਰਦੀ ਦਾ ਸਹਾਰਾ ਲੈਣ ਖਾਤਿਰ ਮੇਰੇ ਘਰ ਆ ਗਿਆ। ਉਸਦਾ ਮਿੱਤਰ ਬੜਾ ਡਰਿਆ
ਹੋਇਆ ਸੀ। ਉਸਦੇ ਪੰਦਰਾਂ ਸੋਲਾਂ ਸਾਲ ਦੇ ਨੌਜਵਾਨ ਪੁੱਤਰ ਨੂੰ ਖੁਸਰਿਆਂ ਦਾ ਟੋਲਾ ਆਪਣੇ ਵਿਚ ਸ਼ਾਮਲ ਕਰਨ ਲਈ ਜ਼ਿੱਦ ਫੜੀ ਬੈਠੇ ਸਨ। ਵਿਚਾਰਾ ਲਾਚਾਰ ਬਾਪ ਆਪਣੇ ਪੁੱਤਰ ਨੂੰ ਰਿਸ਼ਤੇਦਾਰਾਂ ਦੇ ਲੁਕਾਉਂਦਾ ਫਿਰ ਰਿਹਾ ਸੀ। ਜਦ ਮੇਰੇ ਡਾਕਟਰ ਦੋਸਤ ਨੇ ਮੈਨੂੰ ਉਸ ਦੀ
ਕਹਾਣੀ ਦੱਸੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਗਿਆਰਾਂ ਬਾਰਾਂ ਸਾਲ ਦੀ ਉਮਰ ਵਿਚ ਉਸ ਦੇ ਮੁੰਡੇ ਨੇ ਹਾਣੀ ਮੁੰਡਿਆਂ ਦੇ ਮਗਰ ਲੱਗ ਕੇ ਫੈਂਸੀ ਪੀਣੀ ਸ਼ੁਰੂ ਕਰ ਦਿੱਤੀ। ਚੌਦਾਂ ਪੰਦਰਾਂ ਸਾਲ ਦੀ ਉਮਰ ਤਕ ਉਹ ਇਸ ਨਸ਼ੇ ਦਾ ਇਸ ਹੱਦ ਤਕ ਆਦੀ ਹੋ ਗਿਆ ਸੀ ਕਿ
ਗਿਆਰਾਂ ਬਾਰਾਂ ਸ਼ੀਸ਼ੀਆਂ ਰੋਜ਼ ਪੀ ਜਾਂਦਾ। ਕੱਚੀ ਉਮਰ ਵਿਚ ਨਸ਼ਾ ਕਰਨ ਦੇ ਨਾਲ ਉਸ ਦੀਆਂ ਨਸਾਂ ਮਰ ਚੁੱਕੀਆਂ ਸਨ। ਏਥੋਂ ਤਕ ਕਿ ਉਹ ਵਿਆਹ ਦੇ ਕਾਬਲ ਹੀ ਨਹੀਂ ਸੀ ਰਿਹਾ। ਜਦੋਂ ਤਕ ਲਾਚਾਰ ਮਾਂ ਬਾਪ ਨੇ ਡਾਕਟਰਾਂ ਤਕ ਪਹੁੰਚ ਕੀਤੀ ਉਦੋਂ ਤਕ ਮੁੰਡਾ ਜ਼ਿੰਦਗੀ ਦਾ ਬਹੁਤ ਕੁਝ ਗੰਵਾ ਚੁੱਕਾ ਸੀ। ਮਾਪੇ ਇੱਕ ਪਾਸੇ ਤਾਂ ਮੁੰਡੇ ਦੀ ਹਾਲਤ ਤੋਂ ਨਿਰਾਸ਼ ਸਨ ਅਤੇ ਦੂਸਰੇ ਪਾਸੇ ਖੁਸਰਿਆਂ ਦੀ ਨਵੀਂ ਆਫਤ ਸਿਰ ‘ਤੇ ਆਣ ਪਈ ਸੀ। ਹੋਇਆ ਇਹ ਕਿ ਇੱਕ ਦਿਨ ਡਾਕਟਰ ਮੁੰਡੇ ਦੇ ਗੁਪਤ ਅੰਗਾਂ ਦਾ ਚੈੱਕ ਕਰ ਰਹੇ ਸਨ ਕਿ ਦੋ ਖੁਸਰੇ ਵੀ ਸਰਜਰੀ ਵਿਚ ਆਏ ਜਿਹਨਾ ਦੀ ਨਜ਼ਰ ਇਸ ਮੁੰਡੇ ‘ਤੇ ਪੈ ਗਈ ਤਾਂ ਉਹ ਤਾੜੀ ਮਾਰ ਉੱਠੇ ਕਿ ਇਹ ਤਾਂ ਸਾਡੇ ਵਿਚੋਂ ਹੈ। ਗੱਲ ਤੇਜ਼ੀ ਨਾਲ ਖੁਸਰਿਆਂ ਦੇ ਡੇਰੇ ਪਹੁੰਚ ਗਈ ਅਤੇ ਉਹ ਮਗਰ ਪੈ ਗਏ। ਮਾਪਿਆਂ ਨੇ ਕਾਹਲੀ ਕਰਕੇ ਚੋਰੀ ਚੋਰੀ ਮੁੰਡੇ ਨੂੰ ਕਲਿਨਕ ਵਿਚੋਂ ਖਿਸਕਾ ਕੇ ਰਿਸ਼ਤੇਦਾਰਾਂ ਦੇ ਲੁਕੋ ਦਿੱਤਾ। ਮੈਂ ਆਪਣੇ ਵਿੱਤ ਮੁਤਾਬਕ ਖੁਸਰਿਆਂ ਨੂੰ ਉਹਨਾ ਦੇ ਮਗਰੋਂ ਲਾਹਿਆ ਤਾਂ ਮਾਪੇ ਅਸੀਸਾਂ ਦਿੰਦੇ ਆਪਣੇ ਘਰ ਪਰਤ ਗਏ। ਉਹ ਤਾਂ ਚਲੇ ਗਏ ਪਰ ਮੇਰੇ ਲਈ ਉਹ ਇੱਕ ਅਸਹਿ ਮਾਨਸਿਕ ਪੀੜਾ ਛੱਡ ਗਏ ਕਿ ਕਿਵੇਂ ਪੁੱਤਰ ਦੇ ਹੁੰਦਿਆਂ ਸੁੰਦਿਆਂ ਉਸ ਦੇ ਮਾਪੇ ਔਂਤ ਹੋਣ ਦਾ ਸੰਤਾਪ ਹੰਢਾ ਰਿਹਾ ਹੈ। ਇਹ ਕਹਾਣੀ ਮੇਰੇ ਪੰਜਾਬ ਦੇ ਕਿਸੇ ਇੱਕ ਘਰ ਦੀ ਨਹੀਂ ਸਗੋਂ ਸੈਂਕੜੇ ਹਜ਼ਾਰਾਂ ਪਰਿਵਾਰਾਂ ਦੀ ਹੋਣੀ ਬਣੀ ਬੈਠੀ ਹੈ।
ਇਥੇ ਇਹ ਪੁਲਿਸ ਅਫਸਰ ਕੁਝ ਕਵਿਤਾ ਦੇ ਸ਼ੇਅਰ ਵੀ ਬੋਲਦਾ ਹੈ-
ਕੁਝ ਮਾਵਾਂ ਦੇ ਚਾਅ ਸੀ ਪੁੱਤ ਵਿਆਹੁਣ ਦੇ।
ਭੈਣਾਂ ਦੇ ਅਰਮਾਨ ਦੀ ਮਹਿੰਦੀ ਲਾਵਣ ਦੇ ।
ਕਲਗੀ ਸਿਹਰੇ ਦੇਖ ਕੇ ਬੁੱਕ ਬੁੱਕ ਰੋਣਗੀਆਂ,
ਬੇ ਮੌਤੇ ਮਰਿਆਂ ਨੂੰ ਅੱਖੀਆਂ ਰੋਣਗੀਆਂ।
ਜਦ ਕਿਧਰੇ ਇਤਹਾਸ ‘ਚ ਗੱਲਾਂ ਹੋਣਗੀਆਂ,
ਬੇ ਮੌਤੇ ਮਰਿਆਂ ਨੂੰ ਅੱਖੀਆਂ ਰੋਣਗੀਆਂ।
ਇਸ ਕਹਾਣੀ ਜਾਂ ਇਸ ਤਰਾਂ ਦੀਆਂ ਹੋਰ ਕਹਾਣੀਆਂ ਸਬੰਧੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸਿੰਥੈਟਿਕ ਜਾਂ ਚਿੱਟ ਦੇ ਆਦੀ ਨਸ਼ੇੜੀ ਅਕਸਰ ਹੀ ਨਾਮਰਦੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਅਤੇ ਕਈ ਨਸ਼ੇੜੀ ਆਪਣੀ ਕਾਮ ਚੇਸ਼ਟਾ ਲਈ ਵੀ ਨਵੇਂ ਨਵੇਂ ਨਸ਼ਿਆਂ ਦਾ ਆਸਰਾ
ਲੈਂਦੇ ਇਸ ਕੋਹੜ ਵਿਚ ਹੋਰ ਵੀ ਡੂੰਘੇ ਧੱਸਦੇ ਜਾ ਰਹੇ ਹਨ। ਪੰਜਾਬ ਦੀ ਨੌਜਵਾਨੀ ਬਹੁਤੀ ਤਾਂ ਬਾਹਰਲੇ ਦੇਸ਼ਾਂ ਨੂੰ ਮੂੰਹ ਕਰ ਰਹੀ ਹੈ, ਕੁਝ ਕਰਜ਼ਿਆਂ ਤੋਂ ਦੁਖੀ ਹੋ ਫਾਹੇ ਲੈ ਰਹੇ ਹਨ ਅਤੇ ਬਹੁਤ ਵੱਡੀ ਗਿਣਤੀ ਵਿਚ ਨਸ਼ਿਆਂ ਦੀ ਦਲਦਲ ਵਿਚ ਗਰਕਦੀ ਜਾ ਰਹੀ ਹੈ। ਇਹ
ਸਮੱਸਿਆਂ ਏਨੀ ਗੰਭੀਰ ਹੈ ਕਿ ਪੰਜਾਬ ਸਰਕਾਰ ਨੂੰ ਇਸ ਪ੍ਰਤੀ ਇੱਕ ਵਾਈਟ ਪੇਪਰ ਜਾਰੀ ਕਰਕੇ ਇਸ ਦੀ ਸਹੀ ਅਤੇ ਸੱਚੀ ਤਸਵੀਰ ਦੁਨੀਆਂ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ।

ਕੇਸ ਨੰਬਰ ਦੋ

ਇੱਕ ਵੈਬ ਟੀਵੀ ਦੇ ਦਰਸ਼ਕਾਂ ਨੂੰ ਸੰਬੋਧਨ ਹੋ ਕੇ ਇਹ ਅਫਸਰ ਦਸਦਾ ਹੈ ਕਿ ਇਸ ਵੇਲੇ ਮੇਰੀ ਪੋਸਟਿੰਗ ਐਸ ਪੀ ਇਨਵੈਸਟੀਗੇਸ਼ਨ ਨਵਾਂ ਸ਼ਹਿਰ ਹੈ, ਪਰ ਇਸ ਤੋਂ ਪਹਿਲਾਂ ਮੇਰੀ ਪੋਸਟਿੰਗ ਪਟਿਆਲ ਵਿਖੇ ਬਤੌਰ ਐਸ ਪੀ ਸੀ। ਮੈਂ ਉਥੇ ਡੀ ਐਸ ਪੀ ਅਤੇ ਐਸ ਐਚ ਓ ਦੀਆਂ
ਪੋਸਟਿੰਗਾਂ ਵੀ ਨਿਭਾ ਚੁੱਕਾ ਹਾਂ। ਬਤੌਰ ਐਸ ਪੀ ਹੁੰਦਿਆਂ ਗਸ਼ਤ ਕਰਨ ਤੋਂ ਬਾਅਦ ਜਦੋਂ ਮੈਂ ਥਾਣਾ ਸਿਵਲ ਲਾਈਨਜ਼ ਪਟਿਆਲਾ ਪਹਿੰਚਿਆ ਤਾਂ ਉਥੇ ਸਾਹਮਣੇ ਹਵਾਲਾਤ ਵਿਚ ਤਿੰਨ ਨੌਜਵਾਨ ਬੈਠੇ ਸਨ। ਇੱਕ ਦੇ ਲੰਬਾ ਲੜ ਮੋੜਵਾਂ ਪੀਲੇ ਰੰਗ ਦੀ ਪੱਗ ਦਾ ਟੰਗਿਆ ਹੋਇਆ ਸੀ। ਉਸ ਨੂੰ ਦੇਖ ਮੈਨੂੰ ਭਗਤ ਸਿੰਘ ,ਰਾਜਗੁਰੂ, ਸੁਖਦੇਵ ਦੀ ਯਾਦ ਆਈ। ਮੈਂ ਮੁਖ ਅਫਸਰ ਥਾਣੇ ਦੀ ਕੁਰਸੀ ਤੇ ਬੈਠਾ ਸਾਂ ਤਾਂ ਮੁਣਸ਼ੀ ਮੈਨੂੰ ਸਲੂਟ ਕਰਕੇ ਦੱਸਣ ਲੱਗਾ, ‘ਸਰ ਤਿੰਨ ਨਸ਼ੇੜੀ ਲਿਆਂਦੇ ਹਨ। ਨਾਭਾ ਰੋਡ ‘ਤੇ ਢਹੇ ਹੋਏ ਮਕਾਨ ਦੇ ਵਿਚੋਂ ਗਾਡਰ ਚੋਰੀ ਕਰਨ ਦੀ ਕੋਸ਼ਿਸ਼ ਵਿਚ ਸਨ। ਮਾਲਕਾਂ ਨੂੰ ਸੂਹ ਮਿਲੀ ਤਾਂ ਮੌਕੇ ‘ਤੇ ਫੜੇ ਗਏ। ਉਹਨਾ ਇਹਨਾ ਦੀ ਚੰਗੀ ਛਿੱਤਰ ਪਰੇਡ ਕੀਤੀ ਅਤੇ ਥਾਣੇ ਛੱਡ ਕੇ ਗਏ ਹਨ। ਇਹਨਾ ਸਬੰਧੀ ਇੱਕ ਵਾਰਡ ਨੰਬਰ ੮ ਤੋਂ ਐਮ ਸੀ ਦੀ ਪਤਨੀ ਵੀ ਬੈਠੀ ਹੈ। ਮੁਣਸ਼ੀ ਏਨਾ ਕਹਿ ਮੈਨੂੰ ਸਲੂਟ ਕਰਕੇ ਆਪਣੇ ਦਫਤਰ ਨੂੰ ਚਲਾ ਗਿਆ। ਮੈਂ ਤ੍ਰਬਕਿਆ ਕਿ ਵਾਰਡ ਨੰਬਰ ੮ ਤੋਂ ਮਤਲਬ ਮੇਰੇ ਦੋਸਤ ਸੰਧੂ ਸਾਹਬ ਦੀ ਪਤਨੀ! ਅੱਜ ਤੋਂ ੮ ਸਾਲ ਪਹਿਲਾਂ ਵੀ ਮੈਂ ਬਤੌਰ ਡੀ ਐਸ ਪੀ ਸਿਟੀ ਪਟਿਅਲਾ ਵਿਖੇ ਤੈਨਾਤ ਸਾਂ। ਸੰਧੂ ਸਾਹਬ ਦਾ ਮੁੰਡਾ ਖਾਲਸਾ ਹਾਈ ਸਕੂਲ ਵਿਚ ਪੜ੍ਹਦਾ ਹੋਇਆ ਗੋਲਾ ਸੁੱਟਚ ਵਿਚ ਇੰਡੀਆ ਵਿਚੋਂ ਪਹਿਲੇ ਨੰਬਾਰ ‘ਤੇ ਆਇਆ ਸੀ। ਉਸ ਸਮੇਂ ਮੁਹੱਲੇ ਦੇ ਸਾਰੇ ਲੋਕ ਅਤੇ ਵਿਦਿਆਰਥੀ ਉਸ ਨੂੰ ਰੇਲਵੇ ਸਟੇਸ਼ਨ ਤੋਂ ਸਕੂ਼ਲ ਤਕ ਖੁਲ੍ਹੀ ਜੀਪ ਵਿਚ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਬੈਂਡ ਵਾਜਿਆਂ ਸਮੇਤ ਲਿਆਏ ਸਨ।
—- ਮੈਂ ਮੁਡੇ ਦੀ ਮਾਂ ਨੂੰ ਥਾਣੇ ਅੰਦਰ ਬੁਲਾਇਆ। ਉਸ ਦੀਆਂ ਅੱਖਾਂ ਰੋ ਰੋ ਕੇ ਪੀਲੂ ਵਾਂਗ ਲਾਲ ਹੋਈਆਂ ਪਈਆਂ ਸਨ ਅਤੇ ਅੱਖਾਂ ਸ਼ਰਮ ਨਾਲ ਨੀਵੀਆਂ ਸਨ। ਉਹ ਹੱਥ ਜੋੜ ਕੇ ਕਹਿਣ ਲੱਗੀ, ‘ਵੀਰ ਜੀ ਇੱਕ ਵਾਰ ਤੁਸੀਂ ਇਸ ਨੂੰ ਮੁਆਫ ਕਰ ਦਿਓ, ਅੱਜ ਤੋਂ ਬਾਅਦ ਇਸ ਦੇ
ਨਸ਼ੇ ਲਈ ਪੈਸਿਆਂ ਦਾ ਪ੍ਰਬੰਧ ਮੈਂ ਖੁਦ ਕਰ ਦਿਆ ਕਰਾਂਗੀ – ਚੰਦਰਾ ਕਿਧਰੇ ਜਾਨ ਈ ਨਾ ਗੰਵਾ ਲਵੇ। ਮੈਂ ਉਸ ਨੂੰ ਹੌਸਲਾ ਦਿੱਤਾ ਤਾਂ ਉਹ ਦੱਸਣ ਲੱਗੀ, ‘ਸੰਧੂ ਸਾਹਬ ਮੁੰਡੇ ਨੂੰ ਆਪਣੇ ਹੱਥੀਂ ਖੁਰਾਕਾਂ ਖੁਆ ਕੇ ਖੁਸ਼ ਹੁੰਦੇ ਸਨ ਅਤੇ ਹਰ ਹਫਤੇ ਫੀਤੇ ਨਾਲ ਡੌਲਿਆਂ ਦੀ ਮਿਣਤੀ ਕਰਦੇ। ਉਹਨਾ ਦੇ ਜਾਣ ਤੋਂ ਬਾਅਦ ਪਤਾ ਨਹੀਂ ਕਦੋਂ ਇਹ ਸਮੈਕੀਆ ਦੀ ਜੁੰਡਲੀ ਵਿਚ ਰਲ ਗਿਆ ਅਤੇ ਹੁਣ ਜਣੇ ਖਣੇ ਤੋਂ ਪੈਸੇ ਮੰਗਦਾ ਰਹਿੰਦਾ ਹੈ ਅਤੇ ਮੈਂ ਉਧਾਰ ਚੁਕਾਉਂਦੀ ਰਹਿੰਦੀ ਹਾਂ, ਇਸ ਨੂੰ ਤਾਂ ਉੱਕਾ ਹੀ ਕੋਈ ਸ਼ਰਮ ਹਯਾ ਨਹੀਂ ਹੈ। ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਵੀਰ ਜੀ ਇਕ ਵੇਰ ਇਸ ਨੂੰ ਮੁਆਫ ਕਰ ਦਿਓ’। ਮੈਂ ਗੱਲ ਦਾ ਰੁੱਖ ਬਦਲ ਕੇ ਘਰ ਦੀ ਸੁਖ ਸਾਂਦ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿਣ ਲੱਗਿ ਕਿਇਸਦੇ ਲੱਛਣਾ ਤੋਂ ਤੰਗ ਆ ਕੇ ਨੂੰਹ ਵੀ ਦੋ ਸਾਲ ਤੋਂ ਪੇਕੀਂ ਬੈਠੀ ਹੈ।
ਇਸੇ ਤਰਾਂ ਦੀਆਂ ਕਹਾਣੀਆਂ ਇਹ ਪੁਲਿਸ ਅਫਸਰ ਬੜੇ ਹੀ ਜਜ਼ਬਾਤੀ ਅੰਦਾਜ ਵਿਚ ਬਿਆਨ ਕਰਦਾ ਹੈ ਜਿਹਨਾ ਵਿਚ ਇੱਕ ਲੋਕਾਂ ਦੇ ਭਾਂਡੇ ਮਾਂਜ ਕੇ ਗੁਜਾਰਾ ਕਰਦੀ ੪੫ ਸਾਲ ਦੀ ਮਜ਼ਬੂਰ ਔਰਤ ਦੀ ਕਹਾਣੀ ਹੈ, ਜਿਸ ਦਾ ਸਮੈਕੀਆ ਪਤੀ ਉਸ ਦੀ ਕਮਾਈ ਨਸ਼ੇ ਵਿਚ ਉਡਾ ਦਿੰਦਾ ਹੈ ਅਤੇ ਉਸ ਮਜ਼ਬੂਰ ਨੂੰ ਕੁੱਟਦਾ ਮਾਰਦਾ ਵੀ ਸਿ, ਜਦ ਕਿ ਇਸ ਦੇ ਤਿੰਨ ਬੱਚੇ ਵੀ ਸਨ। ਸਮੇਕੀਏ ਪਤੀ ਨੇ ਤਾਂ ਬਾਰਾਂ ਸਾਲ ਦੀ ਆਪਣੀ ਕੁੜੀ ਨੂੰ ਵੀ ਕਿਸੇ ਠੇਕੇਦਾਰ ਭਈਏ ਨੂੰ ੧੦ ਹਜ਼ਾਰ ਵਿਚ ਵੇਚ ਦਿੱਤਾ ਸੀ। ਕਿਰਾਏ ਦੇ ਮਕਾਨ ਵਿਚੋਂ ਇਸ ਪਰਿਵਾਰ ਨੂੰ ਕਿਰਾਇਆ ਨਾ ਦੇ ਸਕਣ ਕਾਰਨ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਬਿਮਾਰੀ ਨਾਲ ਜੂਝਦੀ ਇਹ ਮਜ਼ਬੂਰ ਔਰਤ ਖੁਲ੍ਹੇ ਅਸਮਾਨ ਹੇਠ ਦਮ ਤੋੜ ਗਈ ਸੀ। ਉਸ ਮਜ਼ਬੂਰ ਔਰਤ ਦੇ ੬ ਸਾਲ ਦੀ ਕੁੜੀ ਅਤੇ ਦੋ ਸਾਲ ਦਾ ਮੁੰਡਾ ਅੱਜ ਵੀ ਮੇਰੀਆਂ ਅੱਖਾਂ ਮੂਹਰੇ ਹਨ। ਖੰਨੇ ਦੇ ਪਿੰਡ ਕੌੜੀ ਨਾਲ ਸਬੰਧਤ ਇਹ ਅਫਸਰ ਆਪਣੇ ਹੀ ਪਰਿਵਾਰ ਨਾਲ ਸਬੰਧਤ ਘਟਨਾ ਬਿਆਨਦਾ ਕਹਿੰਦਾ ਹੈ ਕਿ ਮਾਪਿਆਂ ਦਾ ਇੱਕੋ ਇੱਕ ਪੁੱਤਰ ਜੋ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਗਿਆ ਸੀ ਅਤੇ ਇਹ ਘਟਨਾ ਉਸ ਦੇ ਸਾਰੇ ਪਰਿਵਾਰ ਨੂੰ ਸੁੰਨ ਕਰ ਗਈ। ਇਹ ਤਿੰਨ ਭੈਣਾ ਦਾ ਇੱਕੋ ਇਕ ਭਰਾ ਸੀ। ਇਸ ਮੁੰਡੇ ਦੀ ਮੌਤ ਤੋਂ ਬਾਅਦ ਇਸ ਦੀ ਨਿੱਕੀ ਭੈਣ ਅੱਜ ਵੀ ਉਸ ਨੂੰ ਘਰ ਦੀਆਂ ਨੁੱਕਰਾਂ ਵਿਚੋਂ ਲੱਭਦੀ ਰਹਿੰਦੀ ਹੈ ਅਤੇ ਉਸ ਦੀ ਮਾਂ ਹਾਲੇ ਵੀ ਉਸ ਦੀ ਮੜੀ ਤੇ ਦੀਵਾ ਵੱਟੀ ਕਰਦੀ ਬਰਫੀ ਦੀਆਂ ਟੁੱਕੜੀਆਂ ਰੱਖਦੀ ਧਾਹਾਂ ਮਾਰਦੀ ਹੈ ਕਿਓਂਕਿ ਉਸ ਮੁੰਡੇ ਨੂੰ ਬਰਫੀ ਬਹੁਤ ਪਸੰਦ ਸੀ। ਇਹ ਕਹਾਣੀ ਕਹਿੰਦਾ ਕਹਿੰਦਾ ਇਹ ਅਫਸਰ ਬਹੁਤ ਜਜ਼ਬਾਤੀ ਹੋ ਜਾਂਦਾ ਹੈ ਅਤੇ ਉਸ ਦੀਆਂ ਅੱਖਾ ਨਮ ਹੋ ਜਾਂਦੀਆਂ ਹਨ। ਇਥੇ ਇਹ ਅਫਸਰ ਦੱਸਦਾ ਹੈ ਕਿ ਅਜੇਹੇ ਕੇਸਾਂ ਦੇ ਅੰਦਰਲਾ ਦਰਦ ਤਾਂ ਉਹ ਹੀ ਜਾਣਦਾ ਹੈ ਜਿਸ ਨਾ ਇਹ ਬੀਤੀ ਹੋਵੇ।
ਇਸੇ ਤਰਾਂ ਇਕ ਹੋਰ ਬਜ਼ੁਰਗ ਦੀ ਕਹਾਣੀ ਹੈ ਜਿਸ ਦੇ ਦੋ ਪੁੱਤਰ ਨਸ਼ੇ ਦੀ ਭੇਟ ਚੜ੍ਹ ਗਏ। ਹੁਣ ਇਸ ਬਜ਼ੁਰਗ ਦੀ ਮਾਨਸਕ ਹਾਲਤ ਇਥੋਂ ਤਕ ਵਿਗੜ ਗਈ ਕਿ ਉਹ ਲੋਕਾਂ ਨੂੰ ਆਪਣੇ ਘਰ ਆਉਣ ਤੋਂ ਰੋਕਦਾ ਹੈ ਕਿ ਮੈਂ ਔਂਤ ਹਾਂ ਮੇਰੇ ਘਰ ਨਾ ਆਇਓ। ਇਸ ਬਜ਼ੁਰਗ ਨੂੰ ਨੀਂਦ ਦਾ ਟੀਕਾ ਲਾ ਕੇ ਸੁਆਉਣਾ ਪੈਂਦਾ ਹੈ। ਇਸ ਤਰਾਂ ਦੇ ਦਰਦ ਸਰਕਾਰ ਦੇ ਕਿਸੇ ਰਿਕਾਰਡ ਵਿਚ ਨਹੀਂ ਹਨ। ਅਖ਼ੀਰ ‘ਤੇ ਇਹ ਅਫਸਰ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਨਸ਼ਾ ਰੋਕੂ ਯਤਨਾ ਬਾਰੇ ਦੱਸਦਾ ਹੋਇਆ ਗੁਹਾਰ ਦਿੰਦਾ ਹੈ ਕਿ ਲੋਕਾਂ ਦੇ ਸਾਥ ਬਿਨਾਂ ਇਹ ਜੰਗ ਨਹੀਂ ਜਿੱਤਿਆ ਜਾ ਸਕਦਾ ਤੇ ਲੋਕਾਂ ਤੋਂ ਸਾਥ ਦੀ ਮੰਗ ਕਰਦਾ ਇੱਕ ਸ਼ੇਅਰ ਨਾਲ ਆਗਿਆ ਲੈਂਦਾ ਹੈ–
ਨਾ ਸਮਝੋਗੇ ਤੋ ਮਿਟ ਜਾਓਗੇ ਐ ਹਿੰਦੋਸਤਾਂ ਵਾਲੋ,
ਤੁਮਾਹਰੀ ਦਾਸਤਾਨ ਤਕ ਨਾ ਹੋਗੀ ਦਾਸਤਾਨੋ ਮੇਂ।

Real Estate