ਚੌਥੀ ਜਮਾਤ ਦੀ ਵਿਦਿਆਰਥਣ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਦੋਸ਼ੀ ਕਾਬੂ

1093

ਬਠਿੰਡਾ/ 1 ਅਗਸਤ/ ਬਲਵਿੰਦਰ ਸਿੰਘ ਭੁੱਲਰ

ਚੌਥੀ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਤੇ ਛੇੜਛਾੜ ਕਰਨ ਵਾਲੇ ਦੀ ਸਨਾਖਤ ਕਰਦਿਆਂ ਸਬੰਧਤ ਪੁਲਿਸ ਨੇ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ। ਜਿਲ੍ਹਾ ਪੁਲਿਸ ਮੁਖੀ ਡਾ: ਨਾਨਕ ਸਿੰਘ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਜੁਲਾਈ ਨੂੰ ਤਲਵੰਡੀ ਸਾਬੋ ਵਿਖੇ ਇੱਕ 9 ਸਾਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਬੱਚੀ ਪੈਨਸਨ ਲੈਣ ਲਈ ਦੁਕਾਨ ਤੇ ਗਈ ਸੀ। ਜਦ ਉਹ ਦੁਕਾਨ ਤੋਂ ਵਾਪਸ ਆ ਰਹੀ ਸੀ ਤਾਂ ਇੱਕ ਮੋਨਾ ਨੌਜਵਾਨ ਮੋਟਰ ਸਾਈਕਲ ਤੇ ਉਸ ਪਾਸ ਆ ਕੇ ਕਹਿਣ ਲੱਗਾ ਕਿ ਮੈਂ ਤੇਰਾ ਚਾਚਾ ਲਗਦਾ ਹਾਂ ਤੈਨੂੰ ਤੇਰੇ ਬਾਪ ਨੇ ਖੇਤ ਬੁਲਾਇਆ ਹੈ। ਬੱਚੀ ਉਸਤੇ ਵਿਸਵਾਸ ਕਰਕੇ ਮੋਟਰ ਸਾਈਕਲ ਤੇ ਬੈਠ ਗਈ, ਜਿਸਨੂੰ ਉਹ ਨੱਤ ਰੋਡ ਤੇ ਰਜਵਾਹੇ ਦੀ ਪਟੜੀ ਤੇ ਸੁੰਨਸਾਨ ਜਗਾਹ ਤੇ ਲੈ ਗਿਆ। ਜਿੱਥੇ ਕਥਿਤ ਦੋਸੀ ਨੇ ਉਸ ਨਾਲ ਬਲਾਤਕਾਰ ਤੇ ਛੇੜਛਾੜ ਕੀਤੀ ।ਉਸ ਨੂੰ ਜਾਨੋ ਮਾਰ ਦੇਣ ਦੀ ਧਮਕੀ ਦਿੱਤੀ ਤੇ ਆਪ ਤਲਵੰਡੀ ਸਾਬੋ ਛੱਡ ਗਿਆ। ਪੀੜ੍ਹਤ ਬੱਚੀ ਨੇ ਘਰ ਪਹੁੰਚ ਕੇ ਆਪਣੇ ਨਾਲ ਬੀਤੀ ਦੱਸੀ ਤਾਂ ਮਾਪਿਆਂ ਨੇ ਉਸਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਲ ਕਰਵਾਇਆ ਅਤੇ ਇਸ ਸਬੰਧੀ ਥਾਨਾ ਤਲਵੰਡੀ ਸਾਬੋ ਵਿਖੇ ਇਤਲਾਹ ਦਿੱਤੀ। ਥਾਨਾ ਪੁਲਿਸ ਨੇ 25 ਜੁਲਾਈ ਨੂੰ ਅਧੀਨ ਧਾਰਾ 376, 506 ਆਈ ਪੀ ਸੀ ਅਤੇ ਪੈਸਕੋ ਐਕਟ ਅਧੀਨ ਮੁਕੱਦਮਾ ਤਾਂ ਦਰਜ ਕਰ ਲਿਆ, ਪਰ ਦੋਸੀ ਦੇ ਨਾਂ ਪਤੇ ਬਾਰੇ ਬੱਚੀ ਕੁਝ ਨਾ ਦੱਸ ਸਕੀ। ਇਹ
ਘਟਨਾ ਬਠਿੰਡਾ ਪੁਲਿਸ ਲਈ ਸਿਰਦਰਦੀ ਬਣੀ ਹੋਈ ਸੀ। ਐੱਸ ਐੱਸ ਪੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀ ਦੀ ਭਾਲ ਕਰਨ ਲਈ ਕਈ ਟੀਮਾਂ ਗਠਤ ਕੀਤੀਆਂ ਗਈਆਂ। ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਦੋਸੀ ਦੀ ਪਛਾਣ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮੋਦਨ ਲਾਲ ਵਾਸੀ ਨੱਤ ਹਾਲ ਅਬਾਦ ਨੱਤ ਰੋਡ ਤਲਵੰਡੀ ਸਾਬੋ ਵਜੋਂ ਹੋਈ। ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਪੁੱਛ ਗਿੱਛ ਕੀਤੀ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਨੇ ਕਥਿਤ ਦੋਸੀ ਪਾਸੋ ਵਾਰਦਾਤ ਲਈ ਵਰਤਿਆ ਮੋਟਰ ਸਾਈਕਲ ਵੀ ਬਰਾਮਦ ਕਰ ਲਿਆ ਹੈ। ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਗੁਰਸੇਵਕ ਸਿੰਘ ਤੇ ਕਰੀਬ ਇੱਕ ਸਾਲ ਪਹਿਲਾਂ ਮੁਕੱਦਮਾ ਅਧੀਨ ਧਾਰਾ 377 ਆਈ ਪੀ ਸੀ ਥਾਨਾ ਤਲਵੰਡੀ ਸਾਬੋ ਵਿਖੇ ਦਰਜ ਕੀਤਾ ਗਿਆ ਸੀ ਅਤੇ ਇਸ ਕੇਸ ਚੋਂ ਉਹ 10 ਅਕਤੂਬਰ 2018 ਨੂੰ ਬਰੀ ਹੋ ਕੇ ਜੇਲ੍ਹ ਚੋਂ ਬਾਹਰ ਆਇਆ ਸੀ। ਐੱਸ ਐੱਸ ਪੀ ਨੇ ਦੱਸਿਆ ਕਿ ਉਕਤ ਬਲਾਤਕਾਰ ਕੇਸ ਵਿੱਚ ਦੋਸੀ ਨੂੰ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛ ਪੜਤਾਲ ਕੀਤੀ ਜਾ ਸਕੇ।

Real Estate