ਦੈਂਤ ਵਾਂਗ ਲੋਕਾਂ ਨੂੰ ਨਿਗਲ ਰਹੇ ਕੈਂਸਰ ਦਾ ਕੀ ਹੈ ਕਾਰਨ ? ਜਿੰਨੇ ਮੂੰਹ ਓਨੀਆਂ ਗੱਲਾਂ

597

BBC

“ਸਾਡੇ ਪਿੰਡ ਵਿੱਚ ਕੈਂਸਰ ਕਾਰਨ ਬਹੁਤ ਮੌਤਾਂ ਹੋ ਰਹੀਆਂ ਹਨ, ਕੈਂਸਰ ਹੋ ਕਿਉਂ ਰਿਹਾ ਹੈ, ਇਸ ਬਾਰੇ ਸਾਨੂੰ ਨਹੀਂ ਪਤਾ” ਇਹ ਸ਼ਬਦ ਹਨ ਕੈਂਸਰ ਕਾਰਨ ਆਪਣੇ ਨੌਜਵਾਨ ਭਰਾ ਨੂੰ ਗੁਆ ਬੈਠੇ ਦਿਲਬਾਗ ਸਿੰਘ ਦੇ। ਦੁਪਹਿਰ ਦੇ ਕਰੀਬ 1ਵਜੇ ਬੀਬੀਸੀ ਦੀ ਟੀਮ ਜਦੋਂ ਪਿੰਡ ਸ਼ੇਖਪੁਰਾ ਪਹੁੰਚੀ ਤਾਂ ਦਿਲਬਾਗ ਸਿੰਘ ਖੇਤ ਨੂੰ ਪਾਣੀ ਲਾਉਣ ਲਈ ਚੱਲਿਆ ਸੀ। ਗਰਮੀ ਕਾਰਨ ਹੁੰਮ੍ਹਸ ਭਰੇ ਮਾਹੌਲ ਵਿੱਚ ਮੰਜੇ ਉੱਤੇ ਬੈਠਦੇ ਹੋਏ ਦਿਲਬਾਗ ਸਿੰਘ ਨੇ ਦੱਸਿਆ ਕਿ ਛੋਟੇ ਭਰਾ ਸੁਖਮੰਦਰ ਸਿੰਘ ਦੀ 26 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ।ਉਨ੍ਹਾਂ ਘਰ ਦੇ ਵਿਹੜੇ ਵਿੱਚ ਛਾਂ ਵਾਲੀ ਥਾਂ ਉੱਤੇ ਪਏ ਮੰਜੇ ਉੱਤੇ ਬੈਠਣ ਲਈ ਆਖਿਆ। ਆਪਣੇ ਅਤੇ ਭਰਾ ਦੇ ਪਰਿਵਾਰ ਦੀ ਦੇਖਭਾਲ ਕਰ ਰਹੇ ਦਿਲਬਾਗ ਸਿੰਘ ਨੇ ਦੱਸਿਆ ਕਿ ਅਜੇ ਉਹ ਭਰਾ ਦੀ ਮੌਤ ਦੇ ਸਦਮੇ ਤੋਂ ਉੱਭਰਿਆ ਨਹੀਂ ਸੀ ,ਹੁਣ ਉਸ ਦੀ ਮਾਤਾ ਨੂੰ ਕੈਂਸਰ ਨੇ ਘੇਰ ਲਿਆ ਹੈ।

ਪੰਜਾਬ ‘ਚ ਕੈਂਸਰ ਲਈ ਰਸਾਇਣਕ ਖਾਦਾਂ ਕਿੰਨੀਆਂ ਜ਼ਿੰਮੇਵਾਰ?

ਮੱਥੇ ਤੋਂ ਮੁੜ੍ਹਕੇ ਨੂੰ ਸਾਫ਼ ਕਰਦਿਆਂ ਦਿਲਬਾਗ ਸਿੰਘ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਬਾਰੇ ਸਾਡੇ ਪਿੰਡ ਦੇ ਬੱਚੇ- ਬੱਚੇ ਨੂੰ ਪਤਾ ਹੈ। ਉਨ੍ਹਾਂ ਆਖਿਆ ਕਿ ਪਿੰਡ ਵਿੱਚ ਕੈਂਸਰ ਕਾਰਨ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਹਨ।ਦਿਲਬਾਗ ਸਿੰਘ ਦੱਸਦਾ ਹੈ ਕਿ ਕੋਈ ਆਖਦਾ ਹੈ ਕਿ ਕੈਂਸਰ ਦਾ ਕਾਰਨ ਖ਼ਰਾਬ ਪਾਣੀ ਅਤੇ ਕੋਈ ਫ਼ਸਲਾਂ ਉੱਤੇ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਨੂੰ ਇਸ ਦਾ ਕਾਰਨ ਆਖਦਾ ਹੈ, ਪਰ ਸਾਨੂੰ ਨਹੀਂ ਪਤਾ ਇਹ ਕਿਉਂ ਹੋ ਰਿਹਾ।ਉਨ੍ਹਾਂ ਆਖਿਆ ਕਿ ਡਾਕਟਰ ਆਉਂਦੇ ਹਨ ਮਰੀਜ਼ਾਂ ਨੂੰ ਦਵਾਈ ਦੇ ਕੇ ਚਲੇ ਜਾਂਦੇ ਪਰ ਕਾਰਨ ਕੋਈ ਨਹੀਂ ਦੱਸਦਾ। ਉਨ੍ਹਾਂ ਆਖਿਆ ਕਿ ਕੈਂਸਰ ਕਾਰਨ ਸਾਡੇ ਪਿੰਡ ਵਿੱਚ ਮੌਤਾਂ ਦੀ ਗਿਣਤੀ ਘਟੀ ਨਹੀਂ ਸਗੋਂ ਵੱਧ ਰਹੀ ਹੈ।ਐਨੇ ਚਿਰ ਨੂੰ ਦਿਲਬਾਗ ਸਿੰਘ ਦੀ ਮਾਤਾ ਨਸੀਬ ਕੌਰ ਵੀ ਆ ਕੇ ਉਸਦੇ ਨਾਲ ਮੰਜੇ ਉੱਤੇ ਬੈਠਦੀ ਹੈ। ਨਸੀਬ ਕੌਰ ਆਖਦੀ ਹੈ ਕਿ ਉਹ ਵੀ ਕੈਂਸਰ ਦੀ ਪੀੜਤ ਹੈ ਅਤੇ ਦਵਾਈ ਚੱਲ ਰਹੀ ਹੈ।
ਨਸੀਬ ਕੌਰ ਨੂੰ ਕੈਂਸਰ ਦੀ ਬਿਮਾਰੀ ਬਾਰੇ ਜ਼ਿਆਦਾ ਗੱਲ ਕਰਨੀ ਚੰਗੀ ਨਹੀਂ ਸੀ ਲੱਗ ਰਹੀ ,ਇਸ ਕਰ ਕੇ ਉਹ ਉੱਠ ਕੇ ਚਲੀ ਗਈ।ਪਰ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਬੋਲ ਸਨ, ਮੀਡੀਆ ਵਾਲੇ ਆਉਂਦੇ ਹਨ ਫ਼ੋਟੋਆਂ ਲੈ ਜਾਂਦੇ ਹਨ ਅਤੇ ਵਾਰ ਵਾਰ ਇੱਕੋ ਸਵਾਲ ਪੁੱਛ ਕੇ ਸਾਨੂੰ ਰੋਣ ਲਈ ਪਿੱਛੇ ਛੱਡ ਜਾਂਦੇ ਹਨ। ਇਸ ਤੋਂ ਬਾਅਦ ਦਿਲਬਾਗ ਸਿੰਘ ਨੇ ਵੀ ਪਾਣੀ ਦੀ ਵਾਰੀ ਦਾ ਹਵਾਲਾ ਦਿੰਦੇ ਹੋਏ ਖੇਤਾਂ ਵਾਲੇ ਪਾਸੇ ਨੂੰ ਚਾਲਾ ਪਾ ਦਿੱਤਾ।

ਜ਼ਿਲ੍ਹਾ ਬਠਿੰਡਾ ਦੇ ਪਿੰਡ ਸ਼ੇਖਪੁਰਾ ਵਿੱਚ ਪਿੰਡ ਤੋਂ ਬਾਹਰ ਖੇਤਾਂ ਵਿੱਚ ਆਪਣੇ ਬੱਚਿਆਂ ਨਾਲ ਰਹਿ ਰਹੀ 65 ਸਾਲਾ ਹਰਬੰਸ ਕੌਰ ਦਾ ਘਰ ਵੀ ਕੈਂਸਰ ਕਾਰਨ ਸੁੰਨਾ ਹੋਇਆ ਹੈ। ਨਸੀਬ ਕੌਰ ਦੇ ਪਤੀ ਤੇਜਾ ਸਿੰਘ ਦੀ ਕੁਝ ਸਾਲ ਪਹਿਲਾਂ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋਈ ਹੈ।ਉਨ੍ਹਾਂ ਆਖਿਆ ਕਿ ਹੁਣ ਤਾਂ ਪਿੰਡ ਵਿੱਚ ਉਦੋਂ ਹੀ ਪਤਾ ਲੱਗਦਾ ਹੈ ਕਿ ਫਲਾਣਾ ਦੀ ਮੌਤ ਹੋ ਗਈ ਹੈ, ਕਾਰਨ ਬਸ ਕੈਂਸਰ ਹੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪਤੀ ਨੂੰ ਕੈਂਸਰ ਕਿਵੇਂ ਹੋਇਆ ਇਹ ਪਤਾ ਹੀ ਨਹੀਂ ਲੱਗਾ।ਬਿਮਾਰੀ ਦੀ ਪਤਾ ਲੱਗਣ ਉੱਤੇ ਇਲਾਜ ਬਹੁਤ ਕਰਵਾਇਆ ਪਰ ਕੁਝ ਵੀ ਪੱਲੇ ਨਹੀਂ ਪਿਆ। ਉਨ੍ਹਾਂ ਆਖਿਆ ਕਿ ਹੁਣ ਤਾਂ ਸਾਡੇ ਪਿੰਡ ਦੀ ਪਛਾਣ ਹੀ ਕੈਂਸਰ ਬਣ ਗਈ ਹੈ।ਜਦੋਂ ਉਨ੍ਹਾਂ ਨੂੰ ਪੱਛਿਆ ਗਿਆ ਕਿ ਖਾਦਾਂ ਕਾਰਨ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ ਤਾਂ ਉਨ੍ਹਾਂ ਆਖਿਆ ਕਿ ਇਸ ਦਾ ਤਾਂ ਮੈਨੂੰ ਪਤਾ ਨਹੀਂ ਪਰ ਕੀਟਨਾਸ਼ਕਾਂ ਜ਼ਰੂਰ ਪੈਂਦਾ ਹੋਵੇਗਾ।ਜਦੋਂ ਪੁੱਛਿਆ ਗਿਆ ਕਿ ਕਿਵੇਂ, ਤਾਂ ਉਨ੍ਹਾਂ ਦਾ ਜਵਾਬ ਸੀ ਜਦੋਂ ਸਪਰੇਅ ਕਾਰਨ ਸੁੰਡੀ ਮਰਦੀ ਹੈ ਤਾਂ ਇਸ ਦਾ ਅਸਰ ਸਾਡੇ ਉੱਤੇ ਕਿਉਂ ਨਹੀਂ ਪਵੇਗਾ। ਉਹ ਸਵਾਲ ਵੀ ਕਰਦੇ ਹਨ, ਸਪਰੇਅ ਪੀ ਕੇ ਜੇਕਰ ਬੰਦੇ ਮਰੀ ਜਾਂਦੇ ਹਨ ਤਾਂ ਇਸ ਦਾ ਅਸਰ ਕਿਉਂ ਨਹੀਂ ਹੁੰਦਾ।ਪਿੰਡ ਸ਼ੇਖਪੁਰਾ ਦੇ ਨੌਜਵਾਨ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਫ਼ਸਲਾਂ ਉੱਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਉਨ੍ਹਾਂ ਦੀ ਮਜਬੂਰੀ ਹੈ ਕਿਉਂਕਿ ਇਸ ਤੋਂ ਬਿਨਾਂ ਖੇਤੀ ਕਰਨੀ ਸੰਭਵ ਨਹੀਂ ਹੈ ਕਿਉਂਕਿ ਫ਼ਸਲ ਕੀੜੇ ਹੀ ਖਾ ਜਾਂਦੇ ਹਨ।ਉਨ੍ਹਾਂ ਆਖਿਆ ਕਿ ਜ਼ਿਆਦਾਤਰ ਕਿਸਾਨ ਕੀਟਨਾਸ਼ਕਾਂ ਦਾ ਛਿੜਕਾਅ ਆਪਣੇ ਹਿਸਾਬ ਨਾਲ ਕਰਦੇ ਹਨ ਕਿਉਂਕਿ ਖੇਤੀਬਾੜੀ ਵਿਭਾਗ ਦਾ ਕੋਈ ਅਧਿਕਾਰੀ ਉਨ੍ਹਾਂ ਨੂੰ ਨਹੀਂ ਦੱਸਦਾ।ਇਸ ਪਿੰਡ ਦੇ ਇੱਕ ਹੋਰ ਕਿਸਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਕੀਟਨਾਸ਼ਕ ਦਵਾਈਆਂ ਦੇ ਉੱਪਰ ਬਕਾਇਦਾ ਖ਼ਤਰੇ ਦਾ ਨਿਸ਼ਾਨ ਲੱਗਾ ਹੁੰਦਾ ਹੈ ਉਸ ਦਾ ਮਤਲਬ ਸਭ ਨੂੰ ਪਤਾ ਹੈ।ਜੇਕਰ ਦਵਾਈਆਂ ਖ਼ਤਰਨਾਕ ਨਹੀਂ ਹਨ ਤਾਂ ਕੰਪਨੀਆਂ ਇਹ ਨਿਸ਼ਾਨ ਕਿਉਂ ਲਗਾਉਂਦੀਆਂ ਹਨ।

ਪੰਜਾਬ ਵਿੱਚ ਕੀਟਨਾਸ਼ਕਾਂ ਦੀ ਖਪਤ

ਜੇਕਰ ਪੰਜਾਬ ਖੇਤੀਬਾੜੀ ਮਹਿਕਮੇ ਦੇ ਅੰਕੜਿਆਂ ਗੱਲ ਕਰੀਏ ਤਾਂ ਪੰਜਾਬ ਵਿਚ ਕੀਟਨਾਸ਼ਕ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਵਿੱਚ ਸਾਲ ਦਰ ਸਾਲ ਵਾਧਾ ਹੋ ਰਿਹਾ ਹੈ ਇਸ ਗੱਲ ਦੀ ਗਵਾਹੀ ਪੰਜਾਬ ਖੇਤੀਬਾੜੀ ਮਹਿਕਮੇ ਦੇ ਅੰਕੜੇ ਭਰਦੇ ਹਨ। ਪੰਜਾਬ ਵਿੱਚ ਕੀਟਨਾਸ਼ਕ ਅਤੇ ਕੀੜੇਮਾਰ ਦਵਾਈਆਂ ਦੀ ਖਪਤ ਦਾ ਅੰਕੜਾ (2012-13 ਟੋ 2017-18)।
ਸਾਲ ਤਕਨੀਕੀ ਗਰੇਡ ਵਿੱਚ ਖਪਤ
2012-13 5725
2013-14 5720
2014-15 5699
2015-16 5721
2016-17 5843
2017-18(ਠ) 5835

ਸਰੋਤ: ਖੇਤੀਬਾੜੀ ਵਿਭਾਗ, ਪੰਜਾਬ ਸਰਕਾਰ

ਪੰਜਾਬ ਵਿਚ ਰਸਾਇਣਕ ਖਾਦਾਂ ,ਕੀਟਨਾਸ਼ਕ ਅਤੇ ਨਦੀਨ-ਨਾਸ਼ਕ ਦੀ ਵਧਦੀ ਖਪਤ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਖੇਤੀ ਵਿਰਾਸਤ ਮਿਸ਼ਨ ਦੇ ਮੁਖੀ ਉਮਿੰਦਰ ਦੱਤ ਦੱਸਿਆ ਕਿ ਜਿਸ ਤਰੀਕੇ ਨਾਲ ਪੰਜਾਬ ਵਿਚ ਰਸਾਇਣਾਂ ਦੀ ਵਰਤੋਂ ਹੋ ਰਹੀ ਹੈ ਉਹ ਪੰਜਾਬ ਦੇ ਵਾਤਾਵਰਨ ਅਤੇ ਸਿਹਤ ਲਈ ਵੱਡਾ ਸੰਕਟ ਹੈ। ਉਨ੍ਹਾਂ ਆਖਿਆ ਕਿ ਪੰਜਾਬ ਅਧੀਨ ਹਿੰਦੁਸਤਾਨ ਦਾ ਡੇਢ ਫ਼ੀਸਦੀ ਰਕਬਾ ਹੈ ਪਰ ਇੱਥੇ ਕੀਟਨਾਸ਼ਕਾਂ ਦੀ ਦੇਸ਼ ਭਰ ਵਿਚੋਂ 18 ਫ਼ੀਸਦੀ ਖਪਤ ਅਤੇ ਕੈਮੀਕਲ ਯੁਕਤ ਖਾਦਾਂ ਦੀ ਵਰਤੋਂ 14 ਫ਼ੀਸਦੀ ਹੈ।ਧਰਤੀ ਉੱਤੇ ਇੰਨੇ ਜ਼ਿਆਦਾ ਰਸਾਇਣਕ ਖਾਦਾਂ ,ਕੀਟਨਾਸ਼ਕ ਅਤੇ ਨਦੀਨ-ਨਾਸ਼ਕ ਦੀ ਵਰਤੋਂ ਨਾਲ ਪੰਜਾਬ ਇੱਕ ਮਰਦੀ ਹੋਈ ਸਭਿਅਤਾ ਵੱਲ ਵਧਦਾ ਜਾ ਰਿਹਾ ਹੈ।ਉਹਨਾ ਆਖਿਆ ਕਿ ਬਠਿੰਡਾ, ਮਾਨਸਾ,ਸੰਗਰੂਰ, ਫ਼ਰੀਦਕੋਟ ਅਤੇ ਮੁਕਤਸਰ ਨੂੰ ਕਪਾਹ ਪੱਟੀ ਵਜੋਂ ਜਾਣਿਆ ਜਾਂਦਾ ਹੈ ਅਤੇ ਕੈਂਸਰ ਵੀ ਇਹਨਾਂ ਹੀ ਇਲਾਕਿਆਂ ਵਿਚ ਜ਼ਿਆਦਾ ਹੈ ਕਿਉਂਕਿ ਇੱਥੇ ਕੀਟਨਾਸ਼ਕਾਂ ਦਾ ਇਸਤੇਮਾਲ ਵੱਡੀ ਗਿਣਤੀ ਵਿਚ ਹੋ ਰਿਹਾ ਹੈ।ਉਮਿੰਦਰ ਦੱਤ ਮੁਤਾਬਕ ਜੇਕਰ ਪੰਜਾਬ ਨੂੰ ਬਚਾਉਣ ਹੈ ਤਾਂ ਵਾਤਾਵਰਨ ਐਮਰਜੈਂਸੀ ਦਾ ਤੁਰੰਤ ਐਲਾਨ ਕਰ ਦੇਣਾ ਚਾਹੀਦਾ ਹੈ। ਦੱਤਾ ਮੁਤਾਬਕ ਹਰ ਸਾਲ ਦਸ ਫ਼ੀਸਦੀ ਖੇਤੀ ਨੂੰ ਕੁਦਰਤੀ ਖੇਤੀ ਵੱਲ ਲੈ ਕੇ ਜਾਣ ਦੀ ਸਕੀਮ ਸਰਕਾਰ ਨੂੰ ਉਲੀਕਣੀ ਹੋਵੇਗੀ।

ਮਾਲਵੇ ਵਿੱਚ ਕੈਂਸਰ ਦੀ ਸਥਿਤੀ

ਮਾਲਵੇ ਦੇ ਪਿੰਡਾਂ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦਿਨ ਪ੍ਰਤੀ ਕਿਉਂ ਵੱਧ ਰਹੀ ਹੈ ਇਸ ਦਾ ਪਤਾ ਲਗਾਉਣ ਲਈ ਅਸੀਂ ਡਿਪਾਰਟਮੈਂਟ ਆਫ਼ ਕਾਮਿਊਨਟੀ ਮੈਡੀਸਨ ਸਕੂਲ ਆਫ਼ ਪਬਲਿਕ ਹੈਲਥ, ਪੀਜੀਆਈ ਚੰਡੀਗੜ੍ਹ ਦੇ ਪ੍ਰੋਫੈਸਰ ਜੀ ਐਸ ਠਾਕੁਰ ਨਾਲ ਗੱਲ ਕੀਤੀ।ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੈਂਸਰ ਦਰ ਉੱਨੀ ਹੀ ਹੈ ਜਿੰਨੀ ਕਿ ਬਾਕੀ ਸੂਬਿਆਂ ਵਿੱਚ। ਨਾਲ ਹੀ ਉਨ੍ਹਾਂ ਦੱਸਿਆ ਕਿ ਜੇਕਰ ਪੰਜਾਬ ਦੇ ਮਾਝਾ, ਦੁਆਬਾ ਅਤੇ ਮਾਲਵੇ ਦਾ ਅਧਿਐਨ ਕਰੀਏ ਤਾਂ ਮਾਲਵਾ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ।ਉਨ੍ਹਾਂ ਦੱਸਿਆ ਕਿ ਮਾਨਸਾ ਅਤੇ ਸੰਗਰੂਰ ਜ਼ਿਲਿਆਂ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਕੈਂਸਰ ਦਾ ਕਾਰਨ ਇੱਕ ਨਹੀਂ ਹੈ ਸਗੋਂ ਕਈ ਹਨ। ਇਹਨਾਂ ਵਿਚ ਕੀਟ ਨਾਸ਼ਕ ਵੀ ਇੱਕ ਹੈ। ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਖਾਦ ਦੇ ਕਾਰਨ ਕੈਂਸਰ ਹੋਣ ਦਾ ਕੋਈ ਪ੍ਰਮਾਣਿਕ ਸਬੂਤ ਨਹੀਂ ਮਿਲਿਆ।ਡਾਕਟਰ ਠਾਕੁਰ ਨੇ ਦੱਸਿਆ ਕਿ ਉਹਨਾਂ ਵੱਲੋਂ ਕੀਤੀ ਗਈ ਸਟੱਡੀ ਦੇ ਮੁਤਾਬਕ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਵਿਚ ਕੈਂਸਰ ਜਿਆਦਾ ਪਾਇਆ ਜਾ ਰਿਹਾ ਹੈ ਇਸ ਦਾ ਕਾਰਨ ਉਹਨਾਂ ਬਦਲਦੇ ਲਾਈਫ ਸਟਾਇਲ ਨੂੰ ਦੱਸਿਆ।
ਦੂਜੇ ਪਾਸੇ ਬਠਿੰਡਾ ਸਥਿਤ ਐਡਵਾਂਸ ਕੈਂਸਰ ਡਾਇਗਨੋਸਿਟਕ ਟਰੀਟਮੈਂਟ ਅਤੇ ਰਿਸਰਚ ਸੈਂਟਰ ਦੇ ਮੈਡੀਕਲ ਸੁਪਰਡੈਂਟ ਡਾਕਟਰ ਦੀਪਕ ਅਰੋੜਾ ਨੇ ਵੀ ਦੱਸਿਆ ਕਿ ਕੈਂਸਰ ਲਈ ਇਕੱਲਾ ਸਿਰਫ਼ ਕੀਟਨਾਸ਼ਕ ਹੀ ਜ਼ਿੰਮੇਵਾਰ ਨਹੀਂ ਸਗੋਂ ਵੀ ਕਈ ਕਾਰਨ ਹਨ। ਉਨ੍ਹਾਂ ਆਖਿਆ ਕਿ ਜਦੋਂ ਕੀਟਨਾਸ਼ਕ ਭੋਜਨ ਪ੍ਰਣਾਲੀ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਉਹ ਕੈਂਸਰ ਦਾ ਇੱਕ ਕਾਰਨ ਬਣਦਾ ਹੈ। ਕੈਂਸਰ ਮਹਿਲਾਵਾਂ ਅਤੇ ਪੁਰਸ਼ਾਂ ਵਿਚ ਦੋਵਾਂ ਵਿਚ ਪਾਇਆ ਜਾ ਰਿਹਾ ਹੈ
ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਲੁਧਿਆਣਾ ਤੋ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸਵਾਲ ਦੇ ਜਵਾਬ ਵਿੱਚ ਆਖਿਆ ਸੀ ਕਿ ਪੰਜਾਬ ਵਿੱਚ ਵੀ ਕੈਂਸਰ ਦੇ ਮਰੀਜ਼ਾਂ ਦੀ ਔਸਤਨ ਦਰ ਓਨੀ ਹੈ ਜਿੰਨੀ ਕਿ ਦੂਜੇ ਸੂਬਿਆਂ ਵਿੱਚ।
ਉਨ੍ਹਾਂ ਸਪਸ਼ਟ ਕੀਤਾ ਸੀ ਕਿ ਖਾਦਾਂ ਦੇ ਕਾਰਨ ਕੈਂਸਰ ਨਹੀਂ ਹੋ ਰਿਹਾ ਬਲਕਿ ਕੀਟਨਾਸ਼ਕ ਇਸ ਦਾ ਕਾਰਨ ਜ਼ਰੂਰ ਹਨ। ਉਨ੍ਹਾਂ ਨਾਲ ਹੀ ਸਪਸ਼ਟ ਕੀਤਾ ਸੀ ਕਿ ਜੋ ਵੀ ਕੀਟਨਾਸ਼ਕ ਅਜਿਹੇ ਹਨ ਉਨ੍ਹਾਂ ਨੂੰ ਤੁਰੰਤ ਬੈਨ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਸ਼ੁਰੂ ਕੀਤੀ ਹੋਈ ਜਿਸ ਦੇ ਤਹਿਤ ਮਰੀਜ਼ਾਂ ਦਾ ਡੇਢ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ।

Real Estate